ਪਹਿਲਾਂ ਕਦੇ ਸੱਪ ਫੜਣ ਵਾਲੇ , ਕਦੇ ਬੀਨ ਵਜਾਕੇ ਸੱਪ ਦਾ ਨਾਚ ਵਿਖਾਉਣ ਵਾਲੇ ਤੇ ਕਦੇ ਸੱਪ ਦੇ ਨਾਂ ਤੇ ਮੰਗਣ ਵਾਲੇ ਸਪੇਰੇ ਆਮ ਵੇਖੇ ਜਾਂਦੇ ਸਨ | ਕੁਝ ਸਾਲ ਪਹਿਲਾਂ ਗੇਰੂਏ ਰੰਗ ਦੇ ਕੱਪੜੇ ਪਾਈ ਮੋਡੇ ਤੇ ਵਹਿੰਗੀ ਰੱਖ ਕੇ ਸੱਪ ਦੇ ਜ਼ਹਿਰ ਤੋਂ ਬਣਿਆਂ ਸੁਰਮਾ ਵੇਚਣ ਵਾਲੇ ਗਲੀਆਂ ਸੜਕਾਂ ਤੇ ਘੁੰਮਦੇ ਸਪੇਰੇ ਆਮ ਮਿਲ ਜਾਂਦੇ ਸਨ , ਜੋ ਅੱਜ ਵੀ ਕਿਤੇ ਕਿਤੇ ਮਿਲਦੇ ਹਨ |
ਉਹ ਕੁਝ ਲੋਕਾਂ ਨੂੰ ਆਪਣੇ ਦੁਆਲੇ ਇਕੱਠੇ ਕਰਕੇ ਆਪਣੀਆਂ ਲੱਛੇਦਾਰ ਗੱਲਾਂ ਵਿੱਚ ਉਲਝਾ ਕੇ ਰੰਗ ਬੰਨ੍ਹਦੇ ਹਨ ਤੇ ਉਹਨਾਂ ਉੱਪਰ ਇੱਕ ਚੰਗਾ ਪ੍ਰਭਾਵ ਜਮਾ ਲੈਂਦੇ ਹਨ | ਫਿਰ ਉਹ ਇੱਕ ਬਿਲਕੁਲ ਛੋਟੀ ਜਿਹੀ ਕੱਚ ਸ਼ੀਸ਼ੀ ਵਿਖਾਉਣਗੇ ਤੇ ਉਹਦਾ ਢੱਕਣ ਉਤਾਰ ਕੇ ਉਹਨੂੰ ਉਲਟ ਪਲਟ ਕੇ ਉਹਦੇ ਖਾਲੀ ਹੋਣ ਦਾ ਸਬੂਤ ਦੇਣਗੇ | ਉਸ ਤੋਂ ਬਾਦ ਇੱਕ ਕੱਚ ਦਾ ਸੁਰਮਚੂ ਉਹਦੇ ਵਿੱਚ ਘੁਮਾਉਣਗੇ ਤੇ ਆਪਣੇ ਦੁਆਲੇ ਬੈਠੇ ਲੋਕਾਂ ਵਿੱਚੋਂ ਕਿਸੇ ਵਿਅਕਤੀ ਨੂੰ ਅੱਗੇ ਬੁਲਾਕੇ ਉਹਦੀਆਂ ਅੱਖਾਂ ਵਿੱਚ ਉਹ ਸੁਰਮਚੂ ਫੇਰ ਦੇਣਗੇ | ਕੁਝ ਪਲ ਲਈ ਉਹ ਵਿਅਕਤੀ ਲਈ ਆਪਣੀਆਂ ਅੱਖਾਂ ਖੋਲ੍ਹਣੀਆਂ ਤਕਰੀਬਨ ਅਸੰਭਵ ਹੋ ਜਾਣਗੀਆਂ ਤੇ ਉਹਨਾਂ ਵਿੱਚੋਂ ਬਹੁਤ ਸਾਰਾ ਪਾਣੀ ਨਿਕਲੇਗਾ | ਥੋੜੀ ਦੇਰ ਬਾਦ ਅੱਖਾਂ ਖੋਲ੍ਹਣ ਤੋਂ ਬਾਦ ਉਸ ਵਿਅਕਤੀ ਨੂੰ ਆਪਣੀਆਂ ਅੱਖਾਂ ਹੌਲੀਆਂ ਮਹਿਸੂਸ ਹੋਣਗੀਆਂ ਤੇ ਉਹ ਚੰਗਾ ਚੰਗਾ ਮਹਿਸੂਸ ਕਰੇਗਾ | #kamaldikalam
ਇਹਦੀ ਸਚਾਈ ਕੁਝ ਹੋਰ ਹੀ ਹੈ | ਇਹ ਸੁਰਮਾ ਤੁਸੀਂ ਖੁਦ ਤਿਆਰ ਕਰ ਸਕਦੇ ਹੋ ਜੋ ਅੱਖਾਂ ਦੀ ਸਫਾਈ ਜਰੂਰ ਕਰਦਾ ਹੈ | ਇਹਦਾ ਸੱਪ ਦੇ ਜ਼ਹਿਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ | ਇੱਕ ਸਾਫ਼ ਸੁਥਰੀ ਕੱਚ ਦੀ ਛੋਟੀ ਜਿਹੀ ਖਾਲੀ ਸ਼ੀਸ਼ੀ ਲਓ ਤੇ ਉਹਦੇ ਵਿੱਚ ਬਹੁਤ ਹੀ ਮਮੂਲੀ ਜਿਹਾ ਪਿਪਰਾਮੈਂਟ ਪਾਕੇ ਇੱਕ ਪਲ ਲਈ ਰੱਖ ਦਿਓ ( ਧੁੱਪੇ ਵੀ ਰੱਖ ਸਕਦੇ ਹੋ ) | ਉਹ ਪਿਪਰਾਮੈਂਟ ਆਪਣੇ ਆਪ ਘੁਲਕੇ ਸ਼ੀਸ਼ੀ ਦੀਆਂ ਕੰਧਾਂ ਨਾਲ ਲੱਗ ਜਾਏਗਾ , ਜਿਸ ਕਾਰਣ ਲੱਗੇਗਾ ਕਿ ਸ਼ੀਸ਼ੀ ਖਾਲੀ ਹੈ | ਉਸ ਵਿੱਚ ਸੁਰਮਚੂ ਘੁਮਾ ਕੇ ਅੱਖਾਂ ਵਿੱਚ ਫੇਰਨ ਨਾਲ ਅੱਖਾਂ ਦੀ ਗੰਦਗੀ ਸਾਫ਼ ਹੁੰਦੀ ਹੈ |

No comments:
Post a Comment