ਹਾਏ ,ਮੈਂ ਤਾਂ ' ਲਵ ' ਕਰ ਬੈਠੀ ਜੇ ! ਇੰਦਰਜੀਤ ਕਮਲ - Inderjeet Kamal

Latest

Thursday, 14 December 2017

ਹਾਏ ,ਮੈਂ ਤਾਂ ' ਲਵ ' ਕਰ ਬੈਠੀ ਜੇ ! ਇੰਦਰਜੀਤ ਕਮਲ

ਆਪਣੇ ਦੋਸਤ ਦੇ ਘਰ ਜਾਂਦਿਆਂ ਹੀ ਮੈਂ ਵੇਖਿਆ ਕਿ ਦੋਵੇਂ ਜੀਅ ਸੋਫੇ ਉੱਪਰ ਬੈਠੇ ਇੱਕੋ ਮੋਬਾਇਲ ਫੜਕੇ ਕੁਝ ਕਰ ਰਹੇ ਸਨ | ਮੈਨੂੰ ਵੇਖਕੇ ਮੇਰੇ ਦੋਸਤ ਨੇ ਮੋਬਾਇਲ ਛੱਡ ਕੇ ਆਪਣੀ ਪਤਨੀ ਨੂੰ ਕਿਹਾ ," ਤੂੰ ਵੀ ਇਹਨੂੰ ਛੱਡ ਤੇ ਵਧੀਆ ਜਿਹੀ ਚਾਹ ਬਣਾ ਕੇ ਲਿਆ , ਬਾਕੀ ਬਾਅਦ 'ਚ ਸਹੀ |" ਭਾਬੋ ਰਾਣੀ ਮੋਬਾਇਲ ਲੈਕੇ ਹੀ ਰਸੋਈ ਵਿੱਚ ਚਲੀ ਗਈ !#KamalDiKalam
ਅਸੀਂਦੋਵੇਂ ਦੋਸਤ ਆਪਣੀਆਂ ਗੱਲਾਂ ਵਿੱਚ ਮਸਤ ਹੋ ਗਏ | ਅਚਾਨਕ ਦੋਸਤ ਦੀ ਘਰਵਾਲੀ ਹੱਥ ਵਿੱਚ ਮੋਬਾਇਲ ਫੜੀ ਰਸੋਈ ਵਿੱਚੋਂ ਕਾਹਲੇ ਕਾਹਲੇ ਕਦਮੀਂ ਆਉਂਦੀ ਹੋਈ ਕਹਿੰਦੀ ," ਆਹ ਕੀ ਸਿਆਪਾ ਪੈ ਗਿਆ , ਹਾਏ, ਮੈਂ ਤਾਂ ' ਲਵ ' ਕਰ ਬੈਠੀ ਜੇ | ਉਂਝ ਮੈਂ ਜਾਣਕੇ ਨਹੀਂ ਕੀਤਾ , ਮੈਂ ਤਾਂ ਆਹ ਬੰਦੇ ਦੀ ਫੋਟੋ ਵੇਖਦੀ ਪਈ ਸਾਂ , ਪਤਾ ਹੀ ਨਹੀਂ ਲੱਗਾ ਕਿਵੇਂ ਇਹਨੂੰ ' ਲਵ ' ਕਰ ਬੈਠੀ ! "
ਘਰਵਾਲੀ ਦੀ ਗੱਲ ਸੁਣਕੇ ਮੇਰਾ ਦੋਸਤ ਕਹਿੰਦਾ ," ਲਿਆ ਵਿਖਾ , ਕੀ ਨਵਾਂ ਸਿਆਪਾ ਪਾ ਲਿਆ ਈ ਹੁਣ !!" ਤੇ ਉਹਦੇ ਹੱਥੋਂ ਮੋਬਾਇਲ ਫੜਕੇ ਸਕਰੀਨ 'ਤੇ ਉਂਗਲ ਮਾਰਕੇ ਮੋਬਾਇਲ ਵਾਪਸ ਕਰਦਾ ਹੋਇਆ ਬੋਲਿਆ ," ਲੈ , ਖਤਮ ਕਰਤਾ ਤੇਰਾ ' ਲਵ ' , ਹੁਣ ਚਾਹ ਲੈਕੇ ਆ , ਕਿਤੇ ਆਹ ' ਲਵ ਲੁਵ ' ਦੇ ਚੱਕਰ 'ਚ ਚਾਹ ਨਾ ਉੱਬਲਕੇ ਚੁੱਲ੍ਹੇ 'ਚ ਪੈ ਜਾਵੇ !" #KamalDiKalam
ਉਹਨਾਂ ਦੀ ਗੱਲਬਾਤ ਸੁਣਕੇ ਮੈਂ ਹੈਰਾਨ ਹੋਕੇ ਆਪਣੇ ਦੋਸਤ ਨੂੰ ਪੁੱਛਿਆ ," ਇਹ ਕੀ ਚੱਕਰ ਚੱਲ ਰਿਹਾ ਏ ?"
ਕਹਿੰਦਾ ," ਚੱਕਰ ਚੁੱਕਰ ਕੋਈ ਨਹੀਂ , ਇਹਨੂੰ ਫੇਸਬੁੱਕ ਚਲਾਉਣੀ ਸਿਖਾ ਰਿਹਾ ਸਾਂ | ਆਹ ਜਿਹੜੇ ਫੇਸਬੁੱਕ ਵਾਲਿਆਂ ਨੇ like ਦੇ ਬਟਨ ਵਾਲੇ ਸਿੰਬਲ ਜਿਹੇ ਦਿੱਤੇ ਹਨ ਉਹਨਾਂ ਬਾਰੇ ਸਮਝਾਉਂਦਾ ਹੋਇਆ ਦੱਸ ਬੈਠਾ ਸਾਂ ਕਿ ਦੂਜੇ ਨੰਬਰ 'ਤੇ ਆਉਣ ਵਾਲਾ ' ਦਿਲ ' ਦਾ ਨਿਸ਼ਾਨ ' ਲਵ ' ਯਾਨੀ ਪਿਆਰ ਦਾ ਸੰਕੇਤ ਹੈ | ਬੱਸ ਇਹਦੇ ਕੋਲੋਂ ਕਿਸੇ ਫੇਸਬੁੱਕ ਮਿੱਤਰ ਦੀ ਫੋਟੋ ਵੇਖਦਿਆਂ ਉਸ ਸੰਕੇਤ 'ਤੇ ਅੰਗੂਠਾ ਲੱਗ ਗਿਆ ਹੋਊ , ਤੇ ਹੋ ਗਿਆ ,' ਲਵ ' !"

No comments:

Post a Comment