ਅਸੀਂ ਹੋਰ ਖਬਰ ਨਹੀਂ ਛਪਵਾਉਣੀ \ ਇੰਦਰਜੀਤ ਕਮਲ - Inderjeet Kamal

Latest

Wednesday, 1 April 2015

ਅਸੀਂ ਹੋਰ ਖਬਰ ਨਹੀਂ ਛਪਵਾਉਣੀ \ ਇੰਦਰਜੀਤ ਕਮਲ

ਬਹੁਤ ਪੁਰਾਣੀ ਗੱਲ ਹੈ , ਲਗਭਗ ਤੀਹ ਸਾਲ ਪਹਿਲਾਂ ਦੀ | ਮੈਂ ਪੱਟੀ ਇਲਾਕੇ ਵਿੱਚ ਪੱਤਰਕਾਰੀ ਕਰਦਾ ਸਾਂ | ਇੱਕ ਦਿਨ ਮੈਨੂੰ ਕਿਸੇ ਕੰਮ B.D.P.O ਦੇ ਦਫਤਰ ਜਾਣਾ ਪਿਆ | ਮੈਂ ਇੱਕ ਕਮਰੇ ਵਿੱਚ ਗਿਆ ਤਾਂ ਸਾਰਾ ਸਟਾਫ਼ ਇੱਕ ਨੁੱਕਰ ਚ ਸਹਿਮਿਆ ਜਿਹਾ ਖੜਾ ਸੀ , ਜਿਹਦੇ ਵਿੱਚ ਜਿਆਦਾ ਔਰਤਾਂ ਸਨ | ਮੈਨੂੰ ਵੇਖਕੇ ਹੈਰਾਨੀ ਜਿਹੀ ਹੋਈ | ਇੱਕ ਬੀਬੀ ਨੇ ਮੈਨੂੰ ਇਸ਼ਾਰੇ ਨਾਲ ਪਾਸੇ ਹੋਣ ਲਈ ਕਿਹਾ | ਮੈਂ ਪੁੱਛਿਆ , " ਹੋਇਆ ਕੀ ਹੈ ?" 
ਉਹ ਇੱਕ ਮੇਜ਼ ਵੱਲ ਇਸ਼ਾਰਾ ਕਰਕੇ ਕਹਿੰਦੀ ," ਇੱਥੋਂ ਹਟ ਜਾਓ |" 
ਹਾਲਾਤ ਹੀ ਕੁਝ ਐਸੇ ਸਨ ਕਿ ਮੈਂ ਵੀ ਘਬਰਾਹ ਕੇ ਪਾਸੇ ਹਟ ਗਿਆ | ਮੈਂ ਵੇਖਿਆ ਮੇਜ਼ ਉੱਪਰ ਇੱਕ ਲਾਲ ਰੰਗ ਦਾ ਕੱਪੜਾ ਪਿਆ ਸੀ , ਜਿਹਨੂੰ ਤਿੰਨਾ ਨੁੱਕਰਾਂ ਤੇ ਵੱਖ ਵੱਖ ਆਕਾਰ ਦੀਆਂ ਗੰਢਾ ਬੰਨ੍ਹੀਆਂ ਹੋਈਆਂ ਸਨ | ਹੋਰ ਕੋਈ ਖਾਸ ਚੀਜ਼ ਨਜਰ ਨਹੀਂ ਆਈ | ਮੈਂ ਫਿਰ ਪੁੱਛਿਆ ," ਹੋਇਆ ਕੀ ਹੈ ?"
" ਸਾਹਮਣੇ ਮੇਜ਼ ਤੇ ਕੋਈ ਟੂਣਾ ਕਰ ਗਿਆ ਹੈ |" ਉਹਨੇ ਮੇਜ਼ ਤੇ ਪਏ ਲਾਲ ਕੱਪੜੇ ਵੱਲ ਇਸ਼ਾਰਾ ਕੀਤਾ ਤੇ ਮੇਰਾ ਹਾਸਾ ਨਿਕਲ ਗਿਆ | ਉਹ ਕਹਿੰਦੀ , " ਅਸੀਂ ਇੱਕ ਤਾਂਤਰਿਕ ਬੁਲਾਇਆ ਹੈ | ਉਹ ਆਕੇ ਦੱਸੇਗਾ |"
ਮੈਂ ਅੱਗੇ ਹੋਕੇ ਕੱਪੜਾ ਫੜਣ ਲੱਗਾ ਤਾਂ ਸਾਰਿਆਂ ਨੇ ਰੌਲਾ ਜਿਹਾ ਪਾ ਦਿੱਤਾ | ਮੈਂ ਵੀ ਬੇਗਾਨੀ ਥਾਂ ਤੇ ਪੰਗਾ ਲੈਣਾ ਠੀਕ ਨਾ ਸਮਝਿਆ | ਇੰਨੇ ਚਿਰ ਨੂੰ ਇੱਕ ਪੇਂਡੂ ਜਿਹੀ ਦਿੱਸਣ ਵਾਲੀ ਔਰਤ ਆਈ ਤੇ ਭੱਜ ਕੇ ਉਹ ਕੱਪੜਾ ਫੜ ਲਿਆ | ਕਹਿੰਦੀ ," ਮੇਰਾ ਰੁਮਾਲ ਇੱਥੇ ਰਹਿ ਗਿਆ ਸੀ , ਮੈਂ ਤਾਂ ਲਭ ਲਭ ਖਪ ਗਈ |"
ਮੈਂ ਇਹਦੀ ਖਬਰ ਬਣਾਕੇ ਅਖਬਾਰਾਂ ਨੂੰ ਭੇਜ ਦਿੱਤੀ ਜੋ ਲੋਕਾਂ ਨੇ ਮਜ਼ੇ ਲੈ ਲੈਕੇ ਪੜ੍ਹੀ | ਉਸ ਤੋਂ ਬਾਦ ਜਦੋਂ ਵੀ ਮੈਂ ਉਸ ਦਫਤਰ ਜਾਂਦਾ , ਮੈਨੂੰ ਵੇਖਦੇ ਹੀ ਸਾਰੇ ਚੁੱਪ ਕਰ ਜਾਂਦੇ | ਇੱਕ ਦਿਨ ਮੈਂ ਕਾਰਣ ਪੁੱਛਿਆ ਤਾਂ ਇੱਕ ਕਹਿੰਦੀ , " ਅਸੀਂ ਹੋਰ ਖਬਰ ਨਹੀਂ ਛਪਵਾਉਣੀ ! "

No comments:

Post a Comment