ਸਾਈ ਲੋਕ \ ਇੰਦਰਜੀਤ ਕਮਲ - Inderjeet Kamal

Latest

Wednesday, 25 February 2015

ਸਾਈ ਲੋਕ \ ਇੰਦਰਜੀਤ ਕਮਲ

        ਮੈਂ ਫੇਸਬੁੱਕ ਤੇ ਝੂਠ ਲਿਖਣ ਤੋਂ ਇਸ ਕਰਕੇ ਪਰਹੇਜ਼ ਨਹੀਂ ਕਰਦਾ ਕਿ ਮੈਨੂੰ ਝੂਠ  ਬੋਲਣ ਦੀ ਜਾਚ ਨਹੀਂ ਹੈ ਜਾਂ ਮੈਂ ਆਪਣੀ ਆਮ ਜਿੰਦਗੀ ਚ ਝੂਠ ਨਹੀਂ ਬੋਲਦਾ ਬਲਕਿ ਇਸ ਕਰਕੇ ਪਰਹੇਜ਼ ਕਰਦਾ ਹਾਂ ਕਿ ਫੇਸਬੁੱਕ ਮੇਰੇ ਬਚਪਨ ਦੇ ਸਕੂਲੀ ਦੋਸਤਾਂ ,ਨਵੇਂ ਪੁਰਾਣੇ  ਜਾਣਕਾਰਾਂ , ਫੇਸਬੁੱਕ ਦੀ ਬਿਮਾਰੀ ਤੋਂ ਗ੍ਰਸਤ ਸਾਰੇ ਰਿਸ਼ਤੇਦਾਰਾਂ ਨਾਲ ਭਰੀ ਪਈ ਏ , ਉਹਨਾਂ ਮੇਰੇ ਇੱਕ ਝੂਠ ਤੋਂ ਹੀ ਮੈਨੂੰ ਢਾਹ ਲੈਣਾ ਏ |
                                                            ਸਾਡੇ ਸਕੂਲ ਦੇ ਮਾਨਯੋਗ ਅਧਿਆਪਕ ਸ਼੍ਰੀ ਓਂਕਾਰ ਸਿੰਘ ਸੋਢੀ ਨੇ ਆਪਣੇ   ਸ਼ਰਾਰਤੀ ਬੇਟੇ Sukhbir Singh Sodhi Patti​ ਦੀ ਪੜ੍ਹਾਈ ਵੱਲ ਇੰਨਾ ਧਿਆਨ ਦਿੱਤਾ ਕਿ ਪੰਜਾਬ ਵਿੱਚ  ਇੱਕ ਉੱਚੇ ਸਰਕਾਰੀ ਅਹੁਦੇ ਤੇ ਬਿਰਾਜਮਾਨ ਹੈ | ਖੜਮਸਤੀ ਕਰਨ ਦਾ ਮਾਹਰ Adv Rupinder Sandhu Patti​ ਵਕੀਲ ਬਣਨ ਤੋਂ ਬਾਦ ਵਿਦੇਸ਼ ਜਾ ਵੱਸਿਆ | Barkat Singh Vohra​ ਦੀਆਂ ਰਾਜਨੀਤੀ ਵਿੱਚ ਰਲੀਆਂ ਚੁਗਣ ਲੱਗੀਆਂ | ਇੰਝ ਹੋਰ ਵੀ ਬਹੁਤ ਸਾਰੇ ਦੋਸਤ ਆਪੋ ਆਪਣੇ ਮੁਕਾਮ ਤੇ ਪਹੁੰਚੇ , ਪਰ ਸਕੂਲ ਚ ਪੜ੍ਹਦੇ ਹੋਏ Davinder Paul Singh​ ਨੇ ਇੱਕ ਘਟਨਾ ਨਾਲ ਮੈਨੂੰ ਬੜੀ ਸੇਧ ਦਿੱਤੀ |
30 ਸਾਲ ਤੋਂ ਵੀ ਜ਼ਿਅਦਾ ਵਕਤ ਬੀਤ ਚੁੱਕਾ ਹੈ , ਅਸੀਂ ਸਰਕਾਰੀ ਹਾਇਰ ਸ੍ਕੈੰਡਰੀ ਸਕੂਲ ਪੱਟੀ ਵਿੱਚ ਪੜਦੇ ਸਾਂ |
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦਾ ਇੱਕ ਮਾਸਿਕ ਰਸਾਲਾ ਆਉਂਦਾ ਸੀ 'ਪੰਖੜੀਆਂ '| ਮੈਂ ਅਕਸਰ ਉਸ ਰਸਾਲੇ ਵਿੱਚ ਕੋਈ ਨਾ ਕੋਈ ਐਸੀ ਗੱਲ ਲਿਖ ਕੇ ਭੇਜ ਦਿੰਦਾ ਜਿਹਦਾ ਸੰਬੰਧ ਕਿਸੇ ਨਾ ਕਿਸੇ ਮੁੰਡੇ ਨਾਲ ਕੀਤੀ ਤਮਾਸ਼ਬੀਨੀ ਨਾਲ ਹੁੰਦਾ ਤੇ ਉਹਦੀ ਚਰਚਾ ਸਕੂਲ ਵਿੱਚ ਚਲਦੀ ਰਹਿੰਦੀ | ਰਚਨਾ ਦੇ ਥੱਲੇ ਲਿਖਣ ਵਾਲੇ ਬੱਚੇ ਦੇ ਸਕੂਲ ਦਾ ਪੂਰਾ ਪਤਾ ਵੀ ਹੁੰਦਾ ਸੀ | ਉਹ ਰਸਾਲਾ Davinder Paul Singh ਦੀ ਵੀ ਪਸੰਦ ਸੀ | Davinder Paul Singh ਦਾ ਨਾਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿੱਚੋਂ ਸਭ ਤੋਂ ਉੱਪਰ ਸੀ| ਇੱਕ ਦਿਨ ਚਪੜਾਸੀ ਨੇ ਆ ਕੇ ਕਿਹਾ ਕਿ Davinder Paul Singh ਨੂੰ ਪ੍ਰਿੰਸਿਪਲ ਨੇ ਬੁਲਾਇਆ ਹੈ | ਅਸੀਂ ਕਾਰਨ ਪੁੱਛਿਆ ਤਾਂ ਉਹਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਤੋਂ ਕੋਈ ਚਿੱਠੀ ਆਈ ਹੈ | ਸੁਣਦਿਆਂ ਹੀ ਮੈਨੂੰ ਬਹੁਤ ਗੁੱਸਾ ਆਇਆ | ਮੈਂ ਸੋਚਿਆ ਜਰੂਰ ਕੋਈ ਇਨਾਮ ਆਇਆ ਹੋਵੇਗਾ | ਇਹ ਇਨਾਮ ਇੱਕਲੇ Davinder Paul Singh ਵਾਸਤੇ ਕਿਓਂ ਆਇਆ ਹੈ | ਖੈਰ ! Davinder Paul Singh ਛਾਲਾਂ ਮਾਰਦਾ ਪ੍ਰਿੰਸਿਪਲ ਸਤਿੰਦਰ ਨਾਥ ਬਾਲੀ ਦੇ ਦਫਤਰ ਪਹੁੰਚ ਗਿਆ ' ਪਰ ਕੁਝ ਮਿਨਟਾਂ ਬਾਦ ਹੀ ਰਾਮ ਤੋਰੀ ਵਾਂਗ ਬੂਥਾ ਲਮਕਾ ਕੇ ਵਾਪਿਸ ਆ ਗਿਆ | ਅਸੀਂ ਸਾਰਿਆਂ ਨੇ ਕਾਰਣ ਪੁੱਛਿਆ ,ਪਹਿਲਾਂ ਤਾਂ ਕੁਝ ਬੋਲੇ ਨਾ , ਪਰ ਫਿਰ ਮੈਨੂੰ ਇੱਕਲੇ ਨੂੰ ਦੱਸਿਆ ਕਿ ਪੰਖੜੀਆਂ ਰਸਾਲੇ ਵਿੱਚ ਇੱਕ ਕਹਾਣੀ ਛਪੀ ਸੀ , ਜੋ ਉਹਨੂੰ ਬਹੁਤ ਪਸੰਦ ਆਈ | ਉਹਨੇ ਕਹਾਣੀ ਲਿਖਣ ਵਾਲੀ ਕੁੜੀ ਦੇ ਨਾਂ ਉਹਦੇ ਸਕੂਲ ਵਾਲੇ ਪਤੇ ਤੇ ਚਿੱਠੀ ਲਿਖ ਦਿੱਤੀ ਕਿ ਉਹ ਉਸ ਕੁੜੀ ਨਾਲ ਦੋਸਤੀ ਕਰਨਾ ਚਾਹੁੰਦਾ ਹੈ | ਉਸ ਕੁੜੀ ਨੇ ਉਹ ਚਿੱਠੀ ਆਪਣੇ ਸਕੂਲ ਦੇ ਮੁਖੀ ਨੂੰ ਦੇ ਦਿੱਤੀ | ਸਕੂਲ ਮੁਖੀ ਨੇ ਉਹ ਚਿੱਠੀ ਪੰਖੜੀਆਂ ਦੇ ਸੰਪਾਦਕ ਨੂੰ ਭੇਜ ਦਿੱਤੀ |ਸੰਪਾਦਕ ਨੇ ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਭੇਜ ਦਿੱਤੀ ਤੇ ਦਫਤਰ ਵਾਲਿਆਂ ਨੇ ਸਾਡੇ ਸਕੂਲ ਦੇ ਪ੍ਰਿੰਸਿਪਲ ਕੋਲ | ਪ੍ਰਿੰਸਿਪਲ ਨੇ Davinder Paul Singh ਨੂੰ ਆਪਣੇ ਦਫਤਰ ਬੁਲਾ ਕੇ ਪੁੱਛਿਆ ਤਾਂ ਉਹ ਝੱਟ ਮੰਨ ਗਿਆ ਕਿ ਚਿੱਠੀ ਉਸੇ ਨੇ ਲਿਖੀ ਹੈ | ਇੱਕ ਹੋਣਹਾਰ ਵਿਦਿਆਰਥੀ ਹੋਣ ਕਰਕੇ Davinder Paul Singh ਦਾ ਪ੍ਰਿੰਸਿਪ੍ਲ ਦੇ ਦਫਤਰ ਵਿੱਚ ਮਾਣ ਸਤਿਕਾਰ ਤਾਂ ਘੱਟ ਹੀ ਹੋਇਆ ਕਿਓਂਕਿ ਇਹਨੇ ਮੁਆਫੀ ਵੀ ਛੇਤੀ ਹੀ ਮੰਗ  ਲਈ ਸੀ | ਬੱਸ ਉਸ ਤੋਂ ਬਾਦ ਸਕੂਲ ਚ ਕੋਈ ਗੱਲ ਹੁੰਦੀ ਤਾਂ ਮੇਰਾ ਇੱਕੋ ਹੀ ਜਵਾਬ ਹੁੰਦਾ ਸੀ , " ਕੋਈ ਗੱਲ ਨਹੀਂ ਪੇਪਰਾਂ ਸੰਬਧੀ ਕੋਈ ਕੰਮ ਹੋਵੇ ਤਾਂ Davinder Paul Singh ਨੂੰ ਦੱਸਿਓ ਇਹਦੀ ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਤੋਂ ਲੈਕੇ ਪੰਜਾਬ ਸਕੂਲ ਸਿੱਖਿਆ ਬੋਰਡ ਤੱਕ ਪੂਰੀ ਵਾਕਫੀਅਤ ਹੈ |" ਸਾਰੇ ਮੁੰਡੇ ਹੈਰਾਨ ਹੋ ਜਾਂਦੇ ਤੇ Davinder Paul Singh ਦੀ
ਪਹਿਲਾਂ ਨਾਲੋਂ ਵੀ ਜਿਆਦਾ ਇੱਜਤ ਕਰਨ ਲੱਗ ਪਏ | ਇਸ ਘਟਨਾ ਤੋਂ ਮੈਂ ਇੰਨਾ ਪ੍ਰਭਾਵਤ ਹੋਇਆ ਕਿ ਆਮ ਮੁੰਡਿਆਂ ਵਾਂਗ ਕੁਦਸੀਆਂ ਨੂੰ ਛੇੜਨਾ ਤਾਂ ਦੂਰ ਦੀ ਗੱਲ ਮੈਂ ਕਦੇ ਕਿਸੇ ਕੁੜੀ ਦੀ ਝੂਠੀ ਸੱਚੀ ਤਰੀਫ ਵੀ ਨਹੀਂ ਸੀ ਕੀਤੀ | ਇਹੋ ਗੱਲ ਸੀ ਕਿ ਕੁੜੀਆਂ ਨੇ ਮੇਰਾ ਨਾਂ ਰੱਖਿਆ ਸੀ ' ਸਾਈ ਲੋਕ ' |
                                              ਹੁਣ ਜਦੋਂ ਮੈਂ ਦੂਜਿਆਂ ਬਾਰੇ ਲਿਖਣ ਦਾ ਹੱਕ ਰੱਖਦਾ ਹਾਂ ਤਾਂ ਉਹ ਵੀ ਤਾਂ ਮੇਰਾ ਪ੍ਰਚਾਰ  ਕਰ ਸਕਦੇ ਹਨ | ਆਪਣੀ ਇੱਜਤ ਆਪਣੇ ਹੱਥ ਹੈ |

No comments:

Post a Comment