ਚਮਤਕਾਰੀ ਖੁਰਾਕ \ ਇੰਦਰਜੀਤ ਕਮਲ - Inderjeet Kamal

Latest

Monday, 25 July 2016

ਚਮਤਕਾਰੀ ਖੁਰਾਕ \ ਇੰਦਰਜੀਤ ਕਮਲ


ਮੇਰੀ ਆਦਤ ਹੈ ਕਿ ਜਦੋਂ ਵੀ ਕੋਈ ਨਵਾਂ ਮਰੀਜ਼ ਦਵਾਈ ਲੈਣ ਆਵੇ , ਮੈਂ ਇਹ ਸਮਝਾਉਣ ਵਾਸਤੇ ਕਿ ਇਹਨਾਂ ਗੋਲੀਆਂ ਨੂੰ ਹੱਥ ਨਹੀਂ ਲਗਾਉਣਾ ਹੁੰਦਾ , ਪਹਿਲੀ ਖੁਰਾਕ ਆਪਣੇ ਹੱਥ ਨਾਲ ਹੀ ਉਹਦੇ ਮੂੰਹ ਵਿੱਚ ਪਾ ਦਿੰਦਾ ਹਾਂ | ਨਾਲ ਹੀ ਉਹਨੂੰ ਦੱਸ ਦਿੰਦਾ ਹਾਂ ਕਿ ਦਵਾਈ ਸਿੱਧੀ ਮੂੰਹ ਵਿੱਚ ਝਾੜਨੀ ਹੈ , ਗੋਲੀਆਂ ਨੂੰ ਹੱਥ ਨਹੀਂ ਲਗਾਉਣਾ | ‪#‎KamalDiKalam‬
ਪਿਛਲੇ ਮਹੀਨੇ ਇੱਕ ਆਦਮੀ ਦਵਾਈ ਲੈਣ ਆਇਆ , ਉਹਨੇ ਦੱਸਿਆ ਕਿ ਉਹਨੇ ਕਈ ਥਾਵਾਂ ਤੋਂ ਹੋਮਿਓਪੈਥੀ ਦਵਾਈ ਖਾਧੀ ਹੈ , ਪਰ ਆਰਾਮ ਨਹੀਂ ਆਇਆ | ਮੈਂ ਸੋਚਿਆ ਜਿਹਨੇ ਕਈ ਥਾਵਾਂ ਤੋਂ ਹੋਮਿਓਪੈਥੀਕ ਇਲਾਜ ਕਰਵਾਇਆ ਹੈ , ਉਹਨੂੰ ਕੀ ਸਮਝਾਉਣ ਦੀ ਲੋੜ ਹੈ ਕਿ ਇਹਨਾਂ ਗੋਲੀਆਂ ਨੂੰ ਹੱਥ ਨਹੀਂ ਲਗਾਉਣਾ | ਮੈਂ ਉਹਦਾ ਸਾਰਾ ਹਿਸਾਬ ਕਿਤਾਬ ਲਗਾ ਕੇ ਦਵਾਈ ਦੀ ਚੋਣ ਕੀਤੀ ਤੇ ਦਵਾਈ ਤਿਆਰ ਕਰਕੇ ਉਹਨੂੰ ਫੜਾਕੇ ਸਮਝਾ ਦਿੱਤਾ ਕਿ ਦਵਾਈ ਕਿਹੜੇ ਕਿਹੜੇ ਵਕਤ ਲੈਣੀ ਹੈ | ਉਹ ਪੈਸੇ ਦੇਕੇ ਇੱਕ ਪਾਸੇ ਬੈਠ ਗਿਆ | ਮੈਂ ਵਿਹਲਾ ਹੋਕੇ ਜਦੋਂ ਉਹਨੂੰ ਬੈਠੇ ਰਹਿਣ ਦਾ ਕਾਰਣ ਪੁੱਛਿਆ ਤਾਂ ਉਹ ਕਹਿੰਦਾ ," ਡਾਕਟਰ ਸਾਹਬ , ਜਿਹਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ , ਉਹਨੇ ਦੱਸਿਆ ਸੀ ਕਿ ਜਿਹੜੀ ਇੱਕ ਖੁਰਾਕ ਡਾਕਟਰ ਸਾਹਬ ਆਪਣੇ ਹੱਥ ਨਾਲ ਮਰੀਜ਼ ਦੇ ਮੂੰਹ ਵਿੱਚ ਪਾਉਂਦੇ ਨੇ , ਉਹ ਬੜਾ ਚਮਤਕਾਰ ਕਰਦੀ ਏ | ਤੁਸੀਂ ਚਮਤਕਾਰੀ ਖੁਰਾਕ ਤਾਂ ਮੈਨੂੰ ਦਿੱਤੀ ਨਹੀਂ ਮੈ ਠੀਕ ਕਿੱਥੋਂ ਹੋਣਾ ਏਂ !"
ਘਰ ਜਾਣ ਦਾ ਵਕਤ ਹੋ ਜਾਣ ਕਰਕੇ ਮੈਂ ਉਹਦੇ ਨਾਲ ਸਿੰਗ ਫਸਾਉਣ ਦੀ ਥਾਂ ਉਹਦੇ ਮੂੰਹ ਚ ਇੱਕ ਖੁਰਾਕ ਝਾੜ ਦਿੱਤੀ | ਅਗਲੇ ਹਫਤੇ ਉਹ ਪੂਰਾ ਖੁਸ਼ ਸੀ | ਫਿਰ ਮੈਂ ਉਹਨੂੰ ਉਸ ਚਮਤਕਾਰੀ ਖੁਰਾਕ ਦਾ ਕਾਰਣ ਵੀ ਦੱਸ ਦਿੱਤਾ |

No comments:

Post a Comment