ਨੂੰਹਾਂ ਵਿਚਲਾ ਪੀਰ \ ਇੰਦਰਜੀਤ ਕਮਲ - Inderjeet Kamal

Latest

Monday, 6 April 2015

ਨੂੰਹਾਂ ਵਿਚਲਾ ਪੀਰ \ ਇੰਦਰਜੀਤ ਕਮਲ

ਪਿਛਲੇ ਹਫਤੇ ਪੰਚਕੂਲੇ ਦੇ ਨੇੜਲੇ ਇੱਕ ਪਿੰਡ ਤੋਂ ਦੋ ਔਰਤਾਂ ਨੂੰ ਲੈਕੇ ਆਏ , ਕਹਿੰਦੇ ਇਹਨਾਂ ਦੋਹਾਂ ਵਿੱਚ ਪੀਰ ਆਉਂਦਾ ਹੈ 
ਜਦੋਂ ਮੈਂ ਸਾਰੀ ਕਹਾਣੀ ਸੁਣੀ ਤਾਂ ਕਾਰਨ ਸਮਝਣ ਵਿੱਚ ਦੇਰ ਨਾ ਲੱਗੀ
ਸੱਤ ਜੀਆਂ ਦਾ ਪਰਿਵਾਰ ਸੀ ਸਭ ਕੁਝ ਠੀਕ ਚੱਲ ਰਿਹਾ ਸੀ , ਛੋਟੇ ਮੁੰਡੇ ਦਾ ਵਿਆਹ ਹੋਇਆ ਘਰ ਵਿੱਚ ਖੁਸ਼ੀ ਮਨਾਈ ਗਈ 
ਵਿਆਹ ਦੇ ਚਾਰ ਮਹੀਨੇ ਬਾਦ ਵੱਡੀ ਨੂੰਹ ਨੂੰ ਕੁਝ ਹੋ ਗਿਆ ਤੇ ਉਹਨੇ ਭਾਂਡੇ ਭੰਨਣੇ ਸ਼ੁਰੂ ਕਰ ਦਿੱਤੇ 
ਪਰਿਵਾਰ ਦੇ ਮੈਂਬਰ ਡਾਕਟਰਾਂ ਕੋਲ ਵੀ ਲੈਕੇ ਗਏ ਪਰ ਨਤੀਜਾ ਜ਼ੀਰੋ ,ਕਿਸੇ ਟੈਸਟ ਵਿੱਚ ਕੋਈ ਨੁਕਸ ਨਹੀਂ ਆਇਆ
ਹੁਣ ਵਾਰੀ ਆਈ ਬਾਬਿਆਂ ਦੀ ਵੱਖ ਵੱਖ ਬਾਬਿਆਂ ਤੋਂ ਲੁੱਟ ਕਰਵਾਉਂਦੇ ਰਹੇ ਤੇ ਇੱਕ ਬਾਬੇ ਨੇ ਦੱਸਿਆ ਕਿ ਵੱਡੀ ਨੂੰਹ ਵਿੱਚ ਪੀਰ ਹੈ , ਇਹਨੂੰ ਨੂੰਹ ਚੋਂ ਕਢਣ ਵਾਸਤੇ ਚੌਂਕੀਆਂ ਭਰਨੀਆਂ ਪੈਣਗੀਆਂ
ਘਰ ਆਉਂਦਿਆਂ ਹੀ ਪੀਰ ਨੇ ਆਪਣਾ ਅਸਰ ਵਿਖਾਉਣ ਸ਼ੁਰੂ ਕਰ ਦਿੱਤਾ , ਭਾਂਡੇ ਭੰਨਦੇ ਹੋਏ ਹੁਕਮ ਦਿੱਤਾ
"ਘਰ ਵਿਚਲਾ ਚੜ੍ਹਦੇ ਪਾਸੇ ਵਾਲਾ ਕਮਰਾ ਪੀਰ ਵਾਸਤੇ ਖਾਲੀ ਕਰਵਾਇਆ ਜਾਵੇ ,
ਤੇ ਸਾਫ਼ ਸਫਾਈ ਕਰਕੇ ਉਹਨੂੰ ਰੰਗ ਰੋਗਨ ਕਰਵਾਇਆ ਜਾਵੇ "
ਹੁਕਮ ਦੀ ਤਾਮੀਲ ਹੋਈ ਛੋਟੀ ਨੂੰਹ ਦਾ ਸਮਾਨ ਕਮਰੇ ਚੋਂ ਬਾਹਰ ਕਢਿਆ ਤੇ ਉਹਨੂੰ ਰੰਗ ਰੋਗਨ ਕਰਵਾਕੇ ਪੀਰ ਵਾਸਤੇ ਰਾਖਵਾਂ ਕਰ ਦਿੱਤਾ , ਪੀਰ ਸ਼ਾਂਤ ਹੋ ਗਿਆ
ਦੋ ਚਾਰ ਦਿਨ ਹੀ ਸ਼ਾਂਤੀ ਨਾਲ ਨਿਕਲੇ ਤੇ ਪੀਰ ਛੋਟੀ ਨੂੰਹ ਵਿੱਚ ਆ ਗਿਆ , ਉਹਨੇ ਚੀਖਾਂ ਚਾਂਗਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆ, ਇਹਨੂੰ ਵੀ ਉਸੇ ਬਾਬੇ ਕੋਲ ਲੈਕੇ ਗਏ ਜਿਹਨੇ ਦੱਸਿਆ ਸੀ ਕਿ ਵੱਡੀ ਨੂੰਹ ਵਿੱਚ ਪੀਰ ਹੈ
ਬਾਬੇ ਨੂੰ ਇੱਕ ਸ਼ਿਕਾਰ ਹੋਰ ਮਿਲ ਗਿਆ , ਉਹ ਕਹਿੰਦਾ ,
" ਵੱਡੀ ਨੂੰਹ ਵਾਲਾ ਪੀਰ ਛੋਟੀ ਨੂੰਹ ਵਿੱਚ ਆ ਗਿਆ ਹੈ "
ਕਰਦਿਆਂ ਕਰਵਾਉਂਦਿਆਂ ਕਦੇ ਪੀਰ ਵੱਡੀ ਨੂੰਹ ਚ ਆ ਜਾਵੇ ਤੇ ਕਦੇ ਛੋਟੀ ਚ
ਮਾਮਲਾ ਬਾਬੇ ਦੇ ਕਾਬੂ ਤੋਂ ਬਾਹਰ ਹੁੰਦਾ ਦਿੱਸਿਆ ਤਾਂ ਘਰ ਦਿਆਂ ਨੇ ਹੋਰ ਆਸਰਾ ਭਾਲਣਾ ਸ਼ੁਰੂ ਕਰ ਦਿੱਤਾ
ਪੁਛਦੇ ਪੁਛਾਉਂਦੇ ਕਿਤੇ ਮੇਰਾ ਜ਼ਿਕਰ ਹੋ ਗਿਆ ਤੇ ਉਹ ਮੇਰੇ ਕੋਲ ਪਹੁੰਚ ਗਏ
ਪੀਰ ਦੇ ਆਉਣ ਦਾ ਅਸਲੀ ਕਾਰਨ
ਘਰ ਵਿੱਚ ਸੱਤ ਮੈਂਬਰ ਸਨ , ਇੱਕ ਕਮਰੇ ਵਿੱਚ ਮਾਂ ਬਾਪ ਤੇ ਛੋਟਾ ਪੁੱਤ ਸੌਂਦੇ ਸਨ ਤੇ ਇੱਕ ਕਮਰੇ ਵਿੱਚ ਵੱਡੇ ਨੂੰਹ-ਪੁੱਤ ਤੇ ਉਹਨਾਂ ਦੇ ਦੋ ਬੱਚੇ
ਛੋਟੇ ਮੁੰਡੇ ਦਾ ਵਿਆਹ ਹੋਇਆ ਤਾਂ ਵੱਡੇ ਨੂੰਹ ਪੁੱਤ ਵਾਲਾ ਕਮਰਾ , ਛੋਟਿਆਂ ਨੂੰ ਦੇ ਦਿੱਤਾ ਗਿਆ, ਕੁਝ ਦਿਨ ਤਾਂ ਬਰਦਾਸ਼ਤ ਹੋ ਗਿਆ ਪਰ ਆਪਣੀ ਨਿੱਜੀ ਜਿੰਦਗੀ ਵਿੱਚ ਹਮੇਸ਼ਾ ਵਾਸਤੇ ਖਲਲ ਪੈਂਦਾ ਵੇਖਕੇ ਵੱਡੀ ਨੂੰਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਈ ਤੇ ਤੋੜ ਫੋੜ ਸ਼ੁਰੂ ਕਰ ਦਿੱਤੀ
ਜਦੋਂ ਡਾਕਟਰਾਂ ਕੋਲ ਕੋਈ ਹੱਲ ਨਾ ਮਿਲਿਆ ਤਾਂ ਮਾਮਲਾ ਬਾਬਿਆਂ ਕੋਲ ਚਲਾ ਗਿਆ , ਇੱਕ ਬਾਬੇ ਨੇ ਜਦੋਂ ਪੀਰ ਦਾ ਨਾਂ ਲਿਆ ਤਾਂ ਵੱਡੀ ਨੂੰਹ ਨੂੰ ਵਧੀਆ ਬਹਾਨਾਂ ਮਿਲ ਗਿਆ ਤੇ ਉਹਨੇ ਪੀਰ ਬਣਕੇ ਆਪਣਾ ਕਮਰਾ ਖਾਲੀ ਕਰਵਾ ਲਿਆ
ਹੁਣ ਛੋਟੀ ਨੂੰਹ ਨੂੰ ਵੀ ਆਪਣੀ ਆਜ਼ਾਦੀ ਤੇ ਹਮਲਾ ਹੁੰਦਾ ਨਜਰ ਆਇਆ ਤੇ ਉਹਦੇ ਅੰਦਰ ਵੀ ਪੀਰ ਆ ਗਿਆ
ਹੁਣ ਪੀਰ ਕਦੇ ਵੱਡੀ ਨੂੰਹ ਵਿਚ ਤੇ ਕਦੇ ਛੋਟੀ ਨੂੰਹ ਸਫਰ ਕਰਦਾ ਰਿਹਾ
ਮਸਲਾ ਉਲਝਦਾ ਹੋਇਆ ਮੇਰੇ ਕੋਲ ਪਹੁੰਚ ਗਿਆ
ਮੈਂ ਦੋਹਾਂ ਨੂੰਹਾਂ ਨੂੰ ਵੱਖ ਵੱਖ ਬੈਠਾ ਕੇ ਸਮਝਾਇਆ ਕਿ ਇਸ ਡਰਾਮੇਬਾਜ਼ੀ ਨੂੰ ਬੰਦ ਕਰੋ
ਮੈਂ ਉਹਨਾਂ ਨੂੰ ਆਪਸ ਵਿੱਚ ਬੈਠ ਕੇ ਕੋਈ ਰਸਤਾ ਲਭਣ ਲਈ ਕਿਹਾ
ਦੋਹਾਂ ਨੂੰ ਵਾਰੀ ਵਾਰੀ ਸੰਮੋਹਿਤ ਕੀਤਾ ਤੇ ਕੁਝ ਜਰੂਰੀ ਆਦੇਸ਼ ਦੇਣ ਤੋਂ ਬਾਦ ਉਹਨਾਂ ਦੇ ਸੱਸ ਸਹੁਰੇ ਨੂੰ ਬੁਲਾ ਕੇ ਸਮਝਾਇਆ ਕਿ ਜਿੰਨੇ ਪੈਸੇ ਤੁਸੀਂ ਇਹਨਾਂ ਦੇ ਇਲਾਜ ਵਾਸਤੇ ਬਾਬਿਆਂ ਨੂੰ ਦਿੱਤੇ ਹਨ ਅਗਰ ਉੰਨੇ ਪੈਸੇ ਲਗਾਕੇ ਇੱਕ ਕਮਰਾ ਪਾ ਦਿੰਦੇ ਤਾਂ ਇਹ ਮਸਲਾ ਖੜ੍ਹਾ ਹੀ ਨਾ ਹੁੰਦਾ
ਹੁਣ ਉਹਨਾਂ ਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ ਤੇ ਮੇਰੇ ਨਾਲ ਵਾਦਾ ਕਰਕੇ ਗਏ ਕਿ ਜਾਂਦਿਆਂ ਹੀ ਕਮਰਾ ਪਾਉਣ ਦੀ ਤਿਆਰੀ ਸ਼ੁਰੂ ਕਰਾਂਗੇ
ਅੱਜ ਹੀ ਉਹਨਾਂ ਦਾ ਫੋਨ ਆਇਆ ਕਿ ਘਰ ਵਿੱਚ ਸਭ ਕੁਝ ਠੀਕ ਹੋ ਗਿਆ ਹੈ ਤੇ ਕਮਰੇ ਦੀ ਉਸਾਰੀ ਹੋ ਰਹੀ ਹੈ

No comments:

Post a Comment