ਸ਼੍ਰੀ ਆਰ.ਪੀ.ਗਾਂਧੀ ਲਗਾਤਾਰ ਕਈ ਸਾਲ ਤਰਕਸ਼ੀਲ ਸੋਸਾਇਟੀ ਜ਼ਿਲ੍ਹਾ ਯਮੁਨਾਨਗਰ ਦੇ ਅਤੇ ਕੁਝ ਵਕਤ ਸੂਬਾ ਪ੍ਰਧਾਨ ਵੀ ਰਹੇ ਹਨ | ਮੈਂ ਅਤੇ ਇਹਨਾਂ ਨੇ ਪਿਛਲੇ 32 ਵਰ੍ਹਿਆਂ ਦੌਰਾਨ ਭੂਤਾਂ ਪ੍ਰੇਤਾਂ ਦੇ ਅਨੇਕਾਂ ਮਸਲੇ ਹੱਲ ਕੀਤੇ ਹਨ ਅਤੇ ਬਹੁਤ ਸਾਰੇ ਬਾਬਿਆਂ ਦੇ ਪਰਦੇਫਾਸ਼ ਵੀ ਕੀਤੇ ਹਨ ! ਇੱਕ ਬਾਬੇ ਨੇ ਤਾਂ ਆਪਣੀਆਂ ਕਰਤੂਤਾਂ ਸਾਹਮਣੇ ਆਉਣ 'ਤੇ ਆਤਮ ਹੱਤਿਆ ਹੀ ਕਰ ਲਈ ਸੀ ! ਗਾਂਧੀ ਸਾਹਬ ਬਹੁਤ ਸਾਰੀਆਂ ਕਿਤਾਬਾਂ ਵੀ ਲਿਖ ਚੁੱਕੇ ਹਨ ਅਤੇ ਇਹਨਾਂ ਨੇ ਆਪਣਾ ਸਰੀਰ ਵੀ ਦਾਨ ਕੀਤਾ ਹੋਇਆ ਹੈ | 90 ਵਰ੍ਹੇ ਪਾਰ ਕਰ ਚੁੱਕੀ ਇਸ ਸ਼ਖਸੀਅਤ ਨੇ ਕਈ ਸਰੀਰਕ ਬਿਮਾਰੀਆਂ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਕਦੇ ਬੀਮਾਰ ਨਹੀਂ ਸਮਝਿਆ !
ਡਾਕਟਰਾਂ ਵੱਲੋਂ ਮੁਕੰਮਲ ਆਰਾਮ ਕਰਨ ਦੀ ਸਲਾਹ ਦੇਣ ਦੇ ਬਾਵਜੂਦ ਮੇਰੇ ਸੱਦੇ 'ਤੇ ਸਾਡੇ ਪਰਿਵਾਰਕ ਸਮਾਗਮ ਵਿੱਚ ਆਪਣੇ ਬੇਟੇ ਨਾਲ ਪਹੁੰਚੇ ! #KamalDiKalam
ਗਾਂਧੀ ਸਾਹਬ ਮੈਨੂੰ ਕਹਿੰਦੇ ," ਜਿਵੇਂ ਤੂੰ ਮੇਰੇ 75ਵੇਂ ਜਨਮਦਿਨ ਵੇਲੇ ਸਟੇਜ ਸੰਭਾਲ ਕੇ ਰੌਣਕ ਲਗਾਈ ਸੀ , ਮੇਰੇ ਮਰਨ ਤੋਂ ਬਾਅਦ ਹੋਣ ਵਾਲੇ ਪ੍ਰੋਗਰਾਮ ਵੇਲੇ ਵੀ ਸਟੇਜ ਦੀ ਡਿਊਟੀ ਤੂੰ ਹੀ ਸੰਭਾਲਣੀ ਹੈ !"
ਮੈਂ ਆਪਣੇ ਸੁਭਾਅ ਮੁਤਾਬਕ ਹੱਸਦੇ ਹੋਏ ਕਿਹਾ ," ਤੁਸੀਂ ਮਰਨ ਵਾਲੇ ਤਾਂ ਬਣੋ ਰੌਣਕਾਂ ਤਾਂ ਪੂਰੀਆਂ ਲਾਵਾਂਗੇ !"
ਗਾਂਧੀ ਸਾਹਬ ਦਾ ਬੇਟਾ ਪ੍ਰਵੀਨ ਗਾਂਧੀ ਕਹਿੰਦਾ ," ਤੁਹਾਡੇ ਮਰਨ 'ਤੇ ਤਾਂ ਇਲਾਕੇ ਦੇ ਸਾਰੇ ਬਾਬੇ ਵੀ ਕੌਕਟੇਲ ਪਾਰਟੀ ਕਰਕੇ ਰੌਣਕਾ ਲਗਾਉਣਗੇ ਕਿ ਉਹਨਾਂ ਦਾ ਪਿੱਛਾ ਛੁੱਟਿਆ |"
ਸਾਰੇ ਪਾਸੇ ਹਾਸਾ ਫੈਲ ਗਿਆ |
ਇੰਦਰਜੀਤ ਕਮਲ

No comments:
Post a Comment