ਜਮੂਰਾ \ ਇੰਦਰਜੀਤ ਕਮਲ - Inderjeet Kamal

Latest

Saturday, 23 July 2016

ਜਮੂਰਾ \ ਇੰਦਰਜੀਤ ਕਮਲ


                                 ਅੱਜ ਦੁਪਹਿਰੇ ਖਾਣਾ ਖਾਣ ਤੋਂ ਬਾਦ ਸ਼ਾਮ ਦੇ ਕਾਰੋਬਾਰ ਲਈ ਤਰੋਤਾਜ਼ਾ ਹੋਣ ਵਾਸਤੇ ਆਪਣੇ ਕਮਰੇ ਵਿੱਚ ਜਾਕੇ ਲੰਮਾਂ ਹੀ ਪਿਆ ਸਾਂ ਕਿ ਬਾਹਰੋਂ ਇੱਕ ਬਹੁਤ ਹੀ ਮਿੱਠੀ ਆਵਾਜ਼ ਵਿੱਚ ਵੱਜਦੀ ਬੰਸਰੀ ਨੇ ਮਨ ਨੂੰ ਧੂਹ ਪਾਈ , ਪਰ ਥਕਾਵਟ ਤੇ ਕਿਸੇ ਫੇਰੀ ਵਾਲੇ ਬਾਰੇ ਸੋਚ ਕੇ ਘੇਸਲ ਜਿਹੀ ਮਾਰ ਰਿਹਾ ਸਾਂ ਕਿ ਮੇਰੇ ਬੱਚੇ ਆ ਕੇ ਕਹਿੰਦੇ ," ਪਾਪਾ ਬਾਹਰ ਮਦਾਰੀ ਆਇਆ ਹੈ |"
ਮੈਂ ਕਿਹਾ," ਜਾਓ ਵੇਖ ਲਓ !" 
ਬੇਟੀ ਕਹਿੰਦੀ ," ਨਹੀਂ , ਤੁਸੀਂ ਵੀ ਆਓ , ਬਹੁਤ ਛੋਟੇ ਛੋਟੇ ਬੱਚੇ ਨੇ |"
ਮੈਂ ਵੀ ਉੱਠ ਕੇ ਬੈਠਕ ਦੇ ਦਰਵਾਜ਼ੇ ਕੋਲ ਖੜ੍ਹਾ ਹੋ ਗਿਆ | ਸਾਡਾ ਮਕਾਨ ਗਲੀ ਦੀ ਨੁੱਕਰ 'ਤੇ ਹੋਣ ਕਰਕੇ ਉਹਦੇ ਸਾਹਮਣੇ ਤਮਾਸ਼ਾ ਵਿਖਾਉਣ ਨਾਲ ਮਦਾਰੀ ਨੂੰ ਤਿੰਨ ਪਾਸਿਆਂ ਦੇ ਦਰਸ਼ਕ ਮਿਲਣ ਦੇ ਆਸਾਰ ਜਿਆਦਾ ਸਨ , ਜਿਸ ਕਰਕੇ ਉਹਨਾਂ ਬੱਚਿਆਂ ਦੇ ਮਾਂ -ਬਾਪ ਦੇ ਤਜਰਬੇ ਨੇ ਉਹਨਾਂ ਨੂੰ ਤਮਾਸ਼ੇ ਵਾਸਤੇ ਇਹੋ ਜਿਹਾ ਥਾਂ ਚੁਣਨ ਲਈ ਪ੍ਰੇਰਿਆ ਹੋਏਗਾ |#KamalDiKalam
ਬਿਲਕੁਲ ਅਨਪੜ੍ਹ ਬੱਚਿਆਂ ਦੇ ਤਜਰਬੇ ਨੇ ਤਮਾਸ਼ਾ ਵਿਖਾਉਣ ਵੇਲੇ ਵੇਖ ਰਹੇ ਪੜ੍ਹਲਿਖ ਰਹੇ ਬੱਚਿਆਂ ਨੂੰ ਗੱਲਾਂਬਾਤਾਂ ਵਿੱਚ ਉਲਝਾ ਕੇ ਲੋਕਾਂ ਨੂੰ ਹਸਾਇਆ ਤੇ ਰੰਗ ਬੰਨ੍ਹਿਆਂ | ਤਮਾਸ਼ਾ ਵਿਖਾਉਣ ਵਾਲੇ ਮੁੰਡੇ ਨੇ ਆਪਣੀ ਬਹੁਤ ਹੀ ਛੋਟੀ ਤੇ ਮਾਸੂਮ ਜਿਹੀ ਭੈਣ ਨੂੰ ਟੋਕਰੇ ਚ ਵਾੜਕੇ ਉਹਦਾ ਸੱਪ ਬਣਾਕੇ ਵਿਖਾਉਣ ਤੋਂ ਬਾਦ ਸੱਪ ਹੱਥ ਵਿੱਚ ਲੈਕੇ ਲੋਕਾਂ ਕੋਲੋਂ ਰੱਬ ਦੇ ਨਾਂ 'ਤੇ ਦਸ ਵੀਹ ਰੁਪਏ ਮੰਗਣੇ ਸ਼ੁਰੂ ਕਰ ਦਿੱਤੇ | ਤਰਲੇ , ਕਸਮਾਂ ਤੇ ਡਰਾਵਿਆਂ ਤੋਂ ਬਾਦ ਲੋਕਾਂ ਨੇ ਹੌਲੀ ਹੌਲੀ ਉਹਦੇ ਵਿਛਾਏ ਕੱਪੜੇ 'ਤੇ ਪੈਸੇ ਰੱਖਣੇ ਸ਼ੁਰੂ ਕਰ ਦਿੱਤੇ | ਉਸ ਲੜਕੇ ਨੇ ਮੈਨੂੰ ਵੀ ਕੁਝ ਦੇਣ ਲਈ ਕਿਹਾ , ਤਾਂ ਮੈਂ ਉਹਨੂੰ ਕਿਹਾ ਕਿ ਉਹ ਆਪਣਾ ਕੰਮ ਖਤਮ ਕਰੇ ਉਹਨੂੰ ਨਿਰਾਸ਼ ਨਹੀਂ ਕਰਾਂਗਾ , ਪਰ ਉਹਦੇ ਮਨ ਵਿੱਚ ਗੱਲ ਘਰ ਕਰ ਗਈ ਸੀ ਕਿ ਮੈਂ ਉਹਨੂੰ ਕੁਝ ਨਹੀਂ ਦੇਵਾਂਗਾ | ਉਹਨੇ ਮਦਾਰੀਆਂ ਵਾਲੀ ਭਾਸ਼ਾ ਵਿੱਚ ਮੈਨੂੰ ਵਿਅੰਗ ਜਿਹਾ ਵੀ ਕੀਤਾ ਕਿ ਇਹ ਬਾਬੂ ਜੀ ਇਕਵੰਜਾ ਰੁਪਏ ਦੇਣਗੇ , ਪਰ ਮੈਂ ਉਹਦੀ ਗੱਲ ਦਾ ਕੋਈ ਅਸਰ ਨਾ ਕਬੂਲਿਆ |
ਜਦੋਂ ਉਹ ਆਪਣਾ ਸਮਾਨ ਸਮੇਟਕੇ ਜਾਣ ਲੱਗੇ ਤਾਂ ਮੈਂ ਉਹਨਾਂ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ | ਲੜਕਾ ਕੁਝ ਡਰਦਾ ਡਰਦਾ ਮੇਰੇ ਕੋਲ ਤਾਂ ਆ ਗਿਆ ਪਰ ਅੰਦਰ ਆਉਣ ਦਾ ਹੌਸਲਾ ਨਹੀਂ ਸੀ ਜੁਟਾ ਪਾ ਰਿਹਾ | ਮੇਰੇ ਬੇਟੇ ਨੇ ਉਹਨੂੰ ਬੜੇ ਪਿਆਰ ਨਾਲ ਅੰਦਰ ਬੁਲਾਇਆ , ਪਰ ਉਹ ਸੋਫੇ 'ਤੇ ਬੈਠਣ ਤੋਂ ਝਕ ਰਿਹਾ ਸੀ |ਮੈਂ ਉਹਦੀ ਝਿਜਕ ਖਤਮ ਕਰਨ ਲਈ ਉਹਨੂੰ ਕੋਈ ਜਾਦੂ ਵਿਖਾਉਣ ਲਈ ਕਿਹਾ ਤਾਂ ਕਹਿੰਦਾ ," ਬਾਬੂ ਜੀ , ਅਗਰ ਜਾਦੂ ਮੇਂ ਕੋਈ ਸ਼ਕਤੀ ਹੋਤੀ ਤੋਂ ਹਮ ਬਰੇਲੀ ਮੇਂ ਆਪਣਾ ਸਭ ਕੁਛ ਛੋੜ ਛਾੜ ਕਰ ਜਹਾਂ ਕਿਓਂ ਧੱਕੇ ਖਾ ਰਹੇ ਹੋਤੇ ?" 
ਇੰਨੇ ਚਿਰ ਨੂੰ ਮੇਰੀ ਪਤਨੀ ਨੇ ਉਹਨਾਂ ਵਾਸਤੇ ਚਾਹ ਪਾਣੀ ਲਿਆਕੇ ਰੱਖ ਦਿੱਤਾ , ਪਰ ਉਹ ਮੁੰਡਾ ਪਾਣੀ ਪੀਣ ਤੋਂ ਵੀ ਪਰਹੇਜ਼ ਕਰ ਰਿਹਾ ਸੀ | ਸਾਡੇ ਜੋਰ ਦੇਣ 'ਤੇ ਉਹਨਾਂ ਚਾਹ ਪਾਣੀ ਪੀ ਲਿਆ , ਤੇ ਮੇਰੇ ਤੋਂ ਇੱਕ ਇੱਕ ਰੁਪਏ ਦੇ ਸਿੱਕੇ ਮੰਗੇ | ਸਿੱਕੇ ਲੈਕੇ ਉਹਨੇ ਬੜੀ ਹੀ ਸਫਾਈ ਨਾਲ ਚਲਾਕੀਆਂ ਵਿਖਾਈਆਂ | ਮੈਂ ਸੋਚ ਰਿਹਾ ਸਾਂ ਕਿ ਅਗਰ ਇਸ ਬੱਚੇ ਨੂੰ ਪੜ੍ਹਣ ਦਾ ਮੌਕਾ ਮਿਲਦਾ ਤਾਂ ਹੋ ਸਕਦਾ ਹੈ ਉਹ ਕੁਝ ਮਾਅਰਕਾ ਮਾਰਦਾ , ਪਰ ਫਿਰ ਮਨ ਕਹਿੰਦਾ ਕਿ ਇਹ ਕਲਾ ਪਿਤਾ ਪੁਰਖੀ ਹੋਣ ਕਰਕੇ ਹੀ ਉਹ ਇੰਨਾ ਮਾਹਿਰ ਹੈ , ਕੀ ਪਤਾ ਪੜ੍ਹਾਈ ਦਾ ਮਾਹੌਲ ਨਾ ਮਿਲਣ ਕਰਕੇ ਅਸਲੋਂ ਹੀ ਅਵਾਰਾ ਹੋ ਜਾਂਦਾ | ਉਸ ਅਨਭੋਲ ਜਿਹੀ ਮਾਸੂਮ ਬੱਚੀ 'ਤੇ ਤਾਂ ਬਹੁਤ ਹੀ ਤਰਸ ਆ ਰਿਹਾ ਸੀ |
ਮੇਰੇ ਬੇਟੇ ਕਪਿਲ ਦੇ ਕਹਿਣ 'ਤੇ ਉਹਨੇ ਬੰਸਰੀ 'ਤੇ ਬਹੁਤ ਪੁਰਾਣੇ ਬੇਹਤਰੀਨ ਗੀਤਾਂ ਦੀਆਂ ਹੀ ਮਨਮੋਹਕ ਤਰਜ਼ਾਂ ਸੁਣਾਈਆਂ |
ਪਹਿਲਾਂ #ਮੁਹੰਮਦ ਗੁਲਫਾਮ ਆਪਣੇ ਪਿਓ ਲਈ ਜਮੂਰਾ ਬਣਦਾ ਰਿਹਾ ਤੇ ਹੁਣ ਉਹਦੀ ਭੈਣ #ਉਜ਼ਮਾ ਇਹੀ ਕੰਮ ਉਹਦੇ ਲਈ ਕਰ ਰਹੀ ਹੈ | ਕੱਲ੍ਹ ਨੂੰ ਕੋਈ ਉਜ਼ਮਾ ਲਈ ਵੀ ਜਮੂਰਾ ਬਣੇਗਾ |
ਜਾਣ ਲੱਗਿਆਂ ਮੇਰੀ ਪਤਨੀ ਨੇ ਉਹਨਾਂ ਬੱਚਿਆਂ ਨੂੰ ਕੁਝ ਕੱਪੜੇ 'ਤੇ ਸਰਦੀ ਬਣਦੀ ਰਕਮ ਦੇਕੇ ਭੇਜਿਆ | ਉਹ ਬਹੁਤ ਖੁਸ਼ ਸਨ |
ਪਤਾ ਨਹੀਂ ਇਹ ਲੋਕ ਕਦੋਂ ਤੱਕ ਇੰਝ ਪੀੜ੍ਹੀ ਦਰ ਪੀੜ੍ਹੀ ਜਮੂਰਾ ਬਣਦੇ ਰਹਿਣਗੇ !!

No comments:

Post a Comment