ਕੁਝ ਵਰ੍ਹੇ ਪਹਿਲਾਂ ਇੱਕ ਵਾਰ ਮੇਰੇ ਆਪਣਿਆਂ ਨੇ ਪੰਜਾਬ ਤੋਂ ਆਪਣੇ ਬੇਟੇ ਨੂੰ ਮੇਰੇ ਕੋਲ ਭੇਜ ਦਿੱਤਾ ਕਿ ਮੁੰਡਾ ਵਿਗੜ ਗਿਆ ਹੈ , ਇਹਨੂੰ ਸੁਧਾਰ ਕੇ ਭੇਜ ,ਪਰ ਮੁੰਡੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਉਹਨੂੰ ਭੇਜਿਆ ਕਿਸ ਕੰਮ ਵਾਸਤੇ ਹੈ ! ਉਹਨਾਂ ਇਹ ਵੀ ਦੱਸਣਾ ਠੀਕ ਨਾ ਸਮਝਿਆ ਕਿ ਵਿਗਾੜ ਕੀ ਹੈ !
ਮੁੰਡੇ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਲੱਗਾ ਕਿ ਮੇਰੇ ਆਪਣਿਆਂ ਨੂੰ ਕੋਈ ਗਲਤੀ ਲੱਗੀ ਹੈ ਮੁੰਡਾ ਤਾਂ ਬਹੁਤ ਹੀ ਸਿਆਣਾ ਅਤੇ ਬਹੁਤ ਸਾਰੇ ਵਿਸ਼ਿਆਂ 'ਤੇ ਗੱਲਬਾਤ ਕਰਨ ਵਿੱਚ ਮਾਹਿਰ ਹੈ | ਕਿਸੇ ਵੀ ਗੱਲ ਦਾ ਉਹ ਇੰਨਾ ਸੁਲਝਿਆ ਹੋਇਆ ਉੱਤਰ ਦਿੰਦਾ ਸੀ ਕਿ ਉਹਦੇ ਵਿਗੜਨ ਬਾਰੇ ਵਹਿਮ ਕਰਨਾ ਹੀ ਵਹਿਮ ਲੱਗ ਰਿਹਾ ਸੀ ! 'ਜੀ ਹਜ਼ੂਰੀ ' ਵਿੱਚ ਪੂਰਾ ਮਾਹਿਰ ! #KamalDiKalam
ਖੈਰ ! ਉਹਨੇ ਛੇਤੀ ਹੀ ਮੇਰਾ ਵਿਸ਼ਵਾਸ ਜਿੱਤ ਕੇ ਨਾਲ ਹੀ ਮੈਨੂੰ ਇੱਕ ਛੋਟਾ ਜਿਹਾ ਆਰਥਿਕ ਝਟਕਾ ਵੀ ਦੇ ਦਿੱਤਾ ! ਉਸੇ ਦਿਨ ਹੀ ਮੈਨੂੰ ਪਤਾ ਲੱਗਾ ਕਿ #ਚਿੱਟਾ ਉਹਦੀ ਕਮਜ਼ੋਰੀ ਬਣ ਚੁੱਕਾ ਹੈ ! #KamalDiKalam
ਮੈਂ ਕੁਝ ਹੋਰ ਆਪਣਿਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹ ਹੋਰ ਵੀ ਕਈ ਰਿਸ਼ਤੇਦਾਰਾਂ ਨੂੰ ਚੂਨਾ ਲਗਾ ਚੁੱਕਾ ਹੈ , ਪਰ ਸ਼ਰਮ ਦੇ ਮਾਰੇ ਸਾਰੇ ਇੱਕ ਦੂਸਰੇ ਕੋਲ ਗੱਲ ਨਹੀਂ ਕਰ ਰਹੇ ! ਝਟਕਾ ਲੱਗਣ ਤੋਂ ਬਾਅਦ ਮੈਨੂੰ ਨਹੀਂ ਲੱਗਾ ਕਿ ਇਹ ਸਾਡਾ ਹੁੰਦੇ ਹੋਏ ਵੀ ਸਾਡੇ ਘਰ ਵਿੱਚ ਰਹਿਣ ਦੇ ਕਾਬਿਲ ਹੈ ! ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀ ਔਲਾਦ ਉਹਦੀ ਸੰਗਤ ਮਾਣੇ ! ਸਮਝ ਆ ਗਈ ਕਿ ਉਹਦੇ ਮਾਪਿਆਂ ਨੇ ਉਹਦੇ ਤੋਂ ਦੁਖੀ ਹੋਕੇ ਉਹਨੂੰ ਮਗਰੋਂ ਲਾਹੁਣ ਵਾਸਤੇ ਹੀ ਮੇਰੇ ਕੋਲ ਭੇਜਿਆ ਸੀ | ਜਿਵੇਂ ਉਹਨੇ ਲੋਕਾਂ ਨਾਲ ਫਟਾਫਟ ਵਾਕਫੀਅਤ ਬਣਾਉਣੀ ਸ਼ੁਰੂ ਕੀਤੀ ਸੀ ਮੈਨੂੰ ਇਹ ਵੀ ਲੱਗਾ ਕਿ ਇਹ ਥੋੜੇ ਦਿਨਾਂ ਵਿੱਚ ਹੀ ਸ਼ਹਿਰ ਵਿੱਚ ਮੇਰੀ ਬਦਨਾਮੀ ਕਰਵਾ ਸਕਦਾ ਹੈ ! #KamalDiKalam
ਉਹਨੂੰ ਸਮਝਾਉਣਾ ਪੱਥਰ ਉੱਤੇ ਪਾਣੀ ਪਾਉਣ ਵਾਂਗ ਹੀ ਲੱਗਾ , ਜਿਸ ਕਰਕੇ ਮੈਂ ਉਹਦੇ ਤੋਂ ਕਿਨਾਰਾ ਕਰਨਾ ਹੀ ਬਿਹਤਰ ਸਮਝਿਆ ! ਮੇਰੇ ਇਸ਼ਾਰੇ ਨੂੰ ਸਮਝਦਾ ਹੋਇਆ ਉਹ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਆਪਣਾ ਬੈਗ ਲੈਕੇ 'ਫਲਾਣੇ ਰਿਸ਼ਤੇਦਾਰ ਕੋਲ ਜਾ ਰਿਹਾ ਹਾਂ |' ਕਹਿਕੇ ਤੁਰ ਗਿਆ |
ਉਹਦੇ ਮਾਪਿਆਂ ਨੂੰ ਫੋਨ ਕੀਤਾ ਤਾਂ ਉਹਨਾਂ ਮੇਰੇ ਨਾਲ ਗੱਲ ਕਰਨੀ ਵੀ ਮੁਨਾਸਿਬ ਨਾ ਸਮਝੀ | ਸਮਝ ਹੀ ਨਹੀਂ ਲੱਗੀ ਕਿ ਉਹਨੇ ਆਪਣੇ ਮਾਪਿਆਂ ਦੇ ਕੰਨ 'ਚ ਮੇਰੇ ਬਾਰੇ ਕੀ ਫੂਕ ਮਾਰੀ ਕਿ ਉਹਨਾਂ ਮੇਰੇ ਨਾਲ ਵਰਤਣਾ ਹੀ ਬੰਦ ਕਰ ਦਿੱਤਾ !
ਜਿਹਨਾਂ ਆਪਣਿਆਂ ਨਾਲ ਮੈਂ 40-45 ਵਰ੍ਹਿਆਂ ਤੋਂ ਜ਼ੁਲਮ ਸਹਿਕੇ ਵੀ ਵਰਤ ਰਿਹਾ ਸਾਂ ਅਤੇ ਉਹਨਾਂ ਦੇ ਇੱਕ ਬੁਲਾਵੇ 'ਤੇ ਮੁਸੀਬਤ ਝੱਲਕੇ ਵੀ ਸੈਂਕੜੇ ਕਿਲੋਮੀਟਰ ਫਾਸਲਾ ਕਰਕੇ ਪਹੁੰਚ ਜਾਂਦਾ ਸਾਂ ਤਾਂਕਿ ਸਾਂਝ ਨਾ ਟੁੱਟੇ ਉਹਨਾਂ ਵੱਲੋਂ ਬਿਨ੍ਹਾਂ ਕਿਸੇ ਜ਼ੁਰਮ ਤੋਂ ਮਿਲੀ ਸਜ਼ਾ ਮਨ ਮਾਰਕੇ ਝੱਲਣੀ ਪਈ !
ਮੇਰੇ ਸੱਦੇ 'ਤੇ ਮੇਰੇ ਕਿਸੇ ਸਮਾਗਮ 'ਤੇ ਪਹੁੰਚਣਾ ਤਾਂ ਦੂਰ ਦੀ ਗੱਲ ਉਹਨਾਂ ਕਿਸੇ ਹੋਰ ਰਿਸ਼ਤੇਦਾਰੀ ਦੇ ਸਮਾਗਮ ਵਿੱਚ ਮਿਲਣ 'ਤੇ ਵੀ ਮੇਰੇ ਸਮੇਤ ਕਈਆਂ ਤੋਂ ਦੂਰੀ ਬਣਾਕੇ ਰੱਖਣੀ ਅਤੇ ਬੁਲਾਉਣ 'ਤੇ ਵੀ ਗੱਲ ਨਾ ਕਰਨੀ ! ਮੈਨੂੰ ਆਖਿਰ ਇਸ ਹਾਲਾਤ ਨਾਲ ਸਮਝੌਤਾ ਕਰਨਾ ਪਿਆ !
ਹੁਣ ਬਾਰਬਾਰ ਉਹਦਾ ਘਰੋਂ ਕਈ ਕਈ ਦਿਨ ਗਾਇਬ ਰਹਿਣਾ ਆਮ ਜਿਹੀ ਗੱਲ ਸੀ ! ਉਹਨੂੰ ਸੁਧਾਰਨ ਵਾਸਤੇ ਮਾਪਿਆਂ ਵੱਲੋਂ ਝੱਟ ਮੰਗਣੀ ਪੱਟ ਸ਼ਾਦੀ ਕਰ ਦਿੱਤੀ | ਬੀਵੀ ਅਤੇ ਬੱਚੇ ਦਾ ਮੋਹ ਵੀ ਉਹਨੂੰ #ਚਿੱਟਾ ਨਾ ਛੁਡਾ ਸਕਿਆ !
ਬੜਾ ਦੁੱਖ ਹੋਇਆ ਜਦੋਂ ਹੁਣ ਪਤਾ ਲੱਗਾ ਕਿ ਉਹ ਆਪਣੇ ਘਰੋਂ ਹੀ ਲੱਖਾਂ ਰੁਪਏ ਲੈਕੇ ਗਾਇਬ ਹੋ ਗਿਆ ਹੈ ਜੋ ਉਹਦੇ ਮਾਪਿਆਂ ਨੇ ਉਹਦੇ ਪਰਿਵਾਰ ਵਾਸਤੇ ਹੀ ਜੋੜੇ ਸਨ | ਉਹ ਰਕਮ ਉਹਦੇ ਪਰਿਵਾਰ ਦੀ ਆਪਣੀ ਹੀ ਸੀ ਜੋ ਹੁਣ ਚਿੱਟੇ ਦੇ ਵਪਾਰੀਆਂ ਅਤੇ ਦਰਿੰਦਿਆਂ ਦੇ ਕੰਮ ਆਏਗੀ !
ਪਤਾ ਨਹੀਂ ਇਹ #ਚਿੱਟਾ ਖੂਨ ਵਿੱਚ ਕੀ ਘੋਲਦਾ ਹੈ ਕਿ ਖੂਨ ਨੂੰ ਹੀ #ਚਿੱਟਾ ਕਰਕੇ ਰੱਖ ਦਿੰਦਾ ਹੈ !

No comments:
Post a Comment