ਜਿਹੋ ਜਿਹੀ ਮੇਰੇ ਨਾਲ ਹੋਈ ....... ਇਹੋ ਜਿਹੀ ਕਿਸੇ ਨਾਲ ਨਾ ਹੋਵੇ \ ਇੰਦਰਜੀਤ ਕਮਲ - Inderjeet Kamal

Latest

Sunday, 12 October 2014

ਜਿਹੋ ਜਿਹੀ ਮੇਰੇ ਨਾਲ ਹੋਈ ....... ਇਹੋ ਜਿਹੀ ਕਿਸੇ ਨਾਲ ਨਾ ਹੋਵੇ \ ਇੰਦਰਜੀਤ ਕਮਲ

ਮੈਂ ਟੈਲੀਵਿਜ਼ਨ ਵੇਖਣ ਤੋਂ ਬਾਦ ਇੱਕ ਕਿਤਾਬ ਪੜ੍ਹਨ ਲਈ ਬੈੱਡ ਤੇ ਹੀ ਬੈਠ ਗਿਆ |ਪੜ੍ਹਦੇ ਪੜ੍ਹਦੇ ਨੀਂਦ ਨੇ ਜੋਰ ਪਾਇਆ |ਮੈਂ ਕਿਤਾਬ ਇੱਕ ਪਾਸੇ ਰੱਖੀ ਤੇ ਐਨਕ ਉਤਾਰ ਕੇ ਸੰਭਾਲੀ ਤੇ ਲੰਮਾ ਪੈ ਗਿਆ | ਉੱਸਲਵੱਟੇ ਲੈਂਦਿਆਂ ਸੌਂਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਦਰਵਾਜ਼ੇ ਦੀ ਘੰਟੀ ਦੀ ਆਵਾਜ਼ ਆਈ | ਮੈਂ ਘਰਵਾਲੀ ਨੂੰ ਕਿਹਾ , "ਉਠਕੇ ਵੇਖ ਇੰਨੀ ਰਾਤ ਕੌਣ ਆ ਗਿਆ ਏ !" ਉਹ ਬਾਹਰ ਗਈ ਤੇ ਭਾਉਂਦੇ ਪੈਰੀਂ ਘਬਰਾਹਟ ਵਿੱਚ ਵਾਪਸ ਆ ਗਈ | ਕਹਿੰਦੀ, " ਬਾਹਰ ਪੁਲਿਸ ਵਾਲੇ ਖੜ੍ਹੇ ਨੇ |" ਮੈਂ ਉਠਕੇ ਚੱਪਲ ਪਾਈ ਤੇ ਬਾਹਰ ਦਰਵਾਜ਼ੇ ਤੇ ਆ ਕੇ ਵੇਖਿਆ ਕਿ ਕਈ ਪੁਲਿਸ ਵਾਲੇ ਖੜ੍ਹੇ ਸਨ |ਵੱਡੇ ਅਫਸਰ ਨੇ ਇੱਕ ਮੁਲਾਜਮ ਵੱਲ ਅੱਖ ਨਾਲ ਇਸ਼ਾਰਾ ਕੀਤਾ ਤੇ ਉਹਨੇ ਆਪਣੀ ਜੇਬ੍ਹ ਚੋਂ ਫੋਟੋ ਕਢ ਕੇ ਪਹਿਲਾਂ ਫੋਟੋ ਵੱਲ ਤੇ ਫਿਰ ਮੇਰੇ ਵੱਲਵੇਖ ਕੇ ਅਫਸਰ ਨੂੰ ਹਾਂ ਵਿਚ ਸਿਰ ਹਿਲਾਇਆ | ਅਫਸਰ ਨੇ ਦੋ ਹੋਰ ਮੁਲਾਜ਼ਮਾਂ ਨੂੰ ਇਸ਼ਾਰਾ ਕੀਤਾ ਤੇ ਉਹ ਟੁੱਟ ਕੇ ਮੇਰੇ ਵੱਲ ਵਧੇ | ਦੋਹਾਂ ਨੇ ਮੈਨੂੰ ਇੱਕ ਇੱਕ ਬਾਂਹ ਤੋਂ ਫੜ ਲਿਆ ਪਰ ਮੈਨੂੰ ਸਮਝ ਨਾ ਆਈ ਕਿ ਹੋਇਆ ਕੀ ਹੈ! ਮੈਂ ਇੱਕ ਵਾਰ ਜੋਰ ਨਾਲ ਕਿਹਾ , " ਇਹ ਕੀ ਮਜ਼ਾਕ ਏ !!" ਅਫਸਰ ਕਹਿੰਦਾ , " ਬੰਦਾ ਬਣ ਕੇ ਸਾਡੇ ਨਾਲ ਚੱਲ |" ਮੈਂ ਕਿਹਾ ," ਪਰ ਪਤਾ ਵੀ ਲੱਗੇ ਹੋਇਆ ਕੀ ਏ , ਤੇ ਜਾਣਾ ਕਿੱਥੇ ਏ ?" ਉਹ ਕਹਿੰਦਾ , " ਜਿੱਥੇ ਜਾਣਾ ਏ ਅਸੀਂ ਆਪੇ ਲੈ ਜਾਵਾਂਗੇ | ਹੋਇਆ ਕੀ ਏ , ਇਹ ਉਥੇ ਜਾਕੇ ਪਤਾ ਲਗੂ |" ਮੈਂ ਕਿਹਾ ," ਮੈਨੂੰ ਮੇਰਾ ਜ਼ੁਰਮ ਤਾਂ ਦੱਸੋ |" ਕਹਿੰਦਾ ," ਇਹ ਤਾਂ ਵੱਡੇ ਸਾਹਬ ਹੀ ਦੱਸਣਗੇ |" ਮੈਂ ਕਿਹਾ ," ਇਹ ਕੀ ਧੱਕੇ ਸ਼ਾਹੀ ਹੈ !" ਉਹ ਕਹਿੰਦਾ ," ਚੱਲੇਂਗਾ ਕਿ ਇਥੇ ਹੀ ਲੰਮੇ ਪਾਈਏ ?" ਮੈਂ ਵੇਖਿਆ ਕਈ ਗਵਾਂਢੀ ਵੀ ਜਾਗ ਕੇ ਆ ਚੁੱਕੇ ਸਨ | ਮੈਂ ਕਿਹਾ , " ਨਹੀਂ ਨਹੀਂ ਜ਼ਰੂਰ ਚੱਲਾਂਗਾ , ਕੱਪੜੇ ਤਾਂ ਪਾ ਲੈਣ ਦਿਓ |" "ਚਿੰਤਾ ਨਾ ਕਰ ਜਿਥੇ ਭੇਜਾਂਗੇ ਉਥੇ ਵਰਦੀ ਵੀ ਮਿਲੇਗੀ |" ਅਫਸਰ ਕੜਕਿਆ | " ਫਿਰ ਵੀ ਜਨਾਬ ਰਾਤ ਵਾਲੀ ਵਰਦੀ ਚ ਜਾਂਦੇ ਚੰਗੇ ਥੋੜਾ ਲੱਗੀਦਾ ਏ |" ਮੇਰਾ ਤਰਲਾ ਵੇਖਕੇ ਅਫਸਰ ਮੰਨ ਗਿਆ ਤੇ ਮੈਨੂੰ ਕੱਪੜੇ ਬਦਲਣ ਦੀ ਆਗਿਆ ਦੇ ਦਿੱਤੀ | ਮੈਂ ਅੰਦਰ ਜਾਕੇ ਕੱਪੜੇ ਬਦਲ ਕੇ ਝੱਟ ਹੀ ਪਰਤ ਆਇਆ | ਉਹਨਾਂ ਮੈਨੂੰ ਗੱਡੀ ਵਿੱਚ ਬਿਠਾਇਆ ਤੇ ਥਾਣੇ ਲੈ ਗਏ |ਥਾਣੇ ਪਹੁੰਚ ਕੇ ਮੈਂ ਵੇਖਿਆ ਸਾਹਮਣੇ ਕਈ ਜਾਣੀਆਂ ਪਛਾਣੀਆਂ ਸ਼ਕਲਾਂ ਵਾਲੇ ਬੰਦੇ ਬੈਠੇ ਸਨ |ਮੈਂ ਸੋਚਾਂ ਵਿਚ ਪੈ ਗਿਆ ਕਿ ਇਹ ਕਈ ਹੋਇਆ ! ਸਾਰੇ ਇੱਕੋ ਥਾਂ ਕਿਵੇਂ ! ਥਾਨੇਦਾਰ ਕਹਿੰਦਾ ,"ਰਿਸ਼ਤੇਦਾਰਾਂ ਨੂੰ ਵੇਖਕੇ ਤਾਂ ਸਮਝ ਆ ਗਈ ਹੋਊ ਕੇ ਕੀ ਹੋਇਆ !" ਮੈਂ ਕਿਹਾ , " ਇਹਨਾਂ ਚ ਕੋਈ ਵੀ ਮੇਰਾ ਰਿਸ਼ਤੇਦਾਰ ਨਹੀਂ ਹੈ ਜੀ |" ਉਹ ਕਹਿੰਦਾ ," ਪਾਓ ਇਹਨੂੰ ਲੰਮਾਂ |" ਮੈਂ ਪਛਾਨਣ ਦੀ ਕੋਸ਼ਿਸ਼ ਕੀਤੀ | ਸਾਹਮਣੇ Khiva Mahi Surjit Gag G.s. Gurdit Brij Mohan Comedian Sukhdeep Apra Deep Apple Singh Pendu Amrit Saini Dera Bassi ਆਦਿ ਕਈ ਫੇਸ ਬੁੱਕੀਏ ਬੈਠੇ ਹੋਏ ਸਨ | ਮੈਂ ਕਿਹਾ ," ਸਚਮੁਚ ਇਹਨਾ ਵਿਚ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ !" ਥਾਨੇਦਾਰ ਕਹਿੰਦਾ ,"ਬੜਾ ਸ਼ੌਕ ਏ ਤੈਨੂੰ ਸਰਕਾਰਾਂ ਵਿਰੁਧ ਲਿਖਣ ਦਾ |ਇਹਨੇ ਨਹੀਂ ਮੰਨਣਾ ਇਹ ਥਰਡ ਡਿਗਰੀ ਨਾਲ ਹੀ ਮੰਨੂ ! ਪਾਓ ਇਹਦੇ ਤੇ ਸਮੈਕ ਜਾਂ ਭੁੱਕੀ |" ਇੱਕ ਨੇ ਮੈਨੂੰ ਗਲੇ ਤੋਂ ਫੜ ਕੇ ਖਿਚਣਾ ਸ਼ੁਰੂ ਕਰਤਾ | ਮੈਂ ਕਿਹਾ ," ਇਹ ਕੀ ਹੋ ਰਿਹਾ ਏ ! " ਉਹਨੇ ਮੈਨੂੰ ਜੋਰ ਦੀ ਝੰਜੋੜਿਆ | ਮੈਂ ਕਿਹਾ , " ਮੈਨੂੰ ਤਾਂ ਇਹ ਵੀ ਨਹੀਂ ਪਤਾ ਸਮੈਕ ਦਿਸਦੀ ਕਿਵੇਂ ਹੈ ! ਇਹ ਸਮੈਕ ਹੁੰਦੀ ਕੀ ਏ ? " ਉਹਨੇ ਫਿਰ ਝੰਜੋੜਿਆ | ਮੈਂ ਕਿਹਾ , "ਦੱਸ ਤਾਂ ਦਓ ਸਮੈਕ ਹੁੰਦੀ ਕਿਵੇਂ ਦੀ ਏ ?" " ਕੀ ਹੋ ਗਿਆ ਤੁਹਾਨੂੰ ਅਧੀ ਰਾਤ ਨੂੰ ਕੀ ਸਮੈਕ ਸਮੈਕ ਕਰੀ ਜਾਂਦੇ ਹੋ !" ਇਹ ਆਵਾਜ਼ ਮੇਰੀ ਘਰਵਾਲੀ ਦੀ ਸੀ | ਮੈਂ ਡਰਦੇ ਡਰਦੇ ਅੱਖਾਂ ਖੋਲ੍ਹ ਕੇ ਵੇਖਿਆ ਮੈਂ ਘਰੇ ਆਪਣੇ ਬੈੱਡ ਤੇ ਹੀ ਪਿਆ ਸਾਂ | ਕਹਿੰਦੇ ਸੀ ਅੱਛੇ ਦਿਨ ਆਨੇ ਵਾਲੇ ਹੈਂ , ਸਾਡੀ ਤਾਂ ਨੀਂਦ ਹਰਾਮ ਹੋ ਗਈ ਏ !! 28-05-14

No comments:

Post a Comment