ਕੱਲ੍ਹ ਇੱਕ ਮੁਟਿਆਰ ਮਰੀਜ਼ ਆਈ , ਕਹਿੰਦੀ ,"ਡਾਕਟਰ ਸਾਹਿਬ ਤੁਹਾਡੀ ਦਵਾਈ ਨਾਲ ਫਰਕ ਤਾਂ ਬਹੁਤ ਹੈ , ਪਰ ਇਹ ਦੱਸੋ ਮੈਂ ਠੀਕ ਤਾਂ ਹੋ ਜਾਊਂ ?" #KamalDiKalam
ਮੈਂ ਕਿਹਾ ,"ਜਦੋਂ ਇੱਕ ਹਫਤੇ 'ਚ ਇੰਨਾਂ ਫਰਕ ਹੈ , ਤਾਂ ਠੀਕ ਕਿਓਂ ਨਾ ਹੋਵੋਗੇ ?"
ਕਹਿੰਦੀ ," ਮੇਰਾ ਛੋਟਾ ਜਿਹਾ ਬੱਚਾ ਏ , ਜੇ ਮੈਨੂੰ ਕੁਝ ਹੋ ਗਿਆ , ਇਹਦਾ ਕੀ ਬਣੂ !! ਸੱਚ ਦੱਸਿਓ ਮੈਨੂੰ ਕੈਂਸਰ ਤਾਂ ਨਾ ਹੋ ਜਾਊ ?" ਉਹਦੇ ਚਿਹਰੇ ਉੱਪਰ ਡਰ ਦੇ ਹਾਵ ਭਾਵ ਭਾਰੂ ਸਨ , ਪਰ ਫਿਰ ਵੀ ਮੇਰਾ ਹਾਸਾ ਨਿਕਲ ਗਿਆ ।
ਕਹਿੰਦੀ ,"ਕੀ ਹੋਇਆ ?"
ਮੈਂ ਪੁੱਛਿਆ ," ਆਪਣੀ ਬਿਮਾਰੀ ਦਾ ਇਲਾਜ ਨੈੱਟ 'ਤੇ ਪੜ੍ਹਕੇ ਆਏ ਹੋ ?" ਉਹਨੇ ਉਦਾਸੀ ਜਿਹੀ ਨਾਲ ਹੀ 'ਹਾਂ' ਵਿੱਚ ਸਿਰ ਹਿਲਾ ਦਿੱਤਾ ।
ਮੈਂ ਕਿਹਾ ," ਫਿਰ ਤਾਂ ਸਭ ਸੱਚ ਹੈ !"
ਉਹ ਹੋਰ ਵੀ ਡਰ ਗਈ ,ਕਹਿੰਦੀ ,"ਸੱਚੀਂ ਹੋ ਜਾਊ ਕਿ ਹੋ ਗਿਆ ?"
ਮੈਂ ਕਿਹਾ ,"ਅੱਜ ਜਾਕੇ ਨੱਕ ਜਾਂ ਕੰਨ 'ਚ ਦਰਦ ਦਾ ਇਲਾਜ ਨੈੱਟ 'ਤੇ ਲੱਭਿਓ , ਤਾਂ ਵੀ ਬਹੁਤ ਸਾਰੇ ਵੀਡੀਓਜ਼ ਅਤੇ ਲੇਖ ਤੁਹਾਨੂੰ ਕੈਂਸਰ ਤੱਕ ਪਹੁੰਚਾ ਕੇ ਹੀ ਛੱਡਣਗੇ ।
ਮੈਂ ਉਹਨੂੰ ਲੰਮਾਂ ਸਮਾਂ ਸਮਝਾਉਣ ਤੋਂ ਬਾਅਦ ਕਿਹਾ ," ਬੇਸ਼ੱਕ ਮੈਨੂੰ ਤੁਹਾਡੇ ਨਾਲ ਬਹੁਤ ਦਿਮਾਗ ਖਰਾਬ ਕਰਨਾ ਪਿਆ ਹੈ , ਪਰ ਮੈਨੂੰ ਪਤਾ ਹੈ ਕਿ ਨੈੱਟ ਵਾਲਿਆਂ ਵੱਲੋਂ ਦਿਮਾਗ 'ਚ ਪਾਇਆ ਕੀੜਾ ਇੰਨੀ ਛੇਤੀ ਨਹੀਂ ਨਿਕਲਣਾ ਵਾਲਾ ਨਹੀਂ ,ਇਸ ਕਰਕੇ ਆਪਣੀ ਬਿਮਾਰੀ ਦਾ ਨੈੱਟ ਤੋੰ ਇਲਾਜ ਪੜ੍ਹਕੇ ਆਉਣ ਵਾਲੇ ਮਰੀਜ਼ਾਂ ਲਈ ਮੈਂ ਵੱਖਰੀ ਫੀਸ ਰੱਖਣ ਬਾਰੇ ਸੋਚ ਰਿਹਾ ਹਾਂ । "
ਮੇਰੀ ਗੱਲ ਸੁਣਕੇ ਉਹਦਾ ਘਰਵਾਲਾ ਕਹਿੰਦਾ ,"ਲੈ ਲਓ ਫੀਸ ਡਾਕਟਰ ਸਾਹਿਬ , ਪਰ ਇਹਦੇ ਦਿਮਾਗ 'ਚੋਂ ਕੀੜਾ ਕੱਢੋ ਇਹਨੇ ਤਾਂ ਮੇਰਾ ਜੀਣਾ ਹਰਾਮ ਕੀਤਾ ਹੋਇਆ ਹੈ ।"
No comments:
Post a Comment