ਅਸੀਂ ਜਦੋਂ ਨਵੇਂ ਨਵੇਂ ਯਮੁਨਾਨਗਰ ਆਏ ਤਾਂ ਇੱਥੇ ਕਿਸੇ ਨਾਲ ਵੀ ਕੋਈ ਜਾਣਕਾਰੀ ਨਹੀਂ ਸੀ ਤੇ ਨਾਂ ਹੀ ਸ਼ਹਿਰੀ ਕਾਰੋਬਾਰ ਬਾਰੇ ਕੋਈ ਤਜਰਬਾ ਸੀ | ਰੋਟੀ ਪਾਣੀ ਦੇ ਜੁਗਾੜ ਲਈ ਕਿਸੇ ਦੀ ਸਲਾਹ ਤੇ ਸਵਾਰੀਆਂ ਢੋਣ ਲਈ ਇੱਕ ਪੁਰਾਣੀ ਮਰੂਤੀ ਵੈਨ ਲੈਕੇ ਉਹਦੇ ਲਈ ਡਰਾਇਵਰ ਰੱਖ ਲਿਆ | #KamalDiKalam
ਟੈਕਸੀ ਨੰਬਰ ਲੈਣ ਦੀ ਸੋਚੀ ਤਾਂ ਕਿਸੇ ਜਾਣਕਾਰ ਨੇ ਸਲਾਹ ਦਿੱਤੀ ਕਿ ਉੱਤਰ ਪ੍ਰਦੇਸ਼ ਯਮੁਨਾਨਗਰ ਦੀ ਜੜ੍ਹ ਵਿੱਚ ਹੀ ਹੈ ਤੇ ਬਾਕੀ ਤਿੰਨ ਪਾਸੇ ਵੀ ਸੌ ਕਿਲੋਮੀਟਰ ਤੋਂ ਪਹਿਲਾਂ ਹੀ ਸੂਬਾ ਬਦਲ ਜਾਂਦਾ ਹੈ , ਇਸ ਕਰਕੇ ਸਾਰੇ ਸੂਬਿਆਂ ਦਾ ਟੈਕਸ ਭਰਨ ਕਰਕੇ ਇਹ ਬਹੁਤ ਮਹਿੰਗਾ ਪਏਗਾ ਤੇ ਲੋਕ ਤੁਹਾਡੀ ਗੱਡੀ ਵਿੱਚ ਸਫਰ ਕਰਣ ਤੋਂ ਪਰਹੇਜ਼ ਕਰਣਗੇ !
ਡਰਾਇਵਰ ਨੇ ਸਲਾਹ ਦਿੱਤੀ ਕਿ ਕਿਸੇ ਕੰਪਨੀ ਜਾਂ ਫੈਕਟਰੀ ਵਾਲਿਆਂ ਨਾਲ ਗੱਡੀ ਪੱਕੀ ਲਗਾ ਦਿਓ ! ਮਹੀਨੇ ਦੀ ਉੱਕੀ ਪੁੱਕੀ ਰਕਮ ਮਿਲ ਜਾਇਆ ਕਰੇਗੀ ਤੇ ਡਰਾਇਵਰ ਦੀ ਤਨਖਾਹ ਅਤੇ ਤੇਲ ਪਾਣੀ ਦੀ ਚਿੰਤਾ ਵੀ ਖਤਮ | ਬੱਸ ਗੱਡੀ ਦੀ ਮੁਰੰਮਤ ਕਰਵਾਉਣੀ ਪਿਆ ਕਰੇਗੀ | ਗੱਲ ਮਨ ਨੂੰ ਲੱਗੀ ਤੇ ਡਰਾਇਵਰ ਨੂੰ ਇਹਦੇ ਬਾਰੇ ਕੋਸ਼ਿਸ਼ ਕਰਣ ਲਈ ਕਿਹਾ !
ਦੋ ਕੁ ਦਿਨ ਬਾਦ ਡਰਾਇਵਰ ਸਕੂਟਰ 'ਤੇ ਆਇਆ ਤਾਂ ਮੈਂ ਪੁੱਛਿਆ ," ਗੱਡੀ ਕਿੱਥੇ ਆ ?"
ਕਹਿੰਦਾ ," ਗੱਡੀ ਲੱਗ ਗਈ ਆ , ਛੋਟੂ ਮਿਸਤਰੀ ਦੀ ਦੁਕਾਨ 'ਤੇ ਛੱਡ ਕੇ ਆਇਆ ਹਾਂ |"
ਮੈਂ ਕਿਹਾ ," ਚਲੋ ਚੰਗਾ ਹੋ ਗਿਆ |"
ਕਹਿੰਦਾ ," ਕੀ ਚੰਗਾ ਹੋ ਗਿਆ ? "
ਮੈਂ ਪੁੱਛਿਆ ," ਗੱਡੀ ਪੱਕੀ ਲੱਗ ਗਈ ਏ ਨਾ ?"
ਕਹਿੰਦਾ ," ਨਹੀਂ ਬਾਊ ਜੀ | ਯਮੁਨਾ ਦੀ ਪਟੜੀ 'ਤੇ ਜਾ ਰਹੇ ਸਾਂ , ਇੱਕ ਮੋਟਰਸਾਇਕਲ ਵਾਲੇ ਨੂੰ ਬਚਾਉਣ ਦੇ ਚੱਕਰ ਗੱਡੀ ਸਫੈਦੇ ਦੇ ਰੁੱਖ 'ਚ ਲੱਗ ਗਈ ਏ | ਛੋਟੂ ਮਿਸਤਰੀ ਕੋਲ ਛੱਡ ਕੇ ਆਇਆ ਹਾਂ ਮੁਰੰਮਤ ਲਈ !"
No comments:
Post a Comment