ਇੱਕ ਪਰਿਵਾਰ ਦਾ ਕਾਫੀ ਦੇਰ ਤੋਂ ਕਿਸੇ ਨਾ ਕਿਸੇ ਇਲਾਜ ਲਈ ਮੇਰੇ ਕੋਲ ਆਉਣ ਜਾਣ ਹੈ | ਮੀਆਂ ਬੀਵੀ ਦੋਵੇਂ ਕੇਂਦਰ ਸਰਕਾਰ ਦੇ ਮੁਲਾਜਮ ਹਨ ਤੇ ਦੋਵੇਂ ਬੱਚੇ ਵਿਦਿਆਰਥੀ | ਸਾਰੇ ਟੱਬਰ ਨੂੰ ਪੰਜਾਬੀ ਲਿਖਣੀ \ ਪੜ੍ਹਣੀ ਤਾਂ ਨਹੀਂ ਆਉਂਦੀ , ਪਰ ਬੋਲਦੇ ਪੂਰੀ ਠੇਠ ਹਨ | ਇਹ ਵੀ ਇੱਕ ਕਾਰਣ ਹੈ ਕਿ ਉਹ ਮੇਰੇ ਨਾਲ ਜਲਦੀ ਘੁਲਮਿਲ ਗਏ |
ਕੱਲ੍ਹ ਉਹ ਮੇਰੇ ਕੋਲ ਇਕੱਲਾ ਆਇਆ ਤੇ ਕਹਿਣ ਲੱਗਾ ਕਿ ਉਹਦੀ ਬੇਟੀ ਨੂੰ ਦਸਤ ਲੱਗੇ ਹਨ , ਕੋਈ ਦਵਾਈ ਦਿਓ | ਮੈਂ ਕੁਝ ਵੇਰਵਾ ਜਾਣਨ ਲਈ ਉਹਦੀ ਬੇਟੀ ਨਾਲ ਗੱਲ ਕਰਣੀ ਚਾਹੀ , ਤਾਂ ਉਹਨੇ ਝੱਟ ਹੀ ਫੋਨ ਮਿਲਾਕੇ ਮੇਰੀ ਗੱਲ ਕਰਵਾ ਦਿੱਤੀ | ਗੱਲਬਾਤ ਤੋਂ ਬਾਦ ਮੈਂ ਦਵਾਈ ਤਿਆਰ ਕਰ ਹੀਂ ਰਿਹਾ ਸਾਂ ਕਿ ਉਹਦੇ ਫੋਨ ਦੀ ਘੰਟੀ ਵੱਜ ਗਈ | ਫੋਨ ਦੀ ਸਕਰੀਨ ਵੱਲ ਵੇਖਕੇ , ਫੋਨ ਮੇਰੇ ਵੱਲ ਵਦਾਉਂਦਾ ਹੋਇਆ ਕਹਿਣ ਲੱਗਾ ," ਲਗਦੈ ਮੈਡਮ ਨੇ ਆਪਣੀ ਦਵਾਈ ਵੀ ਲੈਣੀ ਹੈ | ਤੁਸੀਂ ਗੱਲ ਕਰ ਲਓ |"
ਮੈਂ ਫੋਨ ਕੰਨ ਨਾਲ ਲਗਾਕੇ ," ਹਾਂਜੀ !" ਹੀ ਕਿਹਾ ਸੀ ਕਿ ਅੱਗੋਂ ਆਵਾਜ਼ ਆਈ ," ਹਾਂਜੀ ਦਿਆ ਲਗਦਿਆ , ਬੰਦਾ ਬਣਕੇ ਸਿੱਧਾ ਘਰ ਆਵੀਂ ਤੇ ਆਉਂਦਾ ਹੋਇਆ ਢਾਬੇ ਤੋਂ ਬਾਰਾਂ ਤੇਰਾਂ ਤੰਦੂਰੀ ਰੋਟੀਆਂ ਵੀ ਲੈਂਦਾ ਆਵੀਂ !" #KamalDiKalam
ਮੈਂ ਆਪਣਾ ਹਾਸਾ ਰੋਕਦੇ ਹੋਏ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ ," ਰੋਟੀਆਂ ਤਾਂ ਲੈ ਆਊਂ , ਪਰ ਮੈਨੂੰ ਤੁਹਾਡਾ ਘਰ ਨਹੀਂ ਪਤਾ |"
ਅੱਗੋਂ ਆਵਾਜ਼ ਆਈ ," ਹੌ ! ਡਾਕਟਰ ਭਾਜੀ ਤੁਸੀਂ !! ........... ਜ਼ਰਾ ਇਹਨਾਂ ਨੂੰ ਫੋਨ ਫੜਾਇਓ !"
ਮੈਂ ਉਹਨੂੰ ਫੋਨ ਫੜਾਇਆ ਤਾਂ ਫੋਨ ਨੂੰ ਕੰਨ ਨਾਲ ਲਗਾਉਣ ਤੋਂ ਬਾਦ ਝੱਟ ਹੀ ਉਹਦਾ ਮੂੰਹ ਲਟਕ ਗਿਆ | ਸਹੁੰ ਵੱਡੇ ਮਹਾਂਰਾਜ ਦੀ , ਮੈਂ ਬਿਲਕੁਲ ਨਹੀਂ ਜਾਣਦਾ ਕਿ ਉਹਨਾਂ ਦੀ ਫੋਨ 'ਤੇ ਜਾਂ ਘਰ ਜਾਕੇ ਕੀ ਗੱਲਬਾਤ ਹੋਈ !
No comments:
Post a Comment