ਘਰੇਲੂ ਭੂਤ \ ਇੰਦਰਜੀਤ ਕਮਲ - Inderjeet Kamal

Latest

Sunday, 28 September 2014

ਘਰੇਲੂ ਭੂਤ \ ਇੰਦਰਜੀਤ ਕਮਲ


                                              ਪਿਛਲੇ ਮਹੀਨੇ ਇੱਕ ਦਸ ਕੁ ਸਾਲ ਦੀ ਕੁੜੀ ਨੂੰ ਮੇਰੇ ਕੋਲ ਲੈਕੇ ਆਏ , ਕਹਿੰਦੇ ਇਹਨੂੰ ਭੂਤ ਤੰਗ ਕਰਦਾ ਏ . ਦਿਨ ਚ ਕਈ ਵਾਰ ਬੇਹੋਸ਼ ਹੋ ਜਾਂਦੀ ਏ

                                                  ਜਦੋਂ ਇਸ ਬਾਰੇ ਮੈਂ ਜਾਣਕਾਰੀ ਲੈਣ ਲਈ ਉਸ ਕੁੜੀ ਨੂੰ ਕੁਝ ਸਵਾਲ ਕੀਤੇ ਤਾਂ ਉਹਨੇ ਦੱਸਿਆ ਕਿ ਦੋ ਵੱਡੀਆਂ ਵੱਡੀਆਂ ਅੱਖਾਂ ਆਉਂਦੀਆਂ ਨੇ ਤੇ ਉਹਦਾ ਗਲਾ ਦਬਾ ਦਿੰਦਿਆਂ ਨੇ . ਮੈਂ ਉਹਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੱਖਾਂ ਨਾਲ ਗਲਾ ਦਬਾਇਆ ਹੀ ਨਹੀਂ ਜਾ ਸਕਦਾ ,ਤੇਰੇ ਅੰਦਰ ਕੋਈ ਡਰ ਹੈ , ਅੱਗੋਂ ਕੁੜੀ ਦਾ ਮਜਦੂਰ ਕਿਸਮ ਦਾ ਦਿੱਸਣ ਵਾਲਾ ਅਨਪੜ੍ਹ ਪਿਓ ਕਹਿੰਦਾ ਸਾਨੂੰ ਤਾਂ ਕਿਸੇ ਨੇ ਦੱਸਿਆ ਸੀ ਕਿ ਤੁਸੀਂ ਭੂਤਾਂ ਪ੍ਰੇਤਾਂ ਦਾ ਇਲਾਜ਼ ਕਰਦੇ ਹੋ , ਇਹਨੂੰ ਸਚਮੁਚ ਭੂਤ ਤੰਗ ਕਰਦਾ ਏ ਜੇ ਉਹਦਾ ਇਲਾਜ ਕਰ ਸਕਦੇ ਹੋ ਤਾਂ ਕਰ ਦਿਓ |
ਉਹਦੀ ਇੰਨੀ ਗੱਲ ਕਹਿਣ ਨਾਲ ਹੀ ਮੈਂ ਸਮਝ ਗਿਆ ਕਿ ਇਹਨਾਂ ਨੂੰ ਵਿਗਿਆਨ ਦੀ ਰੌਸ਼ਨੀ ਦੇਣ ਦਾ ਭਾਵ ਹੈ ਇਹਨਾਂ ਸਾਹਮਣੇ ਬੇਵਕੂਫ਼ ਸਾਬਤ ਹੋਣਾ ਤੇ ਨਾਲ ਹੀ ਇਹ ਕਿਸੇ ਬਾਬੇ ਕੋਲ ਜਾਕੇ ਆਪਣੀ ਲੁੱਟ ਕਰਵਾਉਣ ਲੱਗ ਪੈਣਗੇ | ਮੈਂ ਉਸ ਲੜਕੀ ਤੋਂ ਕੁਝ ਹੋਰ ਜਾਣਕਾਰੀ ਲਈ ਤੇ ਉਹਨੂੰ ਲਿਟਾ ਕੇ ਸੰਮੋਹਿਤ ਕਰ ਦਿੱਤਾ . ਉਹ ਬਹੁਤ ਹੀ ਛੇਤੀ ਸੰਮੋਹਨ ਅਵਥਾ ਵਿੱਚ ਪਹੁੰਚ ਗਈ |
ਮੈਂ ਉਹਨੂੰ ਆਦੇਸ਼ ਦਿੱਤਾ " ਮੈਂ ਤਿੰਨ ਗਿਨਾਂਗਾ ਤੇ ਤੈਨੂੰ ਤੰਗ ਕਰਨ ਵਾਲੀਆਂ ਅੱਖਾ ਤੇਰੇ ਸਾਹਮਣੇ ਆ ਜਾਣਗੀਆਂ ਪਰ ਤੈਨੂੰ ਡਰਾਉਣ ਦੀ ਥਾਂ ਤੇਰੇ ਕੋਲੋਂ ਡਰਨ ਲਗ ਜਾਣਗੀਆਂ . ਮੇਰੇ ਤਿੰਨ ਕਹਿੰਦੇ ਹੀ ਉਹਨੇ ਕਿਹਾ ,' ਆ ਗਈਆਂ '
ਮੈਂ ਕਿਹਾ " ਹੁਣ ਮੈਂ ਤਿੰਨ ਤੱਕ ਗਿਣਤੀ ਕਰਾਂਗਾ ਤੇ ਇਹਨਾਂ ਅੱਖਾਂ ਨੂੰ ਅੱਗ ਲੱਗ ਜਾਏਗੀ ਤੇ ਇਹ ਸਵਾਹ ਹੋ ਜਾਣਗੀਆਂ |"
ਮੈਂ ਤਿੰਨ ਤੱਕ ਗਿਣਤੀ ਕੀਤੀ ਤੇ ਉਹਨੇ ਮੰਨ ਲਿਆ ਕਿ ਉਹਨੂੰ ਤੰਗ ਕਰਨ ਵਾਲੀਆਂ ਅੱਖਾਂ ਸੜ ਕੇ ਸਵਾਹ ਹੋ ਚੁੱਕੀਆਂ ਨੇ . ਮੈਂ ਕੁੜੀ ਨੂੰ ਸੰਮੋਹਨ ਅਵਸਥਾ ਤੋਂ ਜਾਗ੍ਰਿਤ ਅਵਸਥਾ ਵਿੱਚ ਲਿਆਕੇ ਉਹਨਾਂ ਨੂੰ ਕੁਝ ਆਦੇਸ਼ ਦੇ ਕੇ ਭੇਜ ਦਿੱਤਾ |
                                                   ਤਿੰਨ ਦਿਨ ਬਾਦ ਉਸ ਕੁੜੀ ਦੇ ਬਾਪ ਦਾ ਫੋਨ ਆਇਆ ਕਿ ਉਹ ਤਿੰਨ ਦਿਨ ਬਿਲਕੁਲ ਠੀਕ ਰਹੀ , ਪਰ ਅੱਜ ਉਹਨੂੰ ਇੱਕ ਨਾਗਿਨ ਨੇ ਦਬੋਚ ਲਿਆ ਤੇ ਉਹ ਬੇਹੋਸ਼ ਹੋ ਗਈ | ਮੈਂ ਉਹਨੂੰ ਦ੍ਬਾਰਾ ਲੈਕੇ ਆਉਣ ਲਈ ਕਿਹਾ ਤੇ ਨਾਲ ਇਹ ਵੀ ਹਦਾਇਤ ਦਿੱਤੀ ਕਿ ਉਹਦੀ ਮਾਂ ਨੂੰ ਜ਼ਰੂਰ ਲੈਕੇ ਆਉਣ . ਮੇਰਾ ਵਿਚਾਰ ਸੀ ਕਿ ਬੱਚੇ ਮਾਂ ਦੇ ਜ਼ਿਆਦਾ ਨੇੜੇ ਹੁੰਦੇ ਹਨ ਤੇ ਹੋ ਸਕਦਾ ਹੈ ਇਹਦੇ ਅੰਦਰ ਲੁਕੇ ਡਰ ਦਾ ਇਹਦੀ ਮਾਂ ਨੂੰ ਹੀ ਕੁਝ ਪਤਾ ਹੋਵੇ |
                                    ਉਹ ਕੁੜੀ ਨੂੰ ਲੈਕੇ ਮੇਰੇ ਕੋਲ ਆਏ ਤਾਂ ਮੈਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਕਿ ਹੋ ਸਕਦਾ ਹੈ ਇਸ ਕੁੜੀ ਨਾਲ ਸਕੂਲ ਵਿੱਚ ਕੋਈ ਦੁਰਵਿਹਾਰ ਹੋਇਆ ਹੋਵੇ ਜਿਸ ਦਾ ਡਰ ਇਹਨੂੰ ਸਤਾਉਂਦਾ ਹੋਵੇ , ਪਰ ਨਤੀਜਾ ਫਿਰ ਕੋਈ ਸਾਹਮਣੇ ਨਾ ਆਇਆ ਕਿਓਂਕਿ ਜਦੋਂ ਮੈਂ ਭੂਤਾਂ ਪ੍ਰੇਤਾਂ ਤੇ ਓਪਰੀ ਕਸਰ ਦੀ ਗੱਲ ਕਰਦਾ ਸਾਂ ਤਾਂ ਉਹ ਖੁਸ਼ ਹੋ ਜਾਂਦੇ ਸਨ ਕਿ ਹੁਣ ਕੁੜੀ ਠੀਕ ਹੋਜੂ , ਪਰ ਜਦੋਂ ਮੈਂ ਡਰ ਦੀ ਗੱਲ ਕਰਦਾ ਤਾਂ ਉਹ ਜੋਰ ਦੇਕੇ ਕਹਿੰਦੇ ਨਹੀਂ ਜੀ ਇਹਨੂੰ ਤਾਂ ਕੋਈ ਓਪਰੀ ਚੀਜ਼ ਹੀ ਤੰਗ ਕਰਦੀ ਹੈ |
                                                              ਗੱਲਾਂ ਚੋਂ ਗੱਲ ਸਾਹਮਣੇ ਆਈ ਕਿ ਜਦੋਂ ਵੀ ਕੁੜੀ ਨੂੰ ਇਹ ਦੌਰਾ ਪਿਆ ਹੈ ਘਰ ਚ ਹੀ ਪਿਆ ਹੈ ਬਾਹਰ ਭਾਵੇਂ ਸਾਰਾ ਦਿਨ ਖੇਡਦੀ ਰਹੇ ਕੁਝ ਨਹੀਂ ਹੁੰਦਾ , ਸਕੂਲ ਵਿੱਚ ਵੀ ਕਦੇ ਕੁਝ ਨਹੀਂ ਹੋਇਆ | ਹੁਣ ਮੇਰਾ ਸਫਰ ਨਤੀਜੇ ਵੱਲ ਸ਼ੁਰੂ ਹੋ ਗਿਆ |
ਮੈਂ ਫਿਰ ਕੁੜੀ ਤੋਂ ਪੁੱਛਗਿਛ ਕੀਤੀ ਤਾਂ ਉਹਨੇ ਦੱਸਿਆ ਕਿ ਹੁਣ ਉਹਨੂੰ ਇੱਕ ਨਾਗਿਨ ਤੇ ਇੱਕ ਔਰਤ ਤੰਗ ਕਰਦੀ ਹੈ | ਪੂਰੀ ਜਾਂਚ ਪੜਤਾਲ ਤੋਂ ਗੱਲ ਇਹ ਸਾਹਮਣੇ ਆਈ ਕਿ ਉਹਦੀ ਮਾਂ ਕੁੜੀ ਨੂੰ ਬਹੁਤ ਮਾਰਦੀ ਸੀ, ਪਰ ਮੁੰਡੇ ਨੂੰ ਬਹੁਤ ਪਿਆਰ ਕਰਦੀ ਸੀ ਇਹੋ ਕਾਰਨ ਸੀ ਕਿ ਕੁੜੀ ਦੇ ਅਚੇਤ ਮਨ ਵਿੱਚ ਮਾਂ ਕਦੇ ਘੂਰਦੀਆਂ ਅੱਖਾਂ ਦੇ ਰੂਪ ਵਿੱਚ, ਕਦੇ ਨਾਗਿਨ ਦੇ ਰੂਪ ਵਿੱਚ ਤੇ ਕਦੇ ਇੱਕ ਡਰਾਉਣੀ ਔਰਤ ਦੇ ਰੂਪ ਵਿੱਚ ਆਉਂਦੀ ਸੀ
ਮੈਂ ਕੁੜੀ ਨੂੰ ਫਿਰ ਸੰਮੋਹਿਤ ਅਵਸਥਾ ਵਿੱਚ ਲਿਜਾਕੇ ਉਹਨੂੰ ਡਰਾਉਣ ਵਾਲੀ ਹਰ ਬਲਾ ਤੋਂ ਖਹਿੜਾ ਛੁਡਾਉਣ ਦੇ ਆਦੇਸ਼ ਦਿੱਤੇ ਤੇ ਉਹਨੂੰ ਜਾਗ੍ਰਿਤ ਕਰਕੇ ਉਹਦੀ ਮਾਂ ਤੋਂ ਜੋਰ ਦੇਕੇ ਵਾਦਾ ਲਿਆ ਕਿ ਹੁਣ ਕਦੇ ਵੀ ਉਹ ਕੁੜੀ ਨੂੰ ਕੁੱਟੇਗੀ ਨਹੀਂ ਸਗੋਂ ਮੁੰਡੇ ਵਾਂਗ ਇਹਨੂੰ ਵੀ ਬਰਾਬਰ ਪਿਆਰ ਕਰੇਗੀ
ਅੱਜ ਕਈ ਦਿਨ ਬੀਤ ਜਾਣ ਤੇ ਉਹ ਕੁੜੀ ਬਿਲਕੁਲ ਠੀਕਠਾਕ ਹੈ ਬਲਕਿ ਉਹਦੇ ਪਿਓ ਨੇ ਤਿੰਨ ਕੇਸ ਹੋਰ ਭੇਜ ਦਿੱਤੇ | 1-10-13
ਇੰਦਰਜੀਤ ਕਮਲ

No comments:

Post a Comment