ਜਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਹਰ ਇੱਕ ਨੂੰ ਆਪਣਾ ਕਾਰੋਬਾਰ ਚਲਦਾ ਰੱਖਣ ਵਾਸਤੇ ਜ਼ਮਾਨੇ ਦੇ ਨਾਲ ਨਾਲ ਬਦਲਣਾ ਪੈਂਦਾ (ਜ਼ਰੂਰੀ ) ਹੈ |
ਇੱਕ ਔਰਤ ਅਕਸਰ ਮੇਰੇ ਕੋਲੋਂ ਆਪਣੇ ਪਰਿਵਾਰ ਦੇ ਕਿਸੇ ਨਾ ਕਿਸੇ ਮੈਂਬਰ ਦੀ ਦਵਾਈ ਲੈਣ ਆਉਂਦੀ ਹੈ | ਅੱਜ ਉਹ ਮੇਰੇ ਕੋਲ ਆਈ ਤੇ ਇੱਕ ਤਰਲ ਦਵਾਈ ਪਾਉਣ ਵਾਲੀ ਪਲਾਸਟਿਕ ਦੀ ਸ਼ੀਸ਼ੀ ਵਿਖਾਕੇ ਕਹਿਣ ਲੱਗੀ ," ਇਹਦੇ ਨਾਲ ਦੀਆਂ ਖਾਲੀ ਸ਼ੀਸ਼ਿਆਂ ਮਿਲ ਜਾਣਗੀਆਂ |"
ਕਹਿੰਦੀ ," ਕਿੰਨੇ ਕਿੰਨੇ ਦੀ ?"
ਮੈਂ ਕਿਹਾ ," ਪੈਸਿਆਂ ਦੀ ਕੋਈ ਗੱਲ ਨਹੀਂ , ਜਿਹੜੀਆਂ ਦੋ ਚਾਰ ਚਾਹੀਦੀਆਂ ਨੇ ਲੈ ਲਓ ! "
ਅੱਗੋਂ ਕਹਿੰਦੀ ," ਦੋ ਚਾਰ ਨਹੀਂ , ਪੰਜਾਹ ਚਾਹੀਦੀਆਂ ਨੇ !"
ਮੇਰੀ ਹੈਰਾਨਗੀ ਤੇ ਉਤਸੁਕਤਾ ਵਧ ਗਈ , ਮੈਂ ਪੁੱਛਿਆ ," ਪੰਜਾਹ ?"
ਉਹਦੇ ਵੱਲੋਂ ਹਾਂ ਚ ਜਵਾਬ ਮਿਲਣ ਤੇ ਮੈਂ ਪੁੱਛਿਆ ਕਿ ਕਰਨੀਆਂ ਕੀ ਨੇ ਤਾਂ ਅੱਗੋਂ ਕਹਿੰਦੀ ," , ਰਹਿਣ ਦੋ , ਤੁਸੀਂ ਮਜ਼ਾਕ ਕਰੋਗੇ !"
ਮੈਂ ਕਿਹਾ ," ਇਹ ਤਾਂ ਪੂਰੀ ਗੱਲ ਪਤਾ ਲੱਗਣ ਤੇ ਹੀ ਫੈਸਲਾ ਹੋਊ ਕਿ ਮਜ਼ਾਕ ਕਰਣਾ ਏ ਕਿ ਪ੍ਰਚਾਰ !"
ਉਹਨੇ ਝਕਦੀ ਹੋਈ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਘਰਦੀ ਸੁੱਖ ਸ਼ਾਂਤੀ ਲਈ ਕਿਸੇ ਸਿਆਣੇ ਤੋਂ ਪੁੱਛਣਾ ਪਾਈ ਸੀ ਤਾਂ ਸਿਆਣੇ ਨੇ ਆਪਣਾ ਸਾਰਾ ਹਿਸਾਬ ਕਿਤਾਬ ਲਗਾਕੇ ਦੱਸਿਆ ਕਿ ਲਗਾਤਾਰ ਪੰਜਾਹ ਦਿਨ ਇੱਕ ਛੋਟੀ ਸ਼ੀਸ਼ੀ ਪੈਟਰੌਲ ਦੀ ਪਾਰਕ ਵਿੱਚ ਛਿੜਕਣੀ ਹੈ |
ਉਹਦੀ ਗੱਲ ਸੁਣਕੇ ਮੈਂ ਹੈਰਾਨ ਹੁੰਦੇ ਕਿਹਾ ," ਇਹਦੇ ਨਾਲ ਤਾਂ ਪਾਰਕ ਦੇ ਘਾਹ ਤੇ ਪੌਦਿਆਂ ਨੂੰ ਨੁਕਸਾਨ ਹੋਏਗਾ !" ਤਾਂ ਕਹਿੰਦੀ ," ਹੁਣ ਪਾਰਕ ਦਾ ਨੁਕਸਾਨ ਸੋਚੀਏ ਕਿ ਘਰ ਦੀ ਸ਼ਾਂਤੀ !!"
ਮੇਰੇ ਕੋਲ ਬੈਠੀਆਂ ਦੋ ਹੋਰ ਔਰਤਾਂ ਨੇ ਵੀ ਉਹਦੀ ਹਮਾਇਤ ਕੀਤੀ ਤਾਂ ਮੈਂ ਬਹਿਸ ਕਰਣਾ ਬੇਕਾਰ ਸਮਝਕੇ ਉਹਨੂੰ ਸ਼ੀਸ਼ੀਆਂ ਦੇ ਹੀ ਦਿੱਤੀਆਂ |
ਵਾਹ ਸਿਆਣਿਓਂ ! ਵਕਤ ਦੇ ਨਾਲਨਾਲ ਤੁਸੀਂ ਵੀ ਠੱਗੀ ਦੇ ਤਰੀਕੇ ਬਦਲਦੇ ਰਹੋਗੇ ਤਾਂ ਹੀ ਕਾਮਯਾਬ ਰਹੋਗੇ !

No comments:
Post a Comment