ਦੁਨੀਆਂ ਦਾ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਉਹ ਆਪਣੇ ਜਾਂ ਕਿਸੇ ਦੇ ਹਰ ਮਸਲੇ ਦਾ ਹੱਲ ਕਰ ਸਕਿਆ ਹੈ | ਮੈਂ ਤੁਹਾਡੇ ਨਾਲ ਬਹੁਤ ਸਾਰੇ ਮਾਨਸਿਕ ਰੋਗੀਆਂ ਜਾਂ ਭੂਤਾਂ ਪ੍ਰੇਤਾਂ ਦੇ ਵਹਿਮਾਂ ਦੇ ਸ਼ਿਕਾਰ ਲੋਕਾਂ ਨੂੰ ਠੀਕ ਕਰਨ ਵਾਲੇ ਕੇਸਾਂ ਨੂੰ ਸਾਂਝੇ ਕੀਤਾ ਹੈ | ਕਈ ਦੋਸਤਾਂ ਨੂੰ ਇਹ ਵੀ ਲਗਦਾ ਹੋਵੇਗਾ ਕਿ ਮੈਂ ਇਸ ਮਾਮਲੇ ਵਿੱਚ ਬਹੁਤ ਫਨਕਾਰ ਹਾਂ ਤੇ ਹਰ ਕੇਸ ਆਸਾਨੀ ਨਾਲ ਠੀਕ ਕਰ ਲੈਂਦਾ ਹਾਂ , ਪਰ ਨਹੀਂ | ਮੇਰੇ ਕੋਲ ਵੀ ਗਾਹੇ-ਬ-ਗਾਹੇ ਐਸੇ ਕੇਸ ਆ ਜਾਂਦੇ ਹਨ ਜੋ ਮੇਰੇ ਕੋਲੋਂ ਠੀਕ ਨਹੀਂ ਹੁੰਦੇ |
ਕੁਝ ਸਾਲ ਪਹਿਲਾਂ ਮੇਰੇ ਕੋਲ ਇੱਕ ਵਹਿਮੀ ਔਰਤ ਦਾ ਕੇਸ ਆਇਆ ਜੋ ਹਰ ਚੀਜ਼ ਨੂੰ ਧੋਕੇ ਵਰਤਦੀ ਸੀ ਤੇ ਛੋਟੀ ਜਿਹੀ ਗੱਲ ਤੋਂ ਉਠਕੇ ਨਹਾਉਣ ਚਲੀ ਜਾਂਦੀ ਸੀ| ਉਹਨੇ ਬਾਰ ਬਾਰ ਨਹਾਕੇ ਆਪਣਾ ਸਰੀਰ ਹੀ ਗਲਣ ਵਰਗਾ ਕਰ ਲਿਆ ਸੀ |
ਉਹਦੇ ਘਰਵਾਲੇ ਦੇ ਕਹਿਣ ਤੇ ਮੈਂ ਉਹਨਾ ਦੇ ਘਰ ਗਿਆ | ਉਸ ਵਕਤ ਉਹਦਾ ਘਰਵਾਲਾ ਘਰ ਦਾ ਰਾਸ਼ਨ ਲੈਕੇ ਪਹੁੰਚਿਆ ਹੀ ਸੀ | ਜਿਓਂ ਹੀ ਉਸਨੇ ਆਪਣਾ ਸਾਇਕਲ ਖੜ੍ਹਾ ਕੀਤਾ ਉਹ ਝੱਟ ਪਾਣੀ ਦਾ ਜੱਗ ਲੈਕੇ ਆਈ ਤੇ ਉਹਦੇ ਹੱਥ ਧਵਾਉਣ ਤੋਂ ਬਾਦ ਸਾਇਕਲ ਦੇ ਹੈਡਲ ਦੀਆਂ ਮੁੱਠਾਂ ਵੀ ਧੋਤੀਆਂ | ਫਿਰ ਉਹਨੇ ਮੇਰੇ ਹੱਥ ਵੀ ਧੁਆਏ | ਉਹ ਰਾਸ਼ਨ ਵਾਲਾ ਥੈਲਾ ਆਰਾਮ ਨਾਲ ਚੁੱਕ ਕੇ ਲੈ ਗਈ |
ਮੈਂ ਅੰਦਰ ਜਾਕੇ ਕੁਰਸੀ ਉੱਪਰ ਬੈਠ ਗਿਆ | ਉਹਦੇ ਘਰਵਾਲੇ ਨੇ ਦੱਸਿਆ ਕਿ ਜਿਸ ਕੁਰਸੀ ਉੱਪਰ ਮੈਂ ਬੈਠਾ ਹਾਂ ਮੇਰੇ ਜਾਣ ਤੋਂ ਬਾਦ ਇਹ ਵੀ ਧੋਤੀ ਜਾਵੇਗੀ | ਉਹ ਜਨਾਨੀ ਮੇਰੇ ਕੋਲ ਆਕੇ ਬੈਠ ਗਈ ਤੇ ਮੈਂ ਉਹਦੇ ਰੋਗ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿਤੀ | ਕਾਫੀ ਗੱਲਾਂ ਪੁੱਛਣ ਤੋਂ ਬਾਦ ਮੈਂ ਜਾਨਬੂਝ ਕੇ ਉਸ ਜਨਾਨੀ ਦੇ ਹੱਥ ਨੂੰ ਛੂਹ ਲਿਆ | ਉਹ ਇੱਕ ਦੰਮ ਉਠੀ ਤੇ ਚਲੀ ਗਈ | ਉਹਦਾ ਘਰਵਾਲਾ ਕਹਿੰਦਾ , "ਹੁਣ ਅਧਾ ਘੰਟਾ ਬੰਨੇ | ਹੁਣ ਇਹ ਚੰਗੀ ਤਰ੍ਹਾਂ ਨਹਾਕੇ ਆਏਗੀ | "
ਮੈਂ ਉਹਦੇ ਘਰਵਾਲੇ ਨੂੰ ਦੱਸਿਆ ਕਿ ਇਹ ਸਭ ਕੁਝ ਮੈ ਜਾਨਬੁਝ ਕੇ ਉਹਦੀਆਂ ਹਰਕਤਾਂ ਨੋਟ ਕਰਨ ਵਾਸਤੇ ਕੀਤਾ ਹੈ | ਕਾਫੀ ਇੰਤਜ਼ਾਰ ਤੋਂ ਬਾਦ ਉਹ ਆ ਗਈ | ਮੈਂ ਉਹਨੂੰ ਪੁੱਛਿਆ ਕਿ ਉਹਨੇ ਸਾਰੀਆਂ ਚੀਜ਼ਾਂ ਕਿਓਂ ਧੋਤੀਆਂ , ਤਾਂ ਕਹਿੰਦੀ ," ਇਹ ਬਾਹਰੋਂ ਆਈਆਂ ਨੇ ਇਸ ਕਰਕੇ ਗੰਦੀਆਂ ਨੇ !"
ਮੈਂ ਝੱਟ ਹੀ ਕਿਹਾ ," ਰਾਸ਼ਨ ਦਾ ਸਮਾਨ ਵੀ ਤਾਂ ਬਾਹਰੋਂ ਆਇਆ ਏ , ਖੰਡ, ਹਲਦੀ , ਚਾਹਪੱਤੀ, ਸਾਬਣ, ਆਟਾ ,ਲੂਣ ਇਹ ਸਭ ਕੁਝ ਵੀ ਬਾਹਰ ਲਿਆ ਤੇ ਧੋ ਲੈ |"
ਕਹਿੰਦੀ ," ਉਹ ਤਾਂ ਖਰਾਬ ਹੋ ਜਾਣਗੇ |"
ਮੈਂ ਕਾਫੀ ਦੇਰ ਲਗਾ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਉਹਨੂੰ ਪਤਾ ਹੈ ਕਿ ਖਰਾਬ ਹੋਣ ਵਾਲੀਆਂ ਚੀਜ਼ਾਂ ਨੂੰ ਵੀ ਉਹਨਾਂ ਹੱਥਾਂ ਨਾਲ ਹੀ ਛੂਹਿਆ ਗਿਆ ਹੈ , ਜਿਹਨਾ ਨਾਲ ਉਹਨਾਂ ਚੀਜ਼ਾਂ ਨੂੰ ਛੂਹਿਆ ਗਿਆ ਹੈ ਜੋ ਧੋਤੀਆਂ ਜਾ ਸਕਦੀਆਂ ਨੇ , ਫਿਰ ਵੀ ਉਹ ਵਹਿਮ ਕਿਓਂ ਕਰਦੀ ਹੈ | ਉਹਦੇ ਕੋਲ ਕੋਈ ਜਵਾਬ ਨਹੀਂ ਸੀ |
ਜਦੋਂ ਮੈਂ ਉਹਨੂੰ ਪੁੱਛਿਆ ਕਿ ਉਹ ਕਿਵੇਂ ਠੀਕ ਹੋ ਸਕਦੀ ਹੈ ਤਾਂ ਉਹਨੇ ਕਿਹਾ ਕਿ ਅਗਰ ਆਗਰੇ ਵਾਲੀ ਊਸ਼ਾ ਮਾਤਾ ਉਹਨੂੰ ਆ ਕੇ ਕਹਿ ਦੇਵੇ ਤਾਂ ਉਹ ਵਹਿਮ ਕਰਨਾ ਬੰਦ ਕਰ ਦੇਵੇਗੀ | ਮੈਂ ਉਹਨੂੰ ਸੰਮੋਹਿਤ ਕਰਕੇ ਉਹਦੇ ਸਾਹਮਣੇ ਊਸ਼ਾ ਮਾਤਾ ਨੂੰ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ,ਪਤਾ ਨਹੀਂ ਉਸ਼ਾ ਮਾਤਾ ਢੀਠ ਸੀ ਜਾਂ ਉਹ ਮਰੀਜ਼ ਔਰਤ ,ਨਾ ਉਹ ਸੰਮੋਹਿਤ ਹੋਈ ਤੇ ਨਾ ਊਸ਼ਾ ਮਾਤਾ ਆਈ | ਗੱਲ ਨਾ ਬਣੀ |
ਇਸ ਮਰੀਜ਼ ਦਾ ਕਈ ਸਾਲਾਂ ਤੋ ਭਾਰਤ ਭਰ ਦੇ ਵੱਡੇ ਵੱਡੇ ਹਸਪਤਾਲਾਂ ਵਿੱਚ ਇਲਾਜ ਹੋ ਚੁੱਕਾ ਸੀ | ਮੈਂ ਆਪਣੀ ਪੂਰੀ ਵਾਹ ਲਗਾਉਣ ਦੀ ਕੋਸ਼ਿਸ਼ ਕੀਤੀ , ਪਰ ਕਈ ਦਿਨਾਂ ਦੀ ਮਿਹਨਤ ਦੇ ਬਾਵਜੂਦ ਵੀ ਕੋਈ ਨਤੀਜਾ ਨਾ ਮਿਲਿਆ | ਆਖਿਰ ਮੈਂ ਇਸ ਕੇਸ ਤੋਂ ਹਾਰ ਮੰਨ ਗਿਆ |
No comments:
Post a Comment