ਹੋਮਿਓਪੈਥਿਕ ਇਲਾਜ \ ਇੰਦਰਜੀਤ ਕਮਲ - Inderjeet Kamal

Latest

Tuesday, 30 May 2017

ਹੋਮਿਓਪੈਥਿਕ ਇਲਾਜ \ ਇੰਦਰਜੀਤ ਕਮਲ


ਕੁਝ ਚਿਰ ਤੋਂ ਉਹ ਨੌਜਵਾਨ ਮੈਨੂੰ ਅਕਸਰ ਹੀ ਕਹਿੰਦਾ ਹੁੰਦਾ ਸੀ," ਅੰਕਲ ਜੀ, ਮੈਨੂੰ ਕਿਤੇ ਨੌਕਰੀ ਹੀ ਲਗਵਾ ਦਿਓ, ਜਾਂ ਕੋਈ ਕੰਮ ਹੀ ਦੱਸ ਦਿਓ | ਪ੍ਰਾਪਰਟੀ ਦਾ ਧੰਦਾ ਬਿਲਕੁਲ ਬੰਦ ਹੀ ਹੋ ਗਿਆ ਏ, ਹੁਣ ਤਾਂ ਦਫਤਰ 'ਚ ਬੈਠਣ ਨੂੰ ਵੀ ਮਨ ਨਹੀਂ ਕਰਦਾ| ਵਿਹਲਾ ਹੋਣ ਕਰਕੇ ਕੋਈ ਰਿਸ਼ਤਾ ਵੀ ਨਹੀਂ ਕਰਦਾ !" #KamalDiKalam

ਇੱਕ ਦਿਨ ਉਹਦਾ ਫੋਨ ਆਇਆ , ਕਹਿੰਦਾ ," ਅੰਕਲ ਜੀ , ਕੱਲ੍ਹ ਸਵੇਰੇ 9 ਵਜੇ ਦਫਤਰ ਆਇਓ , ਮਹੂਰਤ ਕਰਨਾ ਏ !"

ਮੈਂ ਪੁੱਛਿਆ ," ਕਾਹਦਾ ਮਹੂਰਤ ?"

ਕਹਿੰਦਾ ," ਮੈਂ ਆਪਣੀ ਬਿਮਾਰੀ ਦਾ ਹੋਮਿਓਪੈਥਿਕ ਇਲਾਜ ਕਰ ਰਿਹਾ ਹਾਂ |" ਮੇਰੇ ਕੁਝ ਪੱਲੇ ਨਾ ਪਿਆ | ਮੈਂ ਸੋਚਿਆ ਸਲਾਹਾਂ ਮੇਰੇ ਕੋਲੋਂ ਲੈ ਰਿਹਾ ਸੀ, ਤੇ ਹੋਮਿਓਪੈਥਿਕ ਇਲਾਜ ਕਿਤੋਂ ਹੋਰ ਕਰਵਾ ਰਿਹਾ ਏ | ਫਿਰ ਸੋਚਿਆ ਉਹਨੇ ਕਦੇ ਕਿਸੇ ਬਿਮਾਰੀ ਦਾ ਜ਼ਿਕਰ ਤਾਂ ਕੀਤਾ ਨਹੀਂ ਸੀ | ਜਦੋਂ ਮੈਂ ਵੇਰਵਾ ਜਾਨਣਾ ਚਾਹਿਆ ਤਾਂ ਕਹਿੰਦਾ," ਤੁਹਾਡੇ ਕੋਲੋਂ ਸਿੱਖ ਕੇ ,ਆਪਣਾ ਇਲਾਜ ਆਪੇ ਕਰ ਰਿਹਾ ਹਾਂ | " ਮੈਂ ਫਿਰ ਸੋਚਾਂ ਵਿੱਚ ਪੈ ਗਿਆ ਕਿ ਇਹਨੇ ਮੇਰੇ ਕੋਲੋਂ ਕਦੋਂ ਸਿੱਖ ਲਈ ਹੋਮਿਓਪੈਥੀ !

ਖੈਰ ! ਦੂਜੇ ਦਿਨ ਮੈਂ ਵਕਤ ਸਿਰ ਉਹਦੇ ਦਫਤਰ ਪਹੁੰਚ ਗਿਆ | ਪ੍ਰਾਪਰਟੀ ਡੀਲਰ ਦੇ ਬੋਰਡ ਦੀ ਥਾਂ 'ਨੌਕਰੀਆਂ ਹੀ ਨੌਕਰੀਆਂ' ਤੇ 'ਰਿਸ਼ਤੇ ਹੀ ਰਿਸ਼ਤੇ' ਦਾ ਬੋਰਡ ਲੱਗਾ ਵੇਖਿਆ |

ਬੜੇ ਤਪਾਕ ਨਾਲ ਮਿਲਦਾ ਹੋਇਆ ਕਹਿਣ ਲੱਗਾ," ਅੰਕਲ ਜੀ ਤੁਸੀਂ ਕਹਿੰਦੇ ਸੀ ਨਾ ਕਿ ਹੋਮਿਓਪੈਥੀ 'ਚ ਉਸੇ ਚੀਜ਼ ਨਾਲ ਇਲਾਜ ਹੁੰਦਾ ਹੈ ,ਜਿਸ ਨਾਲ ਬਿਮਾਰੀ ਲੱਗੀ ਹੋਵੇ | ਅੰਦਰ ਆਕੇ ਵੇਖੋ , ਉਵੇਂ ਹੀ ਇਲਾਜ ਕਰ ਰਿਹਾ ਹਾਂ |"

ਅੰਦਰ ਜਾਕੇ ਵੇਖਿਆ ਤਾਂ ਇੱਕ ਲੜਕੀ ਬੇਰੁਜ਼ਗਾਰ ਲੋਕਾਂ ਤੋਂ ਪੰਜ ਪੰਜ ਸੌ ਰੂਪਏ ਲੈਕੇ ਨੌਕਰੀ ਲਗਵਾਉਣ ਲਈ ਨਾਂ ਲਿਖ ਰਹੀ ਸੀ ਤੇ ਇੱਕ ਰਿਸ਼ਤੇ ਕਰਵਾਉਣ ਲਈ |

x

No comments:

Post a Comment