ਸਿਆਲ ਦਾ ਤੋਹਫ਼ਾ \ ਡਾ. ਇੰਦਰਜੀਤ ਕਮਲ - Inderjeet Kamal

Latest

Monday, 18 December 2017

ਸਿਆਲ ਦਾ ਤੋਹਫ਼ਾ \ ਡਾ. ਇੰਦਰਜੀਤ ਕਮਲ

ਸਿਆਲ ਦਾ ਤੋਹਫ਼ਾ \ ਡਾ. ਇੰਦਰਜੀਤ ਕਮਲ
                                        ਅਸੀਂ ਪੰਜਾਬੀ ਖਾਣਪੀਣ ਦੇ ਸ਼ੌਕੀਨ ਮੰਨੇ ਜਾਂਦੇ ਹਾਂ | ਵੰਨ-ਸੁਵੰਨਾਂ ਅਤੇ ਸਿਹਤਮੰਦ ਖਾਣਾ ਸਾਨੂੰ ਵਿਰਾਸਤ ਵਿੱਚ ਮਿਲਿਆ ਹੈ | ਸਰਦੀਆਂ ਵਿੱਚ ਤਰ੍ਹਾਂ ਤਰ੍ਹਾਂ ਦੀ ਪੰਜੀਰੀ ਜਾਂ ਪਿੰਨੀਆਂ ਸਾਡੇ ਘਰਾਂ ‘ਚ ਆਮ ਬਣਦੀਆਂ ਹਨ ਜਿਹਨਾਂ ਨੂੰ ਸਿਆਲ ਦਾ ਤੋਹਫ਼ਾ ਮੰਨਿਆਂ ਜਾਂਦਾ ਹੈ |
                                         ਘਰ ਕੋਈ ਮੱਝ ਗਾਂ ਨਵੀਂ ਸੂਈ ਹੋਵੇ ਤਾਂ ਅਸੀਂ ਬਹੁਲੀ ਦੇ ਲੱਡੂ ਵੀ ਤਿਆਰ ਕਰ ਲੈਂਦੇ ਹਾਂ | ਅਲਸੀ , ਚਾਸਕੂ ਅਤੇ ਹਲਦੀ ਆਦਿ ਦੀਆਂ ਪਿੰਨੀਆਂ ਬਚਪਨ ਤੋਂ ਹੀ ਖਾਂਦੇ ਆ ਰਹੇ ਹਾਂ |
                                         ਜਦੋਂ ਕਿਸੇ ਨੂੰ ਸੱਟਪੇਟ ਲੱਗ ਜਾਵੇ ਤਾਂ ਸਾਡੇ ਘਰਾਂ ਵਿੱਚ ਉਹਨੂੰ ਦੁੱਧ ਵਿੱਚ ਹਲਦੀ ਪਾਕੇ ਦਿੰਦੇ ਹਨ ਅਤੇ ਜ਼ਖਮ ਉੱਤੇ ਵੀ ਤੇਲ ਵਿੱਚ ਹਲਦੀ ਮਿਲਾਕੇ ਲਗਾਉਂਦੇ ਹਨ , ਇਹਦਾ ਮਤਲਬ ਹੈ ਕਿ ਸਾਡੇ ਬਜੁਰਗਾਂ ਨੂੰ ਬਹੁਤ ਪਹਿਲਾਂ ਹੀ ਪਤਾ ਸੀ ਕਿ ਹਲਦੀ ਸਾਡੇ ਜਖਮਾਂ ਨੂੰ ਰਾਜ਼ੀ ਕਰਨ ਲਈ ਇੱਕ ਦਵਾਈ ਦਾ ਕੰਮ ਵੀ ਕਰਦੀ ਹੈ ! ਅੱਜ ਗੱਲ ਕਰਦੇ ਹਾਂ
ਹਲਦੀ ਦੀਆਂ ਪਿੰਨੀਆਂ ਬਣਾਉਣ ਦੀ !
                                           ਕਈ ਲੋਕਾਂ ਨੇ ਤਾਂ ਹਲਦੀ ਘਰ ਵਿੱਚ ਵੀ ਉਗਾਈ ਹੁੰਦੀ ਹੈ, ਨਹੀਂ ਤਾਂ ਸਿਆਲ ਸ਼ੁਰੂ ਹੁੰਦੇ ਹੀ ਕੱਚੀ ਹਲਦੀ ਬਜ਼ਾਰ ਵਿੱਚ ਵਿਕਣ ਵਾਸਤੇ ਆ ਜਾਂਦੀ ਹੈ , ਜੋ ਆਸਾਨੀ ਨਾਲ ਮਿਲ ਜਾਂਦੀ ਹੈ ! ਇਹਨੂੰ ਛਿੱਲਣ ਤੋਂ ਬਾਅਦ ਬਰੀਕ ਬਰੀਕ ਕੱਟਕੇ ਅਰਬੀ ਜਾਂ ਆਲੂਆਂ ਵਾਂਗ ਸਬਜ਼ੀ ਬਣਾਕੇ ਵੀ ਵਰਤਿਆ ਜਾ ਸਕਦਾ ਹੈ , ਪਰ ਅੱਜ ਅਸੀਂ
ਹਲਦੀ ਦੀਆਂ ਪਿੰਨੀਆਂ ਬਣਾਉਣ ਦੇ ਤਰੀਕੇ ਦੀ ਗੱਲ ਕਰਦੇ ਹਾਂ |   
                                             ਅਗਰ ਤੁਹਾਡੇ ਕੋਲ ਚੰਗਾ ਦੁੱਧ ਹੈ ਤਾਂ ਢਾਈ ਲੀਟਰ ਦੁੱਧ ਵਿੱਚ ਅੱਧਾ ਕਿੱਲੋ ਹਲਦੀ ਛਿੱਲਕੇ ਕੱਦੂਕਸ ਕੀਤੀ ਨੂੰ ਪਾਕੇ ਮੱਠੀ ਅੱਗ ਉੱਪਰ ਖੋਆ ਤਿਆਰ ਕਰ ਲਓ | ਇਸ ਤੋਂ ਬਾਅਦ ਆਪਣੀ  ਇੱਛਾ ਮੁਤਾਬਕ ਅੱਧਾ ਕਿੱਲੋ ਵੇਸਣ , ਆਟਾ ਜਾਂ ਰਵਾ ( ਸੂਜੀ ) ਲੈਕੇ ਥੋੜਾ ਘਿਓ ਪਾਕੇ ਭੁੰਨੋ | ਜਦੋਂ ਇਹ ਖੁਸ਼ਬੂ ਦੇਣ ਲੱਗ ਪਵੇ ਯਾਨੀਕਿ ਭੁੰਨਿਆਂ ਜਾਵੇ ਤਾਂ ਇਹਦੇ ਵਿੱਚ ਚਾਰ ਸੌ ਗ੍ਰਾਮ ਬੂਰਾ ਖੰਡ ਪਾਕੇ ਚੁੱਲ੍ਹੇ ਤੋਂ ਉਤਾਰਕੇ ਹਲਦੀ ਵਾਲੇ ਖੋਏ ਵਿੱਚ ਰਲਾਓ | ਇਸ ਦੌਰਾਨ ਆਪਣੀ ਜੇਬ੍ਹ ਮੁਤਾਬਕ , ਬਦਾਮ ਦੀਆਂ ਗਿਰੀਆਂ , ਕਾਜੂ , ਸੌਗੀ , ਛੁਹਾਰੇ , ਨਾਰੀਅਲ ਦੀ ਗਿਰੀ ਆਦਿ ਵੀ ਕੱਦੂਕਸ ਕਰਕੇ ਨਾਲ ਹੀ ਮਿਲਾ ਦਿਓ | ਹੁਣ ਥੋੜਾ ਠੰਡਾ ਹੋਣ ਤੋਂ ਬਾਅਦ ਪਿੰਨੀਆਂ ਵੱਟੀਆਂ ਜਾ ਸਕਦੀਆਂ ਹਨ | ਇਸੇ ਸਮਗਰੀ ਨੂੰ ਬਰਫੀ ਜਾਂ ਪੰਜੀਰੀ ਦੀ ਸ਼ਕਲ ਵਿੱਚ ਵੀ ਵਰਤ ਸਕਦੇ ਹੋ |
                                               ਅਗਰ ਘਰ ‘ਚ ਚੰਗੇ ਦੁੱਧ ਦਾ ਇੰਤਜ਼ਾਮ ਨਾ ਹੋਵੇ ਤਾਂ ਕੱਦੂਕਸ ਕੀਤੀ ਹਲਦੀ ਨੂੰ ਵੀ ਅਲਗ ਘਿਓ ਵਿੱਚ ਭੁੰਨੋ ਅਤੇ ਸਾਰਾ ਸਮਾਨ ਰਲਾਉਣ ਵੇਲੇ ਬਜਾਰੋਂ ਲਿਆਂਦਾ ਅੱਧਾ ਕਿੱਲੋ ਖੋਆ ਇਸ ਵਿੱਚ ਮਿਲਾ ਲਓ ! ਹੁਣ ਤੁਹਾਡਾ ਸਰਦੀਆਂ ਦਾ ਤੋਹਫ਼ਾ ਤਿਆਰ ਹੈ |
                                                         ਮੋਬਾਇਲ ਨੰਬਰ
 9416362150



No comments:

Post a Comment