ਤੁਸੀਂ ਤਰਕਸ਼ੀਲ ਸੋਸਾਇਟੀ ਵਾਲੇ ਹੋ ? ਇੰਦਰਜੀਤ ਕਮਲ - Inderjeet Kamal

Latest

Saturday, 4 April 2015

ਤੁਸੀਂ ਤਰਕਸ਼ੀਲ ਸੋਸਾਇਟੀ ਵਾਲੇ ਹੋ ? ਇੰਦਰਜੀਤ ਕਮਲ

ਅੱਜ ਸਵੇਰੇ ਇੱਕ ਚੰਗਾ ਪੜ੍ਹਿਆ ਲਿਖਿਆ ਤੇ ਸੌਖੇ ਘਰ ਦਾ ਲੱਗਣ ਵਾਲਾ ਬੰਦਾ ਮੇਰੇ ਕੋਲ ਆਇਆ | ਕਹਿੰਦਾ ," ਤੁਸੀਂ ਤਰਕਸ਼ੀਲ ਸੋਸਾਇਟੀ ਵਾਲੇ ਹੋ ? " 
ਮੈਂ ਕਿਹਾ , " ਜਰੂਰ ਹਾਂ ਜੀ , ਸੇਵਾ ਦੱਸੋ !"
ਉਹਨੇ ਆਪਣੇ ਆਪ ਨੂੰ ਜਿਸ ਇਲਾਕੇ ਦਾ ਰਹਿਣ ਵਾਲਾ ਦੱਸਿਆ ਉਹ ਸ਼ਹਿਰ ਦਾ ਸਭ ਤੋਂ ਅਮੀਰ ਲੋਕਾਂ ਦਾ ਇਲਾਕਾ ਹੈ | ਉਹਨੇ ਦੱਸਿਆ ਕਿ ਉਹਦੇ ਇਲਾਕੇ ਵਿੱਚ ਇੱਕ ਔਰਤ ਪੁੱਛਾਂ ਦੇਣ ਦਾ ਕੰਮ ਕਰਕੇ ਲੋਕਾਂ ਨਾਲ ਠੱਗੀ ਮਾਰਨ ਦਾ ਧੰਦਾ ਕਰਦੀ ਹੈ | ਉਹ ਬਾਰ ਬਾਰ ਉਸ ਔਰਤ ਦਾ ਠੱਗੀ ਦਾ ਧੰਦਾ ਬੰਦ ਕਰਵਾਉਣ ਲਈ ਕਹਿ ਰਿਹਾ ਸੀ | ਮੈਂ ਕਿਹਾ ਅਗਰ ਤੁਹਾਡੇ ਨਾਲ ਕੋਈ ਠੱਗੀ ਹੋਈ ਹੈ ਤਾਂ ਤੁਸੀਂ ਆਪਣੇ ਨਾਲ ਹੋਈ ਘਟਨਾ ਦਾ ਪੂਰਾ ਵੇਰਵਾ ਲਿਖ ਕੇ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਦਿਓ , ਇੱਕ ਕਾਪੀ ਸਾਡੀ ਸੋਸਾਇਟੀ ਦੇ ਨਾਂ ਵੀ ਦੇ ਸਕਦੇ ਹੋ | ਜੇ ਅਸੀਂ ਇਹਦੇ ਵਿੱਚ ਤੁਹਾਡੀ ਕੋਈ ਮਦਦ ਕਰ ਸਕਦੇ ਹੋਵਾਂਗੇ ਤਾਂ ਜਰੂਰ ਕਰਾਂਗੇ |
ਉਹ ਕਹਿੰਦਾ ," ਅਗਰ ਮੈਂ ਇਹ ਸਭ ਕੁਝ ਕਰਨਾ ਹੁੰਦਾ ਤਾਂ ਮੈਨੂੰ ਤੁਹਾਡੇ ਕੋਲ ਆਉਣ ਦੀ ਕੀ ਲੋੜ ਸੀ | ਮੇਰੇ ਤਾਂ ਘਰਦਿਆਂ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ ਕਿ ਉਹਦਾ ਕੰਮ ਬੰਦ ਕਰਵਾਉਣ ਚ ਮੇਰਾ ਹੱਥ ਹੈ | ਤੁਸੀਂ ਸਿਧੇ ਜਾਓ |"
ਮੈਂ ਕਿਹਾ ," ਅਸੀਂ ਕੋਈ ਪਾਗਲ ਥੋੜਾ ਹਾਂ ਕਿ ਕਿਸੇ ਮੁੱਦਈ ਤੇ ਸਬੂਤ ਤੋਂ ਬਿਨ੍ਹਾਂ ਜਾਕੇ ਕਿਸੇ ਦੇ ਗਲ ਪੈ ਜਾਈਏ ?"
ਅੱਗੋਂ ਕਹਿੰਦਾ ," ਤੁਹਾਡਾ ਤਾਂ ਇਹ ਕੰਮ ਹੈ ਜੀ |"
ਮੈਂ ਕਿਹਾ , " ਕਿਓਂ ਸਰਕਾਰ ਸਾਨੂੰ ਇਸ ਕੰਮ ਦੀ ਤਨਖਾਹ ਦਿੰਦੀ ਹੈ ?"
ਕਹਿੰਦਾ , " ਇਹਦਾ ਮਤਲਬ ਮੈਂ ਝੂਠ ਹੀ ਸੁਣਿਆਂ ਸੀ ਕਿ ਤੁਸੀਂ ਅੰਧਵਿਸ਼ਵਾਸ ਫੈਲਾਕੇ ਠੱਗੀਆਂ ਮਾਰਨ ਵਾਲਿਆਂ ਦਾ ਵਿਰੋਧ ਕਰਕੇ ਉਹਨਾਂ ਦਾ ਧੰਦਾ ਬੰਦ ਕਰਵਾਉਣ ਦਾ ਕੰਮ ਕਰਦੇ ਹੋ |"
ਮੈਂ ਕਿਹਾ ," ਵੀਰ ਜੀ ,ਜਿਹੜਾ ਆਪਣੀ ਲੜਾਈ ਖੁਦ ਲੜਣਾ ਨਹੀਂ ਚਾਹੁੰਦਾ , ਉਹਦੇ ਨਾਲ ਕੌਣ ਖੜਾ ਹੋਊ ? ਮੈਨੂੰ ਲਗਦਾ ਏ ਤੁਹਾਨੂੰ ਇਹ ਵੀ ਵਹਿਮ ਹੋ ਗਿਆ ਹੈ ਕਿ ਤੁਹਾਡੇ ਲੋਕਾਂ ਦਾ ਕੰਮ ਅੰਧਵਿਸ਼ਵਾਸ ਚ ਫਸ ਕੇ ਠੱਗੀਆਂ ਖਾਣ ਦਾ ਹੈ ਤੇ ਸਾਡਾ ਕੰਮ ਉਹਨਾਂ ਨੂੰ ਬੰਦ ਕਰਵਾਉਣ ਦਾ | ਅਗਰ ਤੁਸੀਂ ਖੁਦ ਕੁਝ ਨਹੀਂ ਕਰਨਾ ਚਾਹੁੰਦੇ ਤਾਂ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ |" ਉਹ ਚੁੱਪ ਕਰਕੇ ਚਲਾ ਗਿਆ |

No comments:

Post a Comment