ਮੈਂ ਆਪਣੀ ਹਵਾ ਵਿੱਚ ਨਹੀਂ ਹੁੰਦੀ \ ਇੰਦਰਜੀਤ ਕਮਲ - Inderjeet Kamal

Latest

Monday, 27 April 2015

ਮੈਂ ਆਪਣੀ ਹਵਾ ਵਿੱਚ ਨਹੀਂ ਹੁੰਦੀ \ ਇੰਦਰਜੀਤ ਕਮਲ

ਮੇਰੇ ਕਲੀਨਿਕ ਖੋਲ੍ਹਣ ਤੋਂ ਪਹਿਲਾਂ ਹੀ ਦੋ ਔਰਤਾਂ ਤੇ ਦੋ ਮਰਦ ਬਾਹਰ ਖੜ੍ਹੇ ਸਨ 
ਅੰਦਰ ਆਏ ਤਾਂ ਉਹਨਾਂ ਵਿੱਚੋਂ ਇੱਕ ਬੀਮਾਰ ਜਿਹੀ ਦਿੱਸਣ ਵਾਲੀ ਔਰਤ ਨੇ ਦੱਸਿਆ ਕਿ ਪਿਛਲੇ ਦਸ ਸਾਲ ਤੋਂ ਉਹਨਾਂ ਦੇ ਘਰ ਕੱਪੜੇ ਕੱਟੇ ਜਾਂਦੇ ਹਨ , ਪਹਿਲਾਂ ਥੋੜੇ ਬਹੁਤ ਕੱਟੇ ਜਾਂਦੇ ਸਨ ਤੇ ਉਹ ਟਾਂਕਾ ਵਗੈਰਾ ਲਗਾ ਕੇ ਪਾ ਲੈਂਦੇ ਸਨ , ਪਰ ਹੁਣ ਕੱਪੜੇ ਬਹੁਤ ਬੁਰੀ ਤਰ੍ਹਾਂ ਕੱਟੇ ਜਾਂਦੇ ਹਨ ਤੇ ਪਾਉਣ ਦੇ ਕਾਬਲ ਹੀ ਨਹੀਂ ਰਹਿੰਦੇ . ਕਈ ਕੱਪੜੇ ਤਾਂ ਗਾਇਬ ਹੀ ਹੋ ਜਾਂਦੇ ਹਨ 
ਮੈਂ ਘਰ ਦੇ ਜੀਆਂ ਦਾ ਵੇਰਵਾ ਮੰਗਿਆ ਤਾਂ ਪਤਾ ਲੱਗਾ ਕਿ ਘਰ ਵਿੱਚ ਸੱਤ ਮੈਂਬਰ ਹਨ ,ਇੱਕ ਬਜੁਰਗ ਔਰਤ ( ਉਹਦੀ ਸੱਸ ) , ਤਿੰਨ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਇੱਕ ਉਹਦਾ ਪਤੀ 
ਹਰਕਤਾਂ ਦਸ ਸਾਲ ਤੋਂ ਹੋ ਰਹੀਆਂ ਸਨ ਇਸ ਕਰਕੇ ਤਿੰਨਾ ਬੱਚਿਆਂ ਨੂੰ ਸ਼ੱਕ ਦੇ ਘੇਰੇ ਚੋਂ ਬਾਹਰ ਕਰ ਦਿੱਤਾ 
ਬਜੁਰਗ ਔਰਤ ਦੀ ਉਮਰ ਪੁੱਛਣ ਤੇ ਉਹ ਵੀ ਸ਼ੱਕ ਦੇ ਘੇਰੇ ਚੋਂ ਬਾਹਰ ਹੋ ਗਈ 
ਹੁਣ ਰਹਿ ਗਏ ਸਨ ਪਤੀ ਪਤਨੀ . ਪਤੀ ਸਾਰਾ ਦਿਨ ਮਿਹਨਤ ਮਜ਼ਦੂਰੀ ਵਾਸਤੇ ਘਰੋਂ ਬਾਹਰ ਰਹਿੰਦਾ ਸੀ ਤੇ ਇੱਕਲੀ ਉਹ ਬੀਮਾਰ ਦਿੱਸਣ ਵਾਲੀ ਔਰਤ ਹੀ ਬਚੀ 
ਮੈਂ ਉਸ ਔਰਤ ਨੂੰ ਛੱਡ ਕੇ ਸਾਰਿਆਂ ਨੂੰ ਕਲੀਨਿਕ ਤੋਂ ਬਾਹਰ ਜਾਣ ਵਾਸਤੇ ਕਿਹਾ 
ਉਹ ਸਾਰੇ ਉਠਕੇ ਬਾਹਰ ਖਲੋ ਗਏ ਮੈਂ ਬਿਨ੍ਹਾਂ ਦੇਰ ਕੀਤੇ ਉਹਨੂੰ ਸਿਧਾ ਸਵਾਲ ਕੀਤਾ ,
"ਤੂੰ ਇਹ ਸਭ ਕਿਓਂ ਕਰਦੀ ਏਂ ?"
ਕਹਿੰਦੀ ,
"ਮੈਂ ਤਾਂ ਨਹੀਂ ਕਰਦੀ " #KamalDiKalam
ਮੈਂ ਕਿਹਾ ,
" ਮੈਂ ਇਹ ਨਹੀਂ ਪੁੱਛਿਆ ਕਿ ਕੌਣ ਕਰਦਾ ਏ ? ਮੈਂ ਤਾਂ ਸਪਸ਼ਟ ਕਿਹਾ ਹੈ ਕਿ ਤੂੰ ਕਰਦੀ ਏਂ ਤੇ ਕਿਓਂ ਕਰਦੀ ਏਂ ? ਮੇਰਾ ਉਹਨਾਂ ਸਾਰਿਆਂ ਨੂੰ ਬਾਹਰ ਭੇਜਣ ਦਾ ਮਤਲਬ ਇੱਕ ਹੀ ਸੀ ਕਿ ਤੇਰੀ ਇੱਜਤ ਬਚੀ ਰਹੇ , ਮੈਂ ਚਾਹੁੰਦਾ ਹਾਂ ਕਿ ਇਸ ਬਾਰੇ ਕਿਸੇ ਹੋਰ ਨੂੰ ਪਤਾ ਨਾ ਲੱਗੇ ਕਿ ਇਸ ਸਾਰਾ ਕੰਮ ਤੂੰ ਕਰ ਰਹੀ ਏਂ "
ਕਹਿੰਦੀ ,
" ਉਸ ਵਕਤ ਮੈਂ ਆਪਣੀ ਹਵਾ ਵਿੱਚ ਨਹੀਂ ਹੁੰਦੀ "
ਮੈਂ ਪੁੱਛਿਆ ,
" ਕਿਹਦੀ ਹਵਾ ਚ ਹੁੰਦੀ ਏਂ ?"
ਕਹਿੰਦੀ,
" ਕੋਈ ਓਪਰੀ ਚੀਜ਼ ਕਰਵਾਉਂਦੀ ਏ "
ਉਹਨੇ ਹੋਰ ਕਈ ਤਰ੍ਹਾਂ ਦੇ ਡਰ ਲੱਗਣ ਦੀਆਂ ਘਟਨਾਵਾਂ ਤੋਂ ਇਲਾਵਾ ਇਹ ਵੀ ਦੱਸਿਆ ਕਿ ਉਹਦਾ ਘਰਵਾਲਾ ਭੰਗ ਪੀਂਦਾ ਹੈ 
ਹੁਣ ਸਾਰੀ ਗੱਲ ਮੇਰੀ ਸਮਝ ਵਿੱਚ ਆ ਚੁੱਕੀ ਸੀ, ਮੈਂ ਕਿਹਾ ,
" ਅਗਰ ਇਹ ਸਾਰਾ ਤੇਰੇ ਘਰਦਿਆਂ ਨੂੰ ਪਤਾ ਲੱਗ ਜਾਵੇ ਤਾਂ ਫਿਰ ਕੀ ਹਵੇਗਾ ?"
ਕਹਿੰਦੀ ,
" ਜਾਂ ਮੈਨੂੰ ਜਾਨੋ ਮਾਰ ਦੇਣਗੇ ਜਾਂ ਘਰੋਂ ਕਢ ਦੇਣਗੇ "
ਮੈਂ ਉਹਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਮੈਂ ਉਹਦੇ ਘਰਦਿਆਂ ਨੂੰ ਇਹਦੇ ਬਾਰੇ ਕੁਝ ਨਹੀਂ ਦੱਸਾਂਗਾ ਤੇ ਨਾਲ ਹੀ ਉਹਦੇ ਤੋਂ ਇਹੋ ਜਿਹੀਆਂ ਹਰਕਤਾਂ ਬੰਦ ਕਰਨ ਦਾ ਵਚਨ ਵੀ ਲਿਆ 
ਹੁਣ ਮੈਂ ਉਹਦੇ ਘਰਦਿਆਂ ਨੂੰ ਅੰਦਰ ਬੁਲਾ ਲਿਆ ਤੇ ਦੱਸਿਆ ਕਿ ਉਹਨਾਂ ਦਾ ਮਸਲਾ ਹੱਲ ਹੋ ਜਾਏਗਾ 
ਕੁਝ ਇਧਰ ਉਧਰ ਦੀਆਂ ਗੱਲਾਂ ਕਰਨ ਤੋਂ ਬਾਦ ਮੈਂ ਉਸ ਰੋਗੀ ਔਰਤ ਨੂੰ ਅੰਦਰ ਲਿਟਾ ਕੇ ਸੰਮੋਹਨ ਅਵਸਥਾ ਵਿੱਚ ਲੈ ਗਿਆ ਤੇ ਇੱਕ ਆਦੇਸ਼ ਨਾਲ ਉਹ ਸਾਰੀਆਂ ਚੀਜ਼ਾਂ ਉਹਦੇ ਸਾਹਮਣੇ ਬੁਲਾ ਲਈਆਂ , ਜੋ ਉਹਨੂੰ ਤੰਗ ਕਰਦੀਆਂ ਸਨ 
ਉਹਨਾਂ ਸਾਰੀਆਂ ਚੀਜ਼ਾਂ ਨੂੰ ਅੱਗ ਲਗਾਕੇ ਸਵਾਹ ਕਰ ਦਿੱਤਾ 
ਹੁਣ ਜਦੋਂ ਉਹ ਬਨਾਵਟੀ ਨੀਂਦ ਤੋਂ ਜਾਗੀ ਸੀ ਤਾਂ ਕੁਝ ਤਰੋਤਾਜ਼ਾ ਲੱਗ ਰਹੀ ਸੀ ,ਪਰ ਆਪਣੀ ਚੋਰੀ ਫੜੀ ਜਾਣ ਕਰਕੇ ਮੇਰੇ ਨਾਲ ਅੱਖ ਮਿਲਾਕੇ ਗੱਲ ਨਹੀਂ ਸੀ ਕਰ ਰਹੀ 
ਉਹਨਾਂ ਦੱਸਿਆ ਕਿ ਉਹ ਇਹਨਾਂ ਦਸਾਂ ਸਾਲਾਂ ਵਿੱਚ ਬਾਬੇ , ਤਾੰਤ੍ਰਿਕ , ਮੌਲਵੀ , ਫਕੀਰ , ਪੰਡਿਤ ਹਰ ਤਰ੍ਹਾਂ ਦੇ ਵਿਅਕਤੀ ਕੋਲ ਧੱਕੇ ਖਾ ਆਏ ਹਨ ਪਰ ਕੁਝ ਵੀ ਫਰਕ ਨਹੀਂ ਪਿਆ 
ਮੈਂ ਉਹਨਾਂ ਨੂੰ ਪੂਰੇ ਯਕੀਨ ਨਾਲ ਭੇਜ ਦਿੱਤਾ ਕਿ ਹੁਣ ਕੋਈ ਇਹੋ ਜਿਹੀ ਘਟਨਾ ਨਹੀਂ ਹੋਵੇਗੀ ਤੇ ਇੱਕ ਹਫਤੇ ਬਾਦ ਫੋਨ ਕਰਨ ਲਈ ਕਿਹਾ . ਇੱਕ ਹਫਤੇ ਬਾਦ ਉਹਨਾਂ ਦਾ ਫੋਨ ਆਇਆ ਕਿ ਸਭ ਕੁਝ ਠੀਕ ਰਿਹਾ ਹੈ

No comments:

Post a Comment