ਮਾਨਸਿਕ ਉਲਟੀਆਂ \ਇੰਦਰਜੀਤ ਕਮਲ - Inderjeet Kamal

Latest

Friday, 27 March 2015

ਮਾਨਸਿਕ ਉਲਟੀਆਂ \ਇੰਦਰਜੀਤ ਕਮਲ

 ਅੱਜ ਸਵੇਰੇ ਇੱਕ ਨੌਜਵਾਨ ਔਰਤ ਨੂੰ ਲੈਕੇ ਆਏ ਤੇ ਉਹਨਾਂ ਦੱਸਿਆ ਕਿ ਇੱਕ ਹਫਤੇ ਤੋਂ ਇਹਦੀਆਂ ਉਲਟੀਆਂ ਬੰਦ ਨਹੀਂ ਹੋ ਰਹੀਆਂ | ਕੁਝ ਖਾਣ ਤੋਂ ਬਾਦ ਤਾਂ ਅਲਗ ਗੱਲ ਪਾਣੀ ਪੀਣ ਤੋਂ ਬਾਦ ਵੀ ਉਹਨੂੰ ਉਲਟੀ ਆ ਜਾਂਦੀ ਹੈ | ਉਹਨਾਂ ਇਹ ਵੀ ਦੱਸਿਆ ਕਿ ਇਹਨੂੰ ਚਾਰ ਦਿਨ ਹਸਪਤਾਲ ਚ ਦਾਖਲ ਰੱਖਿਆ ਉੱਥੇ ਉਲਟੀ ਨਹੀਂ ਆਈ ਪਰ ਘਰ ਆਉਂਦਿਆਂ ਹੀ ਫਿਰ ਉਹੀ ਸਿਲਸਿਲਾ ਸ਼ੁਰੂ | ਟੈਸਟ ਰਿਪੋਰਟਾਂ ਵਿੱਚ ਕੁਝ ਵੀ ਨਹੀਂ ਸੀ | 
ਹਸਪਤਾਲ ਦੇ ਇਲਾਜ ਤੋਂ ਪਤਾ ਲਗਦਾ ਸੀ ਕਿ ਜਿੰਨਾ ਚਿਰ ਉਹ ਹਸਪਤਾਲ ਵਿੱਚ ਦਾਖਲ ਰਹੀ ਸਵੇਰੇਸ਼ਾਮ ਨਸ਼ੇ ਦੇ ਟੀਕੇ ਲੱਗਣ ਕਾਰਨ ਉਹਨੂੰ ਉਲਟੀ ਨਹੀਂ ਆਈ , ਪਰ ਘਰ ਪਹੁੰਚਦਿਆਂ ਹੀ ਨਸ਼ਾ ਉੱਤਰਨ ਕਰਕੇ ਇਹ ਸਿਲਸਿਲਾ ਫਿਰ ਤੋਂ ਸ਼ੁਰੂ ਹੋ ਗਿਆ | ਸਾਰੇ ਹਲਾਤ ਤੇ ਉਹਦੇ ਚਿਹਰੇ ਤੇ ਛਾਈ ਉਦਾਸੀ ਵੇਖਕੇ ਮੈਂ ਕਿਹਾ ਮੈਨੂੰ ਲਗਦਾ ਏ ਇਹਨੂੰ ਕੋਈ ਸਦਮਾ ਲੱਗਾ ਹੈ , ਪਰ ਨਾਲ ਆਈ ਉਹਦੀ ਜੇਠਾਨੀ ਤੇ ਘਰਵਾਲੇ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ | ਮੈਂ ਉਹਨਾਂ ਨੂੰ ਥੋੜੀ ਦੇਰ ਬੈਠਣ ਲਈ ਕਿਹਾ ਤੇ ਹੋਰ ਮਰੀਜ਼ਾਂ ਨੂੰ ਵੇਖਦੇ ਵੇਖਦੇ ਮੈਂ ਉਸ ਮਰੀਜ਼ ਦੀਆਂ ਹਰਕਤਾਂ ਤੇ ਵੀ ਨਜਰ ਰੱਖੀ | ਬਾਰਬਾਰ ਉਹਦੀ ਸ਼ਕਲ ਰੋਣਹਾਕੀ ਜਿਹੀ ਕੋ ਜਾਂਦੀ ਸੀ ਤੇ ਉਹ ਕੁਝ ਬੁੜਬੁੜਾ ਲੈਂਦੀ ਸੀ |
ਵਿਹਲਾ ਹੋਣ ਤੇ ਮੈਂ ਫਿਰ ਉਸ ਮਰੀਜ਼ ਨੂੰ ਬੁਲਾਇਆ ਤੇ ਕੁਝ ਵੇਰਵਾ ਲਿਆ | ਉਹ ਕਹਿੰਦੀ ਕਿ ਉਹਨੂੰ ਲਗਦਾ ਹੈ ਕਿ ਹੁਣ ਉਹ ਬਚੇਗੀ ਨਹੀਂ | ਮੈਂ ਕਾਰਨ ਪੁੱਛਿਆ ਤਾਂ ਉਹਨੇ ਰੋਣਾ ਸ਼ੁਰੂ ਕਰ ਦਿੱਤਾ | ਮੈਂ ਜਾਣਬੁਝ ਕੇ ਇੱਕ ਦੋ ਗੱਲਾਂ ਹੋਰ ਕਰਕੇ ਉਹਨੂੰ ਹੋਰ ਰੋਣ ਲਈ ਮਜਬੂਰ ਕਰ ਦਿੱਤਾ ਤੇ ਉਹਨੇ ਸੁਬਕਦੀ ਹੋਈ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਰਾਤ ਨੂੰ ਦੁਕਾਨ ਤੋਂ ਕੋਈ ਸਮਾਨ ਲੈਣ ਗਈ ਸੀ ਤੇ ਉਹਨੇ ਇੱਕ ਟੂਣਾ ਟੱਪ ਲਿਆ ਸੀ , ਬੱਸ ਉਦੋਂ ਤੋਂ ਹੀ ਉਹਨੂੰ ਲਗਦਾ ਹੈ ਕਿ ਉਹਨੇ ਬਚਣਾ ਨਹੀਂ ਹੈ |
ਮੈਂ ਉਹਨੂੰ ਅੰਦਰ ਲੰਮੀ ਪੈਣ ਲਈ ਕਿਹਾ ਤੇ ਕੁਝ ਆਦੇਸ਼ ਦੇਣ ਤੋਂ ਬਾਦ ਹੀ ਉਹ ਸੰਮੋਹਿਤ ਅਵਸਥਾ ਵਿੱਚ ਪਹੁੰਚ ਗਈ | ਉਹਨੂੰ ਜਰੂਰੀ ਆਦੇਸ਼ ਦੇਣ ਤੋਂ ਬਾਦ ਮੈਂ ਉਹਨੂੰ ਨੀਂਦ ਤੋਂ ਜਗਾਇਆ ਤੇ ਬਾਹਰ ਆਉਣ ਲਈ ਕਿਹਾ | ਬਾਹਰ ਆਉਣ ਤੇ ਮੈਂ ਉਹਨੂੰ ਪੀਣ ਲਈ ਪਾਣੀ ਦਾ ਇੱਕ ਗਲਾਸ ਦਿਤਾ ਜੋ ਉਹਨੇ ਇੱਕ ਘੁੱਟ ਭਰ ਕੇ ਰੱਖ ਦਿੱਤਾ | ਜਰੂਰੀ ਦਵਾਈ ਦੇਣ ਤੋਂ ਬਾਦ ਮੈਂ ਉਹਨਾਂ ਨੂੰ ਘਰ ਭੇਜ ਦਿੱਤਾ ਤੇ ਨਜਦੀਕੀ ਹੋਣ ਕਰਕੇ ਸ਼ਾਮ ਨੂੰ ਦੁਬਾਰਾ ਆਉਣ ਲਈ ਕਿਹਾ | ਥੋੜੀ ਦੇਰ ਪਹਿਲਾਂ ਹੀ ਦੋਵੇਂ ਜੀਅ ਦੱਸਕੇ ਗਏ ਹਨ ਕਿ ਉਹਨੂੰ ਉਸ ਤੋਂ ਬਾਦ ਕੋਈ ਉਲਟੀ ਨਹੀਂ ਆਈ ਤੇ ਉਹਨੇ ਰੋਟੀ ਵੀ ਖਾਧੀ ਹੈ | ਜੈ ਟੂਣਾ ਮਹਾਂਰਾਜ ਕੀ !!!

No comments:

Post a Comment