ਸਾਡਾ ਦੇਵਤਾ \ ਇੰਦਰਜੀਤ ਕਮਲ - Inderjeet Kamal

Latest

Monday, 27 April 2015

ਸਾਡਾ ਦੇਵਤਾ \ ਇੰਦਰਜੀਤ ਕਮਲ

ਪਿਛਲੇ ਹਫਤੇ ਪਾਣੀਪੱਤ  ਤੋਂ ਇੱਕ 70   ਸਾਲ ਦੀ ਔਰਤ ਨੂੰ ਲੈਕੇ ਮੇਰੇ ਕੋਲ ਆਏ | ਕਹਿੰਦੇ," ਇਹਦੇ ਅੰਦਰ ਓਪਰੀ ਚੀਜ਼ ਆਉਂਦੀ ਏ |"
ਮੈਂ  ਚੰਗੀ  ਤਰ੍ਹਾਂ ਜਾਂਚ ਪੜਤਾਲ ਕੀਤੀ ਤਾਂ ਸਮਝ  ਆਈ ਕੀ  ਕੇਸ  ਕਾਫੀ  ਪੁਰਾਣਾ ਤੇ  ਉਲਝਿਆ  ਹੋਇਆ  ਹੈ  | ਮੈਂ ਸੋਚਿਆ ਕਿ ਇਹ ਕੇਸ ਇੱਕ ਬੈਠਕ ਵਿੱਚ ਸੁਲਝਨ ਵਾਲਾ ਨਹੀਂ ਹੈ | ਮੈਂ ਉਹਨਾ ਨੂੰ ਦੱਸਿਆ ਕਿ ਘੱਟੋ ਘੱਟ ਤਿੰਨ ਚਾਰ ਦਿਨ ਲਗਾਤਾਰ ਆਉਣਾ ਪਵੇਗਾ , ਅਗਰ ਕੋਈ ਦਿੱਕਤ ਹੈ ਤਾਂ ਮੈਂ ਪਾਣੀਪੱਤ ਦੇ ਨੇੜੇ ਕਿਸੇ ਬੰਦੇ ਦਾ ਪਤਾ ਦੇ ਦਿੰਦਾ ਹਾਂ | ਉਸ ਔਰਤ ਦੇ ਘਰਵਾਲੇ ਨੇ ਦੱਸਿਆ ਕਿ ਉਹਨਾ ਦਾ ਲੜਕਾ ਇੱਥੇ ਹੀ ਰੇਲਵੇ ਵਰਕਸ਼ਾਪ ਵਿੱਚ ਨੌਕਰੀ ਕਰਦਾ ਹੈ  , ਉਹਦੇ ਕੋਲ ਠਹਿਰ ਜਾਣਗੇ | ਮੈਂ ਉਸ ਔਰਤ ਨੂੰ ਅੰਦਰ ਬੈਂਚ ਉੱਤੇ ਲੰਮੇ ਪੈਣ  ਲਈ ਕਿਹਾ ਤਾਂ ਕਿ ਉਸ ਨੂੰ ਸੰਮੋਹਿਤ ਕਰਕੇ ਮਸਲੇ ਦਾ ਹੱਲ ਕੀਤਾ ਜਾਵੇ | ਮੈਂ ਹਾਲੇ ਆਦੇਸ਼ ਦੇਣੇ ਸ਼ੁਰੂ ਹੀ ਕੀਤੇ ਸਨ ਕਿ ਉਹਨੇ ਆਪਣਾ ਸਰੀਰ ਅਕੜੌਣਾ ਸ਼ੁਰੂ ਕਰ ਦਿੱਤਾ | ਜਦੋਂ ਮੈ ਉਹਨੂੰ ਪੁੱਛਿਆ ਕੀ ਹੋ ਰਿਹਾ ਏ ?  ਤਾਂ ਬੋਲੀ " ਮੈਂ ਬੀਰਮਤੀ ਹਾਂ "

ਫਿਰ ਮੈਂ ਥੋੜੀ ਭਾਰੀ ਆਵਾਜ਼ ਕਰਕੇ ਦਬਕੇ ਦੇ ਰੂਪ ਵਿੱਚ ਉਹਨੂੰ ਸ਼ਾਂਤ ਰਹਿਣ ਦੇ ਆਦੇਸ਼ ਦਿੱਤੇ ਤਾਂ ਉਹ ਸ਼ਾਂਤ ਹੋ ਗਈ | ਉਸ ਤੋਂ ਬਾਅਦ ਮੈਂ ਉਹਨੂੰ ਪੂਰਨ ਸੰਮੋਹਿਤ ਅਵਸਥਾ ਵਿੱਚ ਲੈ ਗਿਆ ਤੇ ਬੀਰਮਤੀ ਨੂੰ ਉਹਦੇ ਖਿਆਲਾਂ ਵਿੱਚ ਲਿਆ ਕੇ ਖੜੀ ਕਰ ਦਿੱਤਾ ( ਬੀਰਮਤੀ ਉਹਨਾ ਦੇ ਪਿੰਡ ਦੀ ਕਾਫੀ ਚਿਰ ਪਹਿਲਾਂ ਮਰੀ ਔਰਤ ਸੀ ) ਹੁਣ ਮੈਂ ਉਹਨੂੰ ਕਿਹਾ ਕਿ ਮੈਂ ਤਿੰਨ ਤੱਕ ਗਿਣਤੀ ਕਰਾਂਗਾ ਤੇ ਬੀਰਮਤੀ ਨੂੰ ਅੱਗ ਲੱਗ ਜਾਵੇਗੀ  |  ਇੱਕ , ਦੋ , ਤਿੰਨ ਕਹਿਣ ਤੋਂ ਬਾਦ ਮੈਂ ਪੁੱਛਿਆ ਕਿ ਬੀਰਮਤੀ ਸੜ ਰਹੀ ਹੈ ? ਤਾਂ ਉਹਨੇ ਹਾਂ ਕਰ ਦਿੱਤੀ ਬੀਰਮਤੀ ਨੂੰ ਪੂਰੀ ਤਰ੍ਹਾਂ ਸਾੜਣ ਤੋਂ ਬਾਦ ਮੈਂ ਉਹਨੂੰ ਸੰਮੋਹਿਤ ਅਵਸਥਾ ਤੋਂ ਵਾਪਿਸ ਲੈ ਆਇਆ ਹੁਣ ਉਹ ਕਾਫੀ ਸ਼ਾਂਤ  ਲਗ ਰਹੀ ਸੀ  |     

ਮੈਂ ਉਹਨਾ ਨੂੰ ਕੁਝ ਗੱਲਾਂ ਸਮਝਾ ਕੇ ਕੱਲ੍ਹ ਆਉਣ ਵਾਸਤੇ ਕਹਿ ਕੇ ਭੇਜ ਦਿੱਤਾ | ਰਾਤ 9  ਵਜੇ ਦੇ ਕਰੀਬ ਫੋਨ ਆਇਆ ਕਿ ਉਸ ਔਰਤ ਵਿੱਚ ਹੁਣ ਬਲਕਾਰ ਰਾਮ ਬੋਲ ਰਿਹਾ ਹੈ | ਮੈਂ ਵੀ ਸਾਰੇ ਦਿਨ ਦਾ ਥੱਕਿਆ ਹੋਣ ਕਰਕੇ ਕਿਹਾ ਕਿ ਜਿੱਥੇ  ਇੰਨੇ ਸਾਲਾਂ ਤੋਂ ਝੱਲ ਰਹੇ ਹੋ ਅੱਜ ਦੀ ਰਾਤ ਹੋਰ ਝੱਲ ਲਓ | ਕੱਲ੍ਹ ਵੇਖ ਲਵਾਂਗੇ | ਅਗਲੇ ਦਿਨ ਉਹ ਦੋਵੇਂ ਬਜੁਰਗ ਆਪਣੇ ਪੁੱਤਰ ਨਾਲ ਆ ਗਏ | ਮੈਂ ਰਾਤ ਵਾਲੀ ਘਟਨਾ ਦਾ ਵੇਰਵਾ ਜਾਨਣਾ ਚਾਹਿਆ  ਤਾਂ ਉਸ ਔਰਤ ਦੇ  ਘਰ ਵਾਲੇ ਨੇ ਆਪਣੀ ਜੇਬ ਵਿੱਚੋਂ ਮੇਰਾ ਵਿਜ਼ਟਿੰਗ ਕਾਰਡ ਕਢਿਆ ਤੇ ਕਹਿੰਦਾ ," ਡਾਕਟਰ ਸਾਹਿਬ ਮੈਂ ਰਾਤੀਂ ਤੁਹਾਡਾ ਇਹ  ਕਾਰਡ ਸਾਹਮਣੇ ਰੱਖਿਆ ਤੇ ਹੱਥ ਜੋੜ ਕੇ ਕਿਹਾ ਹੇ ਡਾਕਟਰ ਇੰਦਰਜੀਤ ਦੇ ਦੇਵਤਾ ਸਾਡੇ ਤੇ ਮਿਹਰ ਕਰ |  ਬੱਸ ਫਿਰ ਕੀ ਸੀ ਇਹ ਉਸੇ ਵੇਲੇ ਸ਼ਾਂਤ ਹੋ ਗਈ |"

ਉਹਨਾ ਦੇ ਲੜਕੇ ਨੇ ਵੀ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਮੈਨੂੰ ਸਮਝ ਲੱਗ ਗਈ ਕਿ ਇਹਨਾ ਦਾ ਪੂਰਾ ਟੱਬਰ ਵਹਿਮਾ ਦਾ ਮਾਰਿਆ ਹੈ |

ਹੁਣ ਮੈਂ ਉਸ ਔਰਤ ਨੂੰ ਹੋਰ ਵੇਰਵੇ ਨਾਲ ਪੁੱਛਿਆ ਹੋਰ ਕੌਣ ਕੌਣ ਤੰਗ ਕਰਦਾ ਹੈ ਤਾਂ ਉਹਨੇ ਪੰਜ ਜਾਣਿਆਂ ਦੇ ਨਾਂਮ ਗਿਨਵਾ ਦਿੱਤੇ ਨਾਲ ਹੀ ਉਹਦਾ ਘਰਵਾਲਾ ਕਹਿਣ ਲੱਗਾ " ਮੇਰੀ ਮਾਂ ਨੂੰ ਮਰੀ ਨੂੰ ਦਸ ਸਾਲ ਹੋ ਗਏ ਨੇ ਉਹ ਵੀ ਆਉਂਦੀ ਏ ਇਹਦੇ ਵਿੱਚ | " ਸਾਰੀ ਗੱਲਬਾਤ ਸੁਣਨ ਤੋਂ ਬਾਦ ਮੈਂ ਉਸ ਔਰਤ ਨੂੰ ਸੰਮੋਹਿਤ ਅਵਸਥਾ ਵਿੱਚ ਲੈਕੇ ਗਿਆ ਅਤੇ ਉਹਨੂੰ ਤੰਗ ਕਰਨ ਵਾਲੀਆਂ ਸਾਰੀਆਂ ਅਖੌਤੀ ਆਤਮਾਵਾਂ ਨੂੰ ਉਹਦੇ ਸਾਹਮਣੇ ਆਉਣ ਦਾ ਹੁਕਮ ਦਿੱਤਾ | ਜਦੋਂ ਉਹਨੂੰ ਤੱਸਲੀ ਹੋ ਗਈ ਕਿ ਸਾਰੀਆਂ ਆਤਮਾਵਾਂ ਆ ਚੁੱਕੀਆਂ ਨੇ ਤਾਂ ਮੈਂ ਇੱਕ, ਦੋ , ਤਿੰਨ ਗਿਣ ਕੇ ਉਹਨਾ ਆਤਮਾਵਾਂ ਨੂੰ ਸਾੜ ਦਿੱਤਾ | ਅੱਜ ਫਿਰ ਕੁਝ  ਸੁਝਾ ਦੇਣ ਤੋਂ ਬਾਦ ਉਹਨਾ ਨੂੰ ਕੱਲ੍ਹ ਆਉਣ ਲਈ ਕਿਹਾ | ਅਗਲੇ ਦਿਨ ਜਦ  ਉਹ ਆਏ  ਤਾਂ ਉਹਨਾ ਦੇ ਚਿਹਰੇ  ਤੇ ਸਕੂਨ  ਝਲਕ  ਰਿਹਾ ਸੀ | ਹੁਣ ਉਹਨੂੰ ਕੁਝ ਨਹੀਂ ਸੀ ਹੋਇਆ ਫਿਰ ਵੀ ਮੈਂ ਉਹਨੂੰ ਹੋਰ ਮਾਨਸਿਕ ਤੌਰ ਤੇ ਮਜਬੂਤ ਕਰਨ ਲਈ ਇੱਕ ਵਾਰ ਸੰਮੋਹਿਤ ਕਰਕੇ ਕੁਝ ਜਰੂਰੀ ਆਦੇਸ਼ ਦਿੱਤੇ ਤਾਂ ਕਿ ਦੋਬਾਰਾ ਉਹ ਪਰੇਸ਼ਾਨ ਨਾ ਹੋਵੇ | ਨੀਂਦ ਤੋਂ ਜਾਗਣ ਤੋਂ ਬਾਦ ਉਹ ਕਹਿੰਦੀ ਤੁਹਾਡੇ ਦੇਵਤੇ ਦੇ ਪ੍ਰਸ਼ਾਦ ਵਾਸਤੇ ਕਿੰਨੀ ਰਕਮ ਦੇਈਏ ?

ਹੁਣ ਜੇ ਮੈਂ ਇਹਨਾ ਨੂੰ ਤਰਕਸ਼ੀਲਤਾ ਪੜਾਉਣ ਲਗ ਪੈਂਦਾ ਤਾਂ ਇਹ ਕੇਸ ਵਿਗੜ ਸਕਦਾ ਸੀ | ਮੈਂ ਕਿਹਾ ਜੀ ਸਾਡਾ ਦੇਵਤਾ ਕੋਈ ਪ੍ਰਸ਼ਾਦ ਵਗੈਰਾ ਨਹੀਂ ਖਾਂਦਾ |  
ਉਹ ਕਹਿੰਦੀ ' ਲੈ ਇਹ ਕਿਵੇਂ ਹੋ ਸਕਦਾ ਏ !!
ਉਹਨਾ ਮੇਰੇ ਅੱਗੇ ਸੌ ਸੌ ਦੇ ਕਈ ਨੋਟ ਰੱਖ ਦਿੱਤੇ  | ਖੈਰ ਮੈਂ ਫੈਸਲਾ ਕੀਤਾ ਤੇ ਇੱਕ ਨੋਟ ਚੁੱਕ  ਕੇ ਬਾਕੀ ਉਹਨਾ ਨੂੰ ਵਾਪਿਸ ਕਰ ਦਿੱਤੇ  | ਅੱਜ ਉਹਨਾ ਦਾ ਫੋਨ ਆਇਆ ਸੀ ਕਿ ਸਭ ਕੁਝ ਠੀਕ ਰਿਹਾ ਏ  | ਹੁਣ ਉਹ ਦਿੱਲੀ  ਰਹਿੰਦੇ ਆਪਣੇ ਪੁੱਤਰ ਨੂੰ ਲੈ ਕੇ ਆਉਣਗੇ  ,ਉਹਨੂੰ ਦਬਾਅ ਪੈਂਦਾ ਏ |

No comments:

Post a Comment