ਮੇਰਾ ਇੱਕ ਨਜ਼ਦੀਕੀ ਮੇਰੇ ਕੋਲ ਆਪਣੇ ਬੱਚੇ ਦੀ ਦਵਾਈ ਲੈਣ ਆਇਆ | ਦਵਾਈ ਦੇਣ ਤੋਂ ਬਾਦ ਮੈਂ ਪੈਸੇ ਲੈਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਕਹਿਣ ਲੱਗਾ ,
" ਇਹ ਤਾਂ ਹੋ ਨਹੀਂ ਸਕਦਾ !'
ਮੈਂ ਕਿਹਾ , " ਹੋ ਕਿਓਂ ਨਹੀਂ ਸਕਦਾ ?"
ਕਹਿੰਦਾ ," ਬੱਚਾ ਠੀਕ ਕਿਵੇਂ ਹੋਊ ?"
ਮੈਂ ਕਿਹਾ ," ਦਵਾਈ ਨਾਲ ਠੀਕ ਹੋਊ ਹੋਰ ਕਿਵੇਂ ਹੋਊ !"
ਕਹਿੰਦਾ ," ਨਾ ਜੀ ਨਾ ! ਕਦੇ ਮੁਫਤ ਦੀ ਦਵਾਈ ਨਾਲ ਵੀ ਕੋਈ ਠੀਕ ਹੋਇਆ ਏ !"
ਮੈਂ ਕਿਹਾ , " ਚਿੰਤਾ ਨਾ ਕਰੋ , ਇੱਕ ਦੋ ਦਿਨ ਚ ਬੱਚਾ ਠੀਕ ਹੋ ਜਾਏਗਾ |"
" ਨਹੀਂ ਜੀ ਨਹੀਂ ! ਪੈਸੇ ਤਾਂ ਤੁਹਾਨੂੰ ਲੈਣੇ ਹੀ ਪੈਣਗੇ ਭਾਵੇਂ ਥੋੜੇ ਲਓ |" ਕਹਿਕੇ ਉਹਨੇ ਇੱਕ ਨੋਟ ਮੇਰੇ ਸਾਹਮਣੇ ਰੱਖ ਦਿੱਤਾ |
ਜ਼ਿਆਦਾ ਬਹਿਸ ਕਰਨ ਦੀ ਥਾਂ ਮੈਂ ਉਹਦੇ ਕੋਲੋਂ ਪੈਸੇ ਲੈ ਲਏ ਤੇ ਇਹ ਸੋਚਣ ਲੱਗਾ ਕਿ ਇਹ ਗੱਲ ਕਿਵੇਂ ਬਣੀ ਕਿ ਮੁਫਤ ਦੀ ਦਵਾਈ ਕੰਮ ਨਹੀਂ ਕਰਦੀ | ਮੇਰੇ ਦਿਮਾਗ ਵਿੱਚ ਤਾਂ ਇਹੀ ਆਇਆ ਕਿ ਮੁਫਤ ਦੇ ਮਰੀਜ਼ ਨੂੰ ਵੈਦ ਲੋਕ ਵਗਾਰ ਸਮਝਕੇ ਜ਼ਿਆਦਾ ਧਿਆਨ ਨਾ ਦੇਕੇ ਐਂਵੇਂ ਹੀ ਬੇਮਤਲਬ ਦੀ ਦਵਾਈ ਦੇ ਦਿੰਦੇ ਹੋਣਗੇ, ਜਿਸ ਕਾਰਣ ਉਹ ਦਵਾਈ ਬੇਅਸਰ ਰਹਿੰਦੀ ਹੋਵੇਗੀ ਤੇ ਵੈਦ ਲੋਕਾਂ ਨੇ ਹੀ ਆਮ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਭਰ ਦਿੱਤੀ ਹੋਏਗੀ ਕਿ ਮੁਫਤ ਦੀ ਦਵਾਈ ਕੰਮ ਨਹੀਂ ਕਰਦੀ ਤਾਂ ਕਿ ਉਹਨਾਂ ਦੇ ਕਾਰੋਬਾਰ ਤੇ ਅਸਰ ਨਾ ਹੋਵੇ | ਬਾਕੀ ਸਮਝਦਾਰ ਦੋਸਤ ਆਪਣੀ ਆਪਣੀ ਰਾਏ ਦੇਣਗੇ ਤਾਂ ਕਾਰਣ ਹੋਰ ਵੀ ਨਿੱਖਰਕੇ ਸਾਹਮਣੇ ਆ ਸਕਦੇ ਨੇ |
No comments:
Post a Comment