ਥੋੜੇ ਦਿਨ ਪਹਿਲਾਂ ਸਵੇਰੇ ਇੱਕ ਫੋਨ ਆਇਆ ਕਿ ਉਹਨਾਂ ਦੇ ਨੌਜਵਾਨ ਲੜਕੇ ਦੀ ਆਵਾਜ਼ ਬੰਦ ਹੋ ਗਈ ਹੈ , ਬਹੁਤ ਔਖਿਆਈ ਨਾਲ ਬੋਲਦਾ ਹੈ | ਉਹਨਾਂ ਇਹ ਵੀ ਦੱਸਿਆ ਕਿ ਲੜਕਾ ਕੁਝ ਦਿਨ ਤੋਂ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ | ਡਾਕਟਰਾਂ ਨੇ ਹਰ ਤਰ੍ਹਾਂ ਦੇ ਟੈਸਟ ਕਰਣ ਤੋਂ ਬਾਦ ਕਿਹਾ ਕਿ ਉਹਨੂੰ ਕੋਈ ਬਿਮਾਰੀ ਨਹੀਂ ਹੈ | ਮੈਂ ;ਲੜਕੇ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਲੜਕੇ ਨੇ ਬਹੁਤ ਔਖਾ ਜਿਹਾ ਬੋਲਕੇ ਦੱਸਿਆ ਕਿ ਉਹਦੀ ਆਵਾਜ਼ ਬੰਦ ਹੋ ਗਈ ਹੈ | #KamalDiKalam
ਲੜਕੇ ਨਾਲ ਗੱਲ ਕਰਨ ਤੋਂ ਬਾਦ ਮੈਂ ਫੋਨ ਕਰਨ ਵਾਲੇ ਨੂੰ ਕਿਹਾ ਕਿ ਇਸ ਲੜਕੇ ਨੂੰ ਲੈਕੇ ਆਓ | ਉਸ ਤੋਂ ਬਾਦ ਕੋਈ ਫੋਨ ਨਾ ਆਇਆ , ਪਰ ਸ਼ਾਮ ਨੂੰ ਲੜਕੇ ਦਾ ਪਿਤਾ ਮੇਰੇ ਕਲੀਨਿਕ ਤੇ ਪਹੁੰਚਿਆ ਤੇ ਕਹਿਣ ਲੱਗਾ ਕਿ ਦੋ ਦਿਨ ਤੋਂ ਲੜਕੇ ਨੇ ਕੁਝ ਖਾਧਾ ਵੀ ਨਹੀਂ ਹੈ ,ਕੋਈ ਭੁੱਖ ਲੱਗਣ ਦੀ ਦਵਾਈ ਦੇ ਦਿਓ | ਮੈਂ ਸਾਫ਼ ਜਵਾਬ ਦਿੰਦੇ ਹੋਏ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੁੰਡੇ ਨੂੰ ਮਾਨਸਿਕ ਦਿੱਕਤ ਹੈ ਅਗਰ ਉਹਨੂੰ ਠੀਕ ਕਰਣਾ ਚਾਹੁੰਦੇ ਹੋ ਤਾਂ ਲੈਕੇ ਆਓ , ਪਰ ਲੜਕੇ ਦੇ ਬਾਪ ਨੇ ਕਿਹਾ ਕਿ ਉਹ ਆਏਗਾ ਨਹੀਂ |#KamalDiKalam
ਮੈਂ ਕਿਹਾ ਕਿ ਜਦੋਂ ਹਸਪਤਾਲ ਵਾਲਿਆਂ ਨੇ ਕਹਿ ਕੇ ਘਰ ਭੇਜ ਦਿੱਤਾ ਹੈ ਕਿ ਉਹਨੂੰ ਕੋਈ ਬਿਮਾਰੀ ਨਹੀਂ ਹੈ ਤਾਂ ਫਿਰ ਤੁਸੀਂ ਬਾਬਿਆਂ ਮਗਰ ਲੱਗ ਕੇ ਇਹ ਕੇਸ ਖਰਾਬ ਕਰ ਲਓਗੇ | ਮੇਰੀ ਇਸ ਗੱਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੂੰ ਬਾਬੇ ਤਾਂਤ੍ਰਿਕਾਂ ਵਿੱਚ ਕੋਈ ਵਿਸ਼ਵਾਸ ਨਹੀਂ ਹੈ , ਉਹ ਡਾਕਟਰੀ ਇਲਾਜ ਹੀ ਕਰਵਾਉਣਗੇ | ਮੈਂ ਫਿਰ ਉਹਨਾਂ ਨੂੰ ਜੋਰ ਦੇਕੇ ਕਿਹਾ ਕਿ ਇੱਕ ਵਾਰ ਮੁੰਡੇ ਨੂੰ ਜਰੂਰ ਭੇਜੋ ਨਹੀਂ ਤਾਂ ਡਾਕਟਰਾਂ ਨੇ ਨਸ਼ੇ ਦੀਆਂ ਗੋਲੀਆਂ ਦੇਦੇ ਕੇ , ਸਾਰੀ ਉਮਰ ਲਈ ਦਵਾਈਆਂ 'ਤੇ ਲਗਾ ਦੇਣਾ ਹੈ | ਉਹ ਬਿਨ੍ਹਾਂ ਕੋਈ ਫੈਸਲਾ ਕੀਤੇ ਚਲੇ ਗਏ |#KamalDiKalam
ਮੈਂ ਕਲਿਨਿਕ ਬੰਦ ਕਰਣ ਦੀ ਤਿਆਰੀ ਕਰ ਰਿਹਾ ਸਾਂ ਕਿ ਇੱਕ ਲਾਲ ਰੰਗ ਦੀ ਵੱਡੀ ਕਾਰ ਆਕੇ ਰੁਕੀ | ਕਾਰ ਚੋਂ ਸ਼ਾਮ ਨੂੰ ਮੇਰੇ ਕੋਲ ਆਏ ਵਿਅਕਤੀ ਦੇ ਨਾਲ ਦੋ ਸੋਹਣੇ ਸੁਨੱਖੇ ਸਿੱਖ ਨੌਜਵਾਨ ਉਤਰੇ ਅਤੇ ਅੰਦਰ ਆ ਗਏ | ਅੱਧ ਖੁੱਲ੍ਹੀਆਂ , ਅੱਖਾਂ , ਉੱਤਰਿਆ ਤੇ ਮਾਯੂਸ ਚਿਹਰਾ ਵੇਖਦਿਆਂ ਹੀ ਮੈਂ ਮਰੀਜ਼ ਨੂੰ ਪਹਿਚਾਣ ਲਿਆ ਅਤੇ ਆਪਣੇ ਕੋਲ ਪਈ ਕੁਰਸੀ 'ਤੇ ਬੈਠਣ ਲਈ ਕਿਹਾ | ਉਸੇ ਵੇਲੇ ਹੀ ਉਹਦੇ ਨਾਲ ਆਏ ਬੰਦਿਆਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ |
ਮੇਰੇ ਨੇੜੇ ਪਈ ਕੁਰਸੀ ਉੱਪਰ ਉਹ ਨੌਜਵਾਨ ਅੱਖਾਂ ਬੰਦ ਕਰਕੇ ਸਿਰ ਸੁੱਟੀ ਬੈਠਾ ਸੀ | ਮੈਂ ਉਹਨੂੰ ਅੱਖਾਂ ਖੋਲ੍ਹਣ ਲਈ ਕਿਹਾ , ਪਰ ਜੋਰ ਲਗਾਉਣ ਤੇ ਵੀ ਨਾ ਖੋਲ੍ਹ ਸਕਿਆ | ਮੈਂ ਪੁੱਛਿਆ ," ਬੋਲਣ ਵੇਲੇ ਤੇਰੇ ਗਲੇ 'ਤੇ ਜੋਰ ਲਗਦਾ ਹੈ ਜਾਂ ਜ਼ੁਬਾਨ 'ਤੇ ?" ਤਾਂ ਉਹਨੇ ਆਪਣੀ ਪੁੜਪੁੜੀ 'ਤੇ ਉਂਗਲ ਰੱਖ ਕੇ ਕਿਹਾ ," ਦਿਮਾਗ 'ਤੇ |" ਜੋ ਮੇਰੇ ਵਾਸਤੇ ਉਹਦਾ ਇਲਾਜ ਕਰਣ ਲਈ ਇੱਕ 'ਹਾਂ ਵਾਚਕ' ਇਸ਼ਾਰਾ ਸੀ |
ਉਹਦੇ ਪਿਤਾ ਤੋਂ ਲਈ ਜਾਣਕਾਰੀ ਤੋਂ ਮੈਨੂੰ ਪਤਾ ਸੀ ਕਿ ਉਹ ਇੱਕ ਚੰਗਾ ਧਾਰਮਿਕ ਪਰਿਵਾਰ ਹੈ | ਮੈਂ ਉਸ ਨੌਜਵਾਨ ਨੂੰ ਇੱਕ ਸਵਾਲ ਕੀਤਾ ," ਗੁਰੂ ਗੋਬਿੰਦ ਸਿੰਘ ਵੱਲੋਂ ਅੰਮ੍ਰਿਤ ਛਕਾਕੇ ਸਿੰਘ ਸਜਾਉਣ ਪਿੱਛੇ ਕੀ ਕਾਰਣ ਸੀ ? "
ਬੜਾ ਜੋਰ ਦੇਕੇ ਉਹਨੇ ਇੰਨਾਂ ਹੀ ਕਿਹਾ ," ਖਾ ਖਾ ਖਾਲਸਾ ਪੰਥ ...|"
ਮੈਂ ਕਿਹਾ ," ਉਹਦੇ ਪਿੱਛੇ ਸਭ ਤੋਂ ਵੱਡਾ ਮਕਸਦ ਸੀ ਸੋਚ ਬਦਲਣਾ | ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿਪਾਹੀਆਂ ਨੂੰ ਅਹਿਸਾਸ ਕਰਵਾਇਆ ਸੀ ਕਿ ਹੁਣ ਤੁਸੀਂ ਸਿੰਘ ( ਸ਼ੇਰ ) ਬਣ ਗਏ ਹੋ ਤੇ ਬਹੁਤ ਤਾਕਤਵਰ ਹੋ | ਇਹਦਾ ਮਤਲਬ ਇੱਕ ਹੀ ਹੈ ਕਿ ਅਸੀਂ ਆਪਣੀ ਸੋਚ ਕਰਕੇ ਹੀ ਕਮਜ਼ੋਰ ਤੇ ਸੋਚ ਕਰਕੇ ਹੀ ਤਾਕਤਵਰ ਹੁੰਦੇ ਹਾਂ , ਤੂੰ ਵੀ ਆਪਣੇ ਦਿਮਾਗ ਵਿੱਚ ਕਿਸੇ ਕਮਜ਼ੋਰ ਸੋਚ ਨੂੰ ਵਸਾ ਲਿਆ ਹੈ |"
ਦਸ ਕੁ ਮਿੰਟ ਕੁਝ ਹੋਰ ਗੱਲਾਂ ਕਰਣ ਦੇ ਦੌਰਾਨ ਉਹਨੇ ਹੌਲੀ ਹੌਲੀ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਖੋਲ੍ਹ ਲਈਆਂ | ਹੁਣ ਉਹਦੀ ਆਵਾਜ਼ ਵੀ ਕਾਫੀ ਸਹਿਜ ਹੋ ਗਈ ਸੀ | ਉਹਨੇ ਦੱਸਿਆ ਉਹ ਇੱਕ ਉੱਚ ਸਿੱਖਿਆ ਪ੍ਰਾਪਤ ਪ੍ਰਾਧਿਆਪਕ ਹੈ ਤੇ ਇੱਕ ਬਹੁਤ ਵੱਡੀ ਸਿੱਖਿਆ ਸੰਸਥਾ ਵਿੱਚ ਨੌਕਰੀ ਕਰਨ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਕਰ ਰਿਹਾ ਹੈ | ਇਸ ਸਾਰੇ ਦੇ ਦੌਰਾਨ ਉਹਦਾ ਵਿਆਹ ਹੋ ਗਿਆ ਅਤੇ ਉਹ ਇੱਕ ਬੱਚੇ ਦਾ ਬਾਪ ਵੀ ਬਣ ਗਿਆ | ਘਰ ਵਿੱਚ ਪੂਰੀ ਖੁਸ਼ਿਹਾਲੀ ਹੈ , ਪਰ ਪੜ੍ਹਾਉਣ ਤੇ ਪੜ੍ਹਣ ਦੇ ਬੋਝ ਕਾਰਣ ਉਹਨੂੰ ਲੱਗਾ ਕਿ ਉਹ ਆਪਣੀ ਪਤਨੀ ਤੇ ਬੱਚੇ ਨੂੰ ਪੂਰਾ ਵਕਤ ਨਹੀਂ ਦੇ ਪਾ ਰਿਹਾ | ਬੱਸ ਇੱਥੋਂ ਹੀ ਸ਼ੁਰੂ ਹੋ ਗਿਆ ਉਦਾਸੀ ਰੋਗ |
ਉਹਨੂੰ ਥੋੜਾ ਹੋਰ ਸਮਝਾਉਣ ਤੋਂ ਬਾਦ ਮੈਂ ਉਹਦੇ ਨਾਲ ਆਏ ਪਿਓ 'ਤੇ ਭਰਾ ਨੂੰ ਅੰਦਰ ਬੁਲਾਇਆ ਤਾਂ ਉਹ ਉਹਦਾ ਬਦਲਿਆ ਰੂਪ ਵੇਖਕੇ ਹੈਰਾਨ ਰਹਿ ਗਏ | ਅਗਲੇ ਦਿਨ ਮੈਂ ਦੋਹਾਂ ਮੀਆਂ ਬੀਵੀ ਨੂੰ ਬੁਲਾਕੇ ਕੁਝ ਆਦੇਸ਼ ਦਿੱਤੇ ਤੇ ਭੇਜ ਦਿੱਤਾ | ਹੁਣ ਉਹ ਬਹੁਤ ਹੀ ਖੁਸ਼ ਹਨ
No comments:
Post a Comment