ਇੱਕ ਜੋੜੀ ( ਮੀਆਂ ਬੀਵੀ ) ਮੇਰੇ ਕੋਲ ਅਕਸਰ ਦਵਾਈ ਲੈਣ ਆਉਂਦੇ ਹਨ 'ਤੇ ਉਹਨਾਂ ਦੇ ਬੱਚੇ ਵੀ | ਸਾਰੇ ਪੜ੍ਹੇ ਲਿਖੇ ਤੇ ਬਹੁਤ ਹੀ ਸਾਊ ਜਿਹੇ ਸੁਭਾਅ ਦੇ ਹਨ | ਕਈ ਸਾਲਾਂ ਤੋਂ ਮੇਰੇ ਕੋਲ ਆਉਣ ਕਰਕੇ ਗੱਲਾਂ ਬਾਤਾਂ ਕਰਨ ਕਾਰਣ ਉਹਨਾਂ ਬਾਰੇ ਕਾਫੀ ਜਾਣਕਾਰੀ ਮੇਰੇ ਜ਼ਿਹਨ ਵਿੱਚ ਸੀ | ਬੰਦਾ ਬੈਂਕ ਮੈਨੇਜਰ ਹੈ ਤੇ ਔਰਤ ਅਧਿਆਪਕ | ਬੱਚੇ ਵੀ ਚੰਗੀ ਪੜ੍ਹਾਈ ਕਰ ਰਹੇ ਹਨ | #KamalDiKalam
ਅੱਜ ਉਹ ਦਵਾਈ ਲੈਣ ਲਈ ਆਕੇ ਬੈਠੇ ਹੋਏ ਸਨ ਕਿ ਉਹਨਾਂ ਦੀ ਇੱਕ ਜਾਣਕਾਰ ਔਰਤ ਵੀ ਆ ਗਈ | ਰਾਮ ਸਲਾਮ ਕਰਨ ਤੋਂ ਬਾਦ ਝੱਟ ਹੀ ਆਉਣ ਵਾਲੀ ਔਰਤ ਉਸ ਬੈਂਕ ਮੈਨੇਜਰ ਵੱਲ ਹੱਥ ਕਰਕੇ ਉਹਦੀ ਵਹੁਟੀ ਨੂੰ ਪੁਛਣ ਲੱਗੀ ," ਭਾਈ ਸਾਹਬ ਪਹਿਲਾਂ ਅਮਲੀ ਸਨ ਨਾ ?"
" ਹਾਂਜੀ ਹਾਂਜੀ , ਅਮਲੀ ਹੀ ਠੀਕ ਸੀ | ਉਦੋਂ ਵਧੀਆ ਸੀ ਹੁਣ ਤਾਂ ਬਹੁਤ ਔਖੇ ਹਾਂ |" ਉਸ ਬੰਦੇ ਦੀ ਵਹੁਟੀ ਦਾ ਇਹ ਜਵਾਬ ਸੁਣ ਕੇ ਮੈਨੂੰ ਝਟਕਾ ਜਿਹਾ ਲੱਗਾ |
ਮੇਰਾ ਧਿਆਨ ਉਹਨਾਂ ਦੀਆਂ ਗੱਲਾਂ ਵੱਲ ਹੋ ਗਿਆ | ਆਉਣ ਵਾਲੀ ਔਰਤ ਨੇ ਫਿਰ ਪੁੱਛਿਆ ," ਹੁਣ ਕਿੱਥੇ ਨੇ ?"
ਉਹ ਕਹਿੰਦੀ ," ਹੁਣ ਅੰਬਾਲੇ ਨੇ | "
" ਅੱਛਾ ! ਅੰਬਾਲਾ ਤਾਂ ਪੈਂਦਾ ਵੀ 55 -60 ਕਿੱਲੋਮੀਟਰ ਏ , ਅਮਲੀ ਤਾਂ ਮਸਾਂ ਦਸ ਕੁ ਕਿੱਲੋਮੀਟਰ ਹੋਏਗਾ |" ਫਿਰ ਮੈਨੂੰ ਸਮਝ ਆਈ ਕਿ ਉਹ ਬੰਦਾ ਪਹਿਲਾਂ ' ਅਮਲੀ 'ਪਿੰਡ ਦੀ ਬਰਾਂਚ ਵਿੱਚ ਮੈਨੇਜਰ ਸੀ ਤੇ ਹੁਣ ਅੰਬਾਲਾ |
No comments:
Post a Comment