ਚਮਤਕਾਰ ਦੀ ਭਾਲ \ ਇੰਦਰਜੀਤ ਕਮਲ - Inderjeet Kamal

Latest

Friday, 2 January 2015

ਚਮਤਕਾਰ ਦੀ ਭਾਲ \ ਇੰਦਰਜੀਤ ਕਮਲ

ਸਾਲ ਦੇ ਪਹਿਲੇ ਦਿਨ ਹੀ ਫੋਨ ਆਇਆ , ਕਹਿੰਦਾ " ਡਾਕਟਰ ਸਾਹਬ ......... ਪਿੰਡ ਤੋਂ ........ਪਾਲ ਬੋਲ ਰਿਹਾ ਹਾਂ | ਫੁਰਕਾਨ ਨੇ ਤੁਹਾਡਾ ਨੰਬਰ ਦਿਤਾ ਏ , ਜਿਹਨਾਂ ਦੇ ਘਰ ਭੂਤ ਅੱਗ ਲਗਾਉਂਦੇ ਸੀ ਤੇ ਤੁਸੀਂ ਉਹ ਭਜਾ ਦਿਤੇ ਸੀ |"
ਮੈਂ ਕਿਹਾ , " ਦੱਸੋ ?"
ਕਹਿੰਦਾ ," ਦੱਸਣਾ ਕੀ ਆ ਮੇਰਾ ਤਾਂ ਬੁਰਾ ਹਾਲ ਏ | ਤੁਸੀਂ ਮੇਰੇ ਘਰ ਆਓ ਤੇ ਮਸਲਾ ਹੱਲ ਕਰੋ |"
ਮੈਂ ਕਿਹਾ ," ਪਹਿਲਾਂ ਤੁਸੀਂ ਆਕੇ ਆਪਣਾ ਮਸਲਾ ਵੇਰਵੇ ਨਾਲ ਦੱਸੋ ਫਿਰ ਵੇਖਾਂਗੇ ਕਿ ਮੇਰੇ ਵੱਸ ਦੀ ਗੱਲ ਹੈ ਵੀ ਕਿ ਨਹੀਂ |"
ਕਹਿੰਦਾ , " ਜੇ ਤੁਸੀਂ ਫੁਰਕਾਨ ਦਾ ਮਸਲਾ ਹੱਲ ਕਰ ਸਕਦੇ ਹੋ ,ਜਿਹੜਾ ਕਿਸੇ ਤੋਂ ਨਹੀਂ ਸੀ ਹੁੰਦਾ , ਫਿਰ ਮੇਰਾ ਕਿਓਂ ਨਹੀਂ ਕਰ ਸਕਦੇ | ਬੱਸ ਤੁਸੀਂ ਆ ਜਾਓ | ਫੁਰਕਾਨ ਕਹਿੰਦਾ ਸੀ ਤੁਸੀਂ ਮਸਲਾ ਹੱਲ ਕਰਨ ਵਾਸਤੇ ਲੋਕਾਂ ਦੇ ਘਰ ਵੀ ਚਲੇ ਜਾਂਦੇ ਹੋ |"
ਮੈਂ ਕਿਹਾ ," ਜਿੰਨਾ ਚਿਰ ਮੈਨੂੰ ਮਸਲਾ ਹੀ ਨਹੀਂ ਪਤਾ ਲਗਦਾ , ਮੈਂ ਮੂੰਹ ਚੁੱਕ ਕੇ ਕਿਓਂ ਤੁਰ ਪਵਾਂ ? ਕੋਈ ਕੋਈ ਮਸਲਾ ਹੁੰਦਾ ਏ ਜਿਹਦੇ ਵਿੱਚ ਮੌਕੇ ਤੇ ਪਹੁੰਚਣਾ ਜ਼ਰੂਰੀ ਹੁੰਦਾ ਹੈ | ਤੁਸੀਂ ਮੇਰੇ ਕੋਲ ਆਕੇ ਸਾਰੀ ਗੱਲ ਦੱਸੋ , ਉਸ ਤੋਂ ਬਾਦ ਹੀ ਮੈਂ ਕੋਈ ਫੈਸਲਾ ਕਰ ਸਕਦਾ ਹਾਂ |"
ਕਹਿੰਦਾ , “ ਪਰ ਮੈਨੂੰ ਤਾਂ ਇਸ ਵਕਤ ਬਹੁਤ ਬੁਖਾਰ ਚੜ੍ਹਿਆ ਹੋਇਆ ਏ !”
ਮੈਂ ਕਿਹਾ , “ ਤੁਸੀਂ ਪਹਿਲਾਂ ਬੁਖਾਰ ਦਾ ਇਲਾਜ ਕਰਵਾ ਲਓ , ਫਿਰ ਠੀਕ ਹੋਕੇ ਮੇਰੇ ਕੋਲ ਆ ਜਾਇਓ |”
ਅੱਗੋਂ ਕਹਿੰਦਾ ,” ਨਹੀਂ ਜੀ , ਇਹ ਬੁਖਾਰ ਉਹ ਨਹੀਂ ਹੈ ਜੋ ਲੋਕਾਂ ਨੂੰ ਚੜ੍ਹਦਾ ਏ | ਇਹ ਤਾਂ ਮੈਨੂੰ ਕਿਸੇ ਓਪਰੀ ਚੀਜ਼ ਨੇ ਚੜ੍ਹਾਇਆ ਏ |”
ਕਾਫੀ ਸਿਰ ਖਪਾਈ ਤੋਂ ਬਾਦ ਮੈਂ ਉਹਨੂੰ ਆਉਣ ਲਈ ਮਨਾ ਲਿਆ | ਕੱਲ੍ਹ ਉਹ ਬੰਦਾ ਆ ਗਿਆ | ਕਹਿੰਦਾ ," ਡਾਕਟਰ ਸਾਹਬ , ਮੇਰਾ ਬੁਰਾ ਹਾਲ ਏ ਕੰਮ ਕਰਨ ਨੂੰ ਉੱਕਾ ਹੀ ਦਿਲ ਨਹੀਂ ਕਰਦਾ | ਕਰਜਾ ਸਿਰ ਤੇ ਚੜ੍ਹਿਆ ਏ | ਕੋਈ ਐਸਾ ਚੱਕਰ ਚਲਾਓ ਕਿ ਲੋਕ ਮੇਰੇ ਤੋਂ ਪੈਸੇ ਨਾ ਮੰਗਣ ਆਉਣ |"
ਮੈਂ ਬਥੇਰਾ ਸਮਝਾਇਆ ਕਿ ਜਿਹਨਾਂ ਨੇ ਪੈਸੇ ਦਿਤੇ ਨੇ ਉਹ ਤਾਂ ਮੰਗਣਗੇ ਹੀ , ਕੰਮ ਧੰਦਾ ਕਰਕੇ ਕਰਜਾ ਲਾਹ | ਪਰ ਉਹ ਬੰਦਾ ਮੇਰੀ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਸੀ | ਉਹਨੂੰ ਬੁਖਾਰ ਵੀ ਕਾਫੀ ਸੀ | ਮੈਂ ਬਥੇਰਾ ਕਿਹਾ ਕਿ ਤੈਨੂੰ ਬੁਖਾਰ ਦਾ ਇਲਾਜ ਕਰਵਾਉਣਾ ਚਾਹੀਦਾ ਹੈ | ਕਹਿੰਦਾ , “ ਨਹੀਂ ਜੀ ਇਹ ਬੁਖਾਰ ਤਾਂ ਓਪਰੀ ਚੀਜ਼ ਨੇ ਚੜ੍ਹਾਇਆ ਏ , ਫਾੰਡੇ ਨਾਲ ਹੀ ਉਤਰੂ , ਦਵਾਈ ਤਾਂ ਮੈਂ ਲੈਣੀ ਨਹੀਂ |”
ਨਾ ਉਹ ਦਵਾਈ ਲੈਣਾ ਚਾਹੁੰਦਾ ਸੀ, ਨਾ ਕੋਈ ਕੰਮ ਕਰਨਾ ਚਾਹੁੰਦਾ ਸੀ ,ਨਾ ਲੋਕਾਂ ਤੋਂ ਲਿਆ ਕਰਜਾ ਵਾਪਸ ਕਰਨਾ ਚਾਹੁੰਦਾ ਸੀ , ਬੱਸ ਕਿਸੇ ਚਮਤਕਾਰ ਦੀ ਭਾਲ ਵਿੱਚ ਸੀ, ਜੋ ਮੇਰੇ ਵੱਸ ਦੀ ਗੱਲ ਨਹੀਂ ਸੀ | ਮੈਂ ਹੋਰ ਸਿਰ ਖਪਾਈ ਕਰਨ ਦੀ ਥਾਂ ਉਹਨੂੰ ਜਵਾਬ ਹੀ ਦੇ ਦਿਤਾ | ਆਖਿਰ ਬਦਾਮ ਵੀ ਤਾਂ ਬਹੁਤ ਮਹਿੰਗੇ ਨੇ !!

No comments:

Post a Comment