ਫਾਇਦਾ \ ਨੁਕਸਾਨ \ ਇੰਦਰਜੀਤ ਕਮਲ - Inderjeet Kamal

Latest

Saturday, 28 February 2015

ਫਾਇਦਾ \ ਨੁਕਸਾਨ \ ਇੰਦਰਜੀਤ ਕਮਲ

 ਕਿਸੇ ਵੀ ਚੀਜ਼ ਦੀ ਦੁਰਵਰਤੋਂ ਸਾਨੂੰ ਨੁਕਸਾਨ ਪਹੁੰਚਾ ਸਕਦੀ ਹੈ ,ਬੇਸ਼ੱਕ ਉਹ ਸਾਡੀ ਜਿੰਦਗੀ ਲਈ ਸਭ ਤੋਂ ਜ਼ਰੂਰੀ  ਹਵਾ ਤੇ ਪਾਣੀ ਹੀ ਕਿਓਂ ਨਾ ਹੋਣ |
                                              ਕੁਝ ਸਾਲ ਪਹਿਲਾਂ ਮੇਰਾ ਇੱਕ ਮਿੱਤਰ ਮੇਰੇ ਕੋਲ ਆਇਆ ਤੇ ਉਹਨੇ ਆਪਣੇ ਇੱਕ ਮਿੱਤਰ ਦੇ ਲਛਣ ਦੱਸਣੇ ਸ਼ੁਰੂ ਕਰ ਦਿੱਤੇ | ਮੈਂ ਉਹਨੂੰ ਸਲਾਹ ਦਿੱਤੀ ਕਿ ਅਗਰ ਮਰੀਜ਼ ਖੁਦ ਸਾਹਮਣੇ ਹੋਵੇ ਤਾਂ ਮਰਜ਼ ਬਾਰੇ ਸਮਝਣਾ ਜਿਆਦਾ ਆਸਾਨ ਹੁੰਦਾ  ਹੈ , ਪਰ ਉਹਨੇ ਕਿਹਾ ਕਿ ਉਕਤ ਮਰੀਜ਼ ਸ਼ਰਮ ਕਾਰਣ ਸਾਹਮਣੇ ਨਹੀਂ ਆਉਣਾ ਚਾਹੁੰਦਾ |
                                               ਉਹਦੇ ਸਾਰੇ ਲਛਣ ਨੋਟ ਕਰਨ ਤੋਂ ਬਾਦ ਜਦੋਂ ਦਵਾਈ ਸਾਹਮਣੇ ਆਈ ਤਾਂ ਮੈਂ ਉਹਦੇ ਹੱਥ ਤੇ ਬਣੇ ਇੱਕ ਨਿਸ਼ਾਨ ਵੱਲ ਇਸ਼ਾਰਾ ਕਰਕੇ ਕਿਹਾ , " ਅਗਰ ਇਹੋ ਲਛਣ ਤੇਰੇ ਹੁੰਦੇ ਤਾਂ ਤੇਰੇ ਹੱਥ ਦਾ ਇਹ ਨਿਸ਼ਾਨ ਵੀ ਜਾ ਸਕਦਾ ਹੈ |"
                                                ਉਹਨੇ ਝੱਟ ਮੰਨ ਲਿਆ ਕਿ ਇਹ ਸਾਰੇ ਲਛਣ ਉਹਦੇ ਹੀ ਹਨ |  ਮੈਂ ਉਹਦੀ ਚੁਣੀ ਹੋਈ ਦਵਾਈ ਦੀ ਸ਼ੀਸ਼ੀ ਲਈ ਤੇ ਉਹਨੂੰ ਮੂੰਹ ਖੋਲ੍ਹਣ ਲਈ ਕਿਹਾ ਤੇ ਉਹਦੀ ਜ਼ੁਬਾਨ ਤੇ ਦਵਾਈ ਦੀ ਇੱਕ ਬੂੰਦ ਪਾ ਦਿੱਤੀ | ਉਹਨੇ ਮੈਨੂੰ ਦਵਾਈ ਬਣਾਕੇ ਦੇਣ ਨੂੰ ਕਿਹਾ | ਮੈਂ ਉਹਨੂੰ ਦੱਸਿਆ ਕਿ ਇਸ ਦਵਾਈ ਦੀ ਇੰਨੀ ਖੁਰਾਕ ਹੀ ਬਹੁਤ ਹੁੰਦੀ ਹੈ , ਇਸ ਤੋਂ ਵੱਧ ਨਹੀਂ ਦੇਣੀ ਚਾਹੀਦੀ, ਨੁਕਸਾਨ ਕਰਦੀ ਹੈ | ਉਹਨੇ ਦਵਾਈ ਵਾਲੀ ਸ਼ੀਸ਼ੀ ਫੜ ਕੇ ਉਹਦਾ ਨਾਂ ਪੜ੍ਹਨਾਂ ਸ਼ੁਰੂ ਕਰ ਦਿੱਤਾ  | ਮੈਂ ਉਹਨੂੰ ਵਿਸਥਾਰ ਨਾਲ ਸਮਝਾਇਆ ਕਿ ਇਸ ਦਵਾਈ ਬਾਰੇ ਖਾਸ ਕਰਕੇ ਹਰ ਕਿਤਾਬ ਵਿੱਚ ਲਿਖਿਆ  ਹੈ ਕਿ ਇਹਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ  | ਅੱਗੋਂ ਉਹਦਾ ਜਵਾਬ ਸੀ ," ਯਾਰ ਤੂੰ ਮੈਨੂੰ ਅਨਪੜ੍ਹ ਸਮਝਦਾ ਏਂ ? "
                                              ਗੱਲ ਆਈ ਗਈ ਹੋ ਗਈ | ਕੁਝ ਦਿਨਾਂ ਬਾਦ ਉਹੀ  ਦੋਸਤ ਮੇਰੇ ਕਲੀਨਿਕ ਤੇ ਆਇਆ ਤੇ ਅੱਖਾਂ ਚ ਅਥਰੂ ਭਰ ਕੇ ਕਹਿਣ ਲੱਗਾ , " ਯਾਰ , ਮੈਂ ਤਾਂ ਬਿਲਕੁਲ ਹੀ ਖਤਮ ਹੋ ਗਿਆ |"
                                            " ਕੀ ਗੱਲ ਹੋ ਗਈ ?" ਉਹਦੇ ਗੱਲ ਕਰਦਿਆਂ ਹੀ ਮੇਰੇ ਮੂੰਹ ਚੋ ਸਵਾਲ  ਨਿਕਲਿਆ |
                                             ਜਦੋਂ ਉਹਨੇ ਸਾਰੀ ਗੱਲ ਦੱਸੀ ਤਾਂ ਮੈਂ ਕਿਹਾ , " ਇਹਦਾ ਮਤਲਬ  ........... ਦਵਾਈ  ਲੈਕੇ ਵਰਤ ਲਈ ਤੂੰ ? "
                                             ਉਹਨੇ ਹਾਂ ਚ ਸਿਰ ਹਿਲਾਉਣ ਤੋਂ ਬਿਨ੍ਹਾਂ ਕੁਝ ਨਾ ਕਿਹਾ | ਫਿਰ  ਕਈ ਦਿਨ ਉਹਨੂੰ ਉਸ ਦਵਾਈ ਦਾ ਤੋੜ ਦੇਕੇ ਠੀਕ ਕੀਤਾ | ਹੁਣ ਉਹ ਡਾਕਟਰ ਵੱਲੋਂ ਦਿੱਤੀ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਕਈ ਵਾਰ ਪੁੱਛਦਾ ਹੈ , " ਇਹਨੂੰ ਦੁਹਰਾਇਆ ਜਾ ਸਕਦਾ ਹੈ ? "
                                                  ਦੋਸਤੋ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਨਾ ਲਓ | 

No comments:

Post a Comment