ਮੈਂ ਦੁਪਹਿਰ ਦੇ ਖਾਣੇ ਲਈ ਘਰ ਜਾਣ ਦੀ ਤਿਆਰੀ ਹੀ ਕਰ ਰਿਹਾ ਸਾਂ ਕਿ ਇੱਕ ਪੈਂਤੀ ਚਾਲੀ ਸਾਲਾਂ ਦੀ ਔਰਤ ਵਾਹੋਦਾਹੀ ਕਲੀਨਿਕ ਅੰਦਰ ਆਈ ਤੇ ਆਉਂਦਿਆਂ ਹੀ ਕਹਿੰਦੀ ," ਵੀਰ ਜੀ , ਬੜਾ ਵਿਸ਼ਵਾਸ ਕਰਕੇ ਆਈ ਆਂ , ਨਿਰਾਸ਼ ਨਾ ਕਰਿਓ | ਘਰ ‘ਚ ਭੋਰਾ ਬਰਕਤ ਨਹੀਂ ਹੁੰਦੀ | ਲੋਕਾਂ ਦੀ ਨਜਰ ਹੀ ਬੜੀ ਭੈੜੀ ਏ , ਜੇ ਕਾਰ ਖਰੀਦੀ ਤਾਂ ਲੋਕਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ , ਘਰ ਏ.ਸੀ. ਲਗਵਾਇਆ ਤਾਂ ਲੋਕ ਸੜਭੁੱਜ ਗਏ | ਮਕਾਨ ਦੇ ਨਾਲ ਪਿਆ ਖਾਲੀ ਪਲਾਟ ਖਰੀਦਿਆ , ਉਹ ਵੀ ਲੋਕਾਂ ਤੋਂ ਨਹੀਂ ਜ਼ਰਿਆ ਗਿਆ | ਮੇਰਾ ਘਰ ਵਾਲਾ ਹਰ ਦੋ ਤਿੰਨ ਸਾਲ ਬਾਦ ਕੰਮ ਬਦਲ ਲੈਂਦਾ ਏ , ਕੋਈ ਕੰਮ ਚਲਦਾ ਹੀ ਨਹੀਂ | ਜੇ ਮੈਂ ਉਹਨੂੰ ਕੁਝ ਪੁੱਛਦੀ ਹਾਂ ਤਾਂ ਡੁੰਨਵੱਟਾ ਜਿਹਾ ਬਣ ਕੇ ਬੈਠ ਜਾਂਦਾ ਏ , ਕੁਝ ਬੋਲਦਾ ਹੀ ਨਹੀਂ | ਉਦੋਂ ਮੇਰਾ ਮਨ ਕਰਦਾ ਏ ਉਹਦਾ ਗਲ ਘੁੱਟ ਦੇਵਾਂ | “ ਮੈਂ ਸੋਚਣ ਲੱਗਾ ਕਿ ਮੈਂ ਤਾਂ ਤੈਨੂੰ ਜਾਣਦਾ ਵੀ ਨਹੀ ਤੇ ਤੂੰ ਮੈਨੂੰ ਨਹੀਂ ਬੋਲਣ ਦੇ ਰਹੀ , ਜਿਹੜਾ ਤੈਨੂੰ ਕਈ ਸਾਲਾਂ ਤੋਂ ਜਾਣਦਾ ਹੋਊ ਉਹਦੀ ਤਾਂ ਬੋਲਤੀ ਬੰਦ ਹੋਣੀ ਹੀ ਹੈ |
ਫਿਰ ਹੌਲੀ ਜਿਹੀ ਕਹਿੰਦੀ ,” ਇਹ ਵੀ ਵੇਖਿਓ ਕਿਤੇ ਉਹਦਾ ਕਿਤੇ ਬਾਹਰ ਚੱਕਰ ਤੇ ਨਹੀਂ ! ........... ਮੇਰੀ ਮੰਮੀ ਕਹਿੰਦੀ , ਆਪਣੇ ਪੱਟੀ ਵਾਲੇ ਇੰਦਰਜੀਤ ਵੀਰ ਕੋਲ ਜਾਹ , ਉਹ ਇਹੋ ਜਿਹੇ ਮਸਲਿਆਂ ਦਾ ਹੱਲ ਕਰ ਦਿੰਦਾ ਏ | ਤੁਸੀਂ ਇੱਕ ਵਾਰ ਮੇਰੀ ਭਰਜਾਈ ਦਾ ਇਲਾਜ ਕੀਤਾ ਸੀ | ਮੈਂ .............. ਵਾਲੇ ਟੀਟੂ ਦੀ ਭੈਣ ਹਾਂ | ਜਿਵੇਂ ਟੀਟੂ ਛੋਟਾ ਵੀਰ ਉਂਵੇਂ ਇੰਦਰਜੀਤ ਵੱਡਾ ਵੀਰ | ਸਾਡਾ ਸਾਰਾ ਟੱਬਰ ਤੁਹਾਨੂੰ ਬਹੁਤ ਯਾਦ ਕਰਦਾ ਏ |” ਉਹ ਇੱਕੋ ਸਾਹ ‘ਚ ਬੋਲੀ ਜਾ ਰਹੀ ਸੀ
ਟੀਟੂ ਦਾ ਜ਼ਿਕਰ ਆਉਂਦਿਆਂ ਹੀ ਮੈਨੂੰ ਸੋਲਾਂ ਸਤਾਰਾਂ ਸਾਲ ਪਹਿਲਾਂ ਟੀਟੂ ਦੀ ਵਹੁਟੀ ਦਾ ਹੱਲ ਕੀਤਾ ਕੇਸ ਯਾਦ ਆ ਗਿਆ | ਮੈਂ ਆਈ ਔਰਤ ਨੂੰ ਪਰਖਣ ਲਈ ਇੱਕ ਚਾਲ ਖੇਡਦੇ ਹੋਏ ਕਿਹਾ ,” ਪਰ ਉਦੋਂ ਟੀਟੂ ਨੇ ਮੇਰੇ ਨਾਲ ਠੀਕ ਨਹੀਂ ਕੀਤਾ | ਮੇਰਾ ਅਹਿਸਾਨ ਮੰਨਣ ਦੀ ਥਾਂ ਮੇਰੇ ਕੋਲੋਂ ਪੈਸੇ ਉਧਾਰੇ ਲੈ ਗਿਆ ਤੇ ਮੁੜਕੇ ਵਾਪਸ ਨਹੀਂ ਆਇਆ | “
ਉਹ ਝੱਟ ਬੋਲੀ ,“ ਉਹਦੀ ਗੱਲ ਛੱਡੋ ਜੀ ! ਉਹ ਤਾਂ ਹੈ ਹੀ ਕਮੀਨਾ ! ਮੈਂ ਹਰ ਸਾਲ ਰੱਖੜੀ ਭੇਜਦੀ ਆਂ , ਮਰ ਜਾਣੇ ਨੇ ਕਦੇ ਫੁੱਟੀ ਕੌਡੀ ਨਹੀਂ ਦਿੱਤੀ | ............. ਤੁਸੀਂ ਇੱਕ ਵਾਰ ਮੇਰੇ ਘਰ ‘ਚ ਬਰਕਤ ਪਾ ਦਿਓ , ਮੈਂ ਤੁਹਾਡੇ ਵਾਸਤੇ ਵੱਧ ਤੋਂ ਵੱਧ ਕਰੂਂਗੀ |” ਉਹਨੇ ਮੈਨੂੰ ਲਾਲਚ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ |
ਮੈਂ ਕਿਹਾ ,” ਤੁਸੀਂ ਆਪਣੇ ਘਰਵਾਲੇ ਨੂੰ ਨਾਲ ਲੈਕੇ ਆਓ |”
ਕਹਿੰਦੀ ,”ਲੈ ਦੱਸੋ ! ਮੈਂ ਤਾਂ ਆਪ ਉਹਦੇ ਤੋਂ ਚੋਰੀ ਆਈ ਆਂ | ਉਹਦੇ ਸਾਹਮਣੇ ਇਹ ਗੱਲਾਂ ਥੋੜਾ ਹੋ ਸਕਦੀਆਂ ਸਨ |” ਨਾਲ ਹੀ ਪਰਸ ‘ਚ ਹੱਥ ਮਾਰਦੀ ਹੋਈ ਕਹਿੰਦੀ ,” ਉਹਦੀ ਫੋਟੋ ਲੈਕੇ ਆਈ ਹਾਂ , ਉਹਦੇ ਨਾਲ ਕੰਮ ਚਲਦਾ ਹੈ ਤਾਂ ਵੇਖ ਲਓ |..... ਮੇਰੀ ਮੰਮੀ ਨੇ ਵੀ ਤੁਹਾਡੇ ਕੋਲ ਆਉਣਾ ਏਂ , ਮੇਰੀ ਭਰਜਾਈ ਉਹਦੇ ਨਾਲ ਬੜਾ ਲੜਦੀ ਆ , ਉਹਨੂੰ ਵੀ ਕੋਈ ਤਵੀਤ ਬਣਾਕੇ ਦਿਓਜੇ !”
ਮੈਨੂੰ ਸਮਝ ਲੱਗ ਗਈ ਕਿ ਇਹ ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਣੀਆਂ ਨੇ | ਮੈਂ ਆਪਣਾ ਵਿਜ਼ਟਿੰਗ ਕਾਰਡ ਉਹਦੇ ਵੱਲ ਵਧਾਉਂਦੇ ਹੋਏ ਕਿਹਾ ,” ਹੁਣ ਮੇਰਾ ਘਰ ਜਾਣ ਦਾ ਵਕਤ ਹੋ ਗਿਆ ਹੈ ਤੁਸੀਂ ਪੰਦਰਾਂ ਕੁ ਦਿਨ ਬਾਦ ਮੈਨੂੰ ਫੋਨ ਕਰਿਓ | “
No comments:
Post a Comment