ਮਾਲਕ ਦੀ ਹੈਸੀਅਤ \ ਇੰਦਰਜੀਤ ਕਮਲ - Inderjeet Kamal

Latest

Saturday, 29 April 2017

ਮਾਲਕ ਦੀ ਹੈਸੀਅਤ \ ਇੰਦਰਜੀਤ ਕਮਲ


ਕੁਝ ਦਿਨ ਪਹਿਲਾਂ ਇੱਕ ਬੰਦਾ ਦਵਾਈ ਲੈਣ ਆਇਆ, ਜੋ ‘ ਕਾਲਾ ਪੀਲੀਆ ’ ਨਾਲ ਗ੍ਰਸਤ ਸੀ | ਉਹਦਾ ਸਰੀਰ ਅਤੇ ਸਾਰੇ ਕੱਪੜੇ ਮੋਟੇ ਮੋਟੇ ਕੁਤਰੇ ਹੋਏ ਵਾਲਾਂ ਨਾਲ ਭਰੇ ਪਏ ਸਨ | ਮੈਂ ਪੁੱਛਿਆ ," ਕੰਮ ਕੀ ਕਰਦੇ ਹੋ ?"
ਕਹਿੰਦਾ ," ਘੋੜੇ ਮੁੰਨਦਾ ਹਾਂ |"

ਗਰੀਬੀ ਤਾਂ ਉਹਦੀ ਸ਼ਕਲ ਅਤੇ ਹੁਲੀਏ ਤੋਂ ਹੀ ਝਲਕ ਰਹੀ ਸੀ | ਵੇਰਵਾ ਲੈਣ ਤੇ ਪਤਾ ਲੱਗਾ ਕਿ ਇੱਕ ਘੋੜੇ ਦੀ ਹਜਾਮਤ ਦੇ 180 ਰੁਪਏ ਲੈਂਦਾ ਹੈ ਤੇ ਇੱਕ ਦਿਨ 'ਕ ਤਿੰਨ ਚਾਰ ਘੋੜੇ ਹੀ ਮਿਲਦੇ ਨੇ ਮੁਨੰਣ ਲਈ , ਤੇ ਕਦੇ ਕਦੇ ਕੋਈ ਵੀ ਨਹੀਂ | ਉਹਦੇ ਸਾਇਕਲ ‘ਤੇ ਰੱਖੀ ਬੈਟਰੀ ਅਤੇ ਵਾਲ ਮੁਨੰਨ ਵਾਲੀ ਮਸ਼ੀਨ ਵੇਖਕੇ ਮੈਂ ਪੁੱਛਿਆ ,” ਇੱਕ ਸੌ ਅੱਸੀ ਰੂਪਏ ਘੱਟ ਨਹੀਂ ਹਨ ?”
ਕਹਿੰਦਾ ,” ਡਾਕਟਰ ਸਾਹਬ, ਕੰਮ ਪਹਿਲਾਂ ਹੀ ਘੱਟ ਹੈ | ਘੋੜੇ ਰਿਹੜੇ ਵਾਲਾ ਵੀ ਸਾਰਾ ਦਿਨ ਮਿਹਨਤ ਕਰਨ ਤੋਂ ਬਾਦ ਬਾਰਾਂ ਤੇਰਾਂ ਸੌ ਰੂਪਏ ਵੱਟਕੇ ਵੀ ਆਪਣੇ ਘਰ ਵਾਸਤੇ ਪੰਜ ਛੇ ਸੌ ਹੀ ਬਚਾ ਸਕਦਾ ਹੈ | 
ਗੱਲਾਂਬਾਤਾਂ ਤੋਂ ਇਹ ਵੀ ਪਤਾ ਲੱਗਾ ਕੀ ਉਹਦੀ ਵਹੁਟੀ ਇੱਕ ਲੰਮੀ ਬਿਮਾਰੀ ਤੋਂ ਬਾਦ ਮਰ ਚੁੱਕੀ ਹੈ ਤੇ ਪਿੱਛੇ ਇੱਕ ਵਿਆਹੁਣਯੋਗ ਧੀ ਤੇ ਉਸ ਤੋਂ ਛੋਟੇ ਇੱਕ ਮੁੰਡਾ-ਕੁੜੀ ਹਨ ! ਸਹਾਰਨਪੁਰ ਦਾ ਰਹਿਣ ਵਾਲਾ ਇਹ ਸ਼ਖਸ ਅੱਜਕੱਲ੍ਹ ਆਪਣੇ ਬੱਚਿਆਂ ਨਾਲ , ਮੇਰੇ ਕਲੀਨਿਕ ਤੋਂ ਥੋੜੀ ਦੂਰ ਹੀ ਇੱਕ ਮੁਹੱਲੇ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਹੈ |

ਉਹਦੇ ਨਾਲ ਗੱਲਾਂ ਕਰਦੇ ਕਰਦੇ ਮੇਰੇ ਦਿਮਾਗ ਵਿੱਚ ਕੁਝ ਦਿਨ ਪਹਿਲਾਂ ਦੀ ਇੱਕ ਤਸਵੀਰ ਘੁੰਮ ਗਈ , ਜਦੋਂ ਮੇਰਾ ਇੱਕ ਜਾਣਕਾਰ ਆਪਣੀ ਬਹੁਤ ਮਹਿੰਗੀ ਕਾਰ ਵਿੱਚ ਆਪਣੇ ਕੁੱਤੇ ਨੂੰ ਮੇਰੇ ਕਿਰਾਏਦਾਰ ਨਾਈ ਦੀ ਦੁਕਾਨ ‘ਤੇ ਵਾਲ ਕਟਵਾਉਣ ਲੈਕੇ ਆਇਆ ਸੀ , ਪਰ ਨਾਈ ਨੇ ਉਹਦੇ ਵਾਲ ਕੱਟਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ |

ਮੈਂ ਆਪਣੇ ਕੋਲ ਬੈਠੇ ਮਰੀਜ਼ ਨੂੰ ਕੁੱਤਿਆਂ ਦੀ ਹਜਾਮਤ ਕਰਣ ਬਾਰੇ ਪੁੱਛਿਆ , ਤਾਂ ਉਹਨੇ ਹਾਂ ਕਰ ਦਿੱਤੀ | ਰਕਮ ਦੀ ਗੱਲ ਹੋਈ ਤਾਂ ਕਹਿੰਦਾ,” ਜੋ ਮਰਜ਼ੀ ਦੇ ਦਿਓ |” ਮੈਂ ਉਹਨੂੰ ਨਹਾ ਕੇ ਸਾਫ਼ ਜਿਹੇ ਕੱਪੜੇ ਪਾਕੇ ਆਉਣ ਦੀ ਸਲਾਹ ਦਿੱਤੀ | #KamalDiKalam

ਉਹਦੇ ਜਾਣ ਤੋਂ ਬਾਦ ਮੈਂ ਆਪਣੇ ਜਾਣਕਾਰ ਉਸ ਬੰਦੇ ਨਾਲ ਫੋਨ ਤੇ ਗੱਲ ਕੀਤੀ , ਜਿਹੜਾ ਕੁਝ ਦਿਨ ਪਹਿਲਾਂ ਨਾਈ ਕੋਲ ਕੁੱਤਾ ਲੈਕੇ ਆਇਆ ਸੀ | ਉਹਨੇ ਦੱਸਿਆ ਕਿ ਉਹਨੂੰ ਉਹਦੇ ਪਿਆਰੇ ਜਾਨਵਰ ਲਈ ਕੋਈ ਨਾਈ ਨਹੀਂ ਮਿਲ ਰਿਹਾ , ਹੁਣ ਸ਼ਾਇਦ ਸਹਾਰਨਪੁਰ ਜਾਂ ਅੰਬਾਲਾ ਜਾਣਾ ਪਵੇ | ਮੈਂ ਪੁੱਛਿਆ ਕਿ ਉਹ ਕੁੱਤੇ ਦੀ ਹਜਾਮਤ ਵਾਸਤੇ ਕਿੰਨੀ ਰਕਮ ਖਰਚ ਸਕਦਾ ਹੈ ਤਾਂ ਉਹਨੇ ਦੱਸਿਆ ਕਿ ਪਹਿਲਾਂ ਇੱਕ ਬੰਦਾ ਉਹਦੇ ਘਰ ਆਕੇ ਕਰਦਾ ਸੀ ਤੇ ਉਹਨੂੰ ਛੇ ਸੌ ਰੁਪਏ ਦਿੰਦੇ ਸਨ , ਪਰ ਕਾਫੀ ਚਿਰ ਤੋਂ ਉਹ ਨਹੀਂ ਮਿਲ ਰਿਹਾ | ਅਗਰ ਕੋਈ ਵੱਧ ਵੀ ਮੰਗੇਗਾ ਤਾਂ ਕੋਈ ਗੱਲ ਨਹੀਂ | ਉਹਨੇ ਇਹ ਵੀ ਦੱਸਿਆ ਕਿ ਉਹਦੇ ਹੋਰ ਵੀ ਕਈ ਦੋਸਤ ਇਸ ਮੁਸ਼ਕਿਲ ਵਿੱਚ ਹਨ | ਮੈਂ ਉਹਨੂੰ ਦੱਸਿਆ ਕਿ ਹੁਣ ਉਹਨਾਂ ਦੀ ਮੁਸ਼ਕਿਲ ਦਾ ਹੱਲ ਹੋ ਗਿਆ ਹੈ |

ਮਰੀਜ਼ ਵਾਪਸ ਆਇਆ ਤਾਂ ਉਹ ਸਾਫ਼ ਸੁਥਰਾ ਸੀ | ਮੈਂ ਉਹਨੂੰ ਇੱਕ ਪਤਾ ਅਤੇ ਮੋਬਾਇਲ ਨੰਬਰ ਦਿੱਤਾ ਤੇ ਇਹ ਵੀ ਕਿਹਾ ਕਿ ਉਹ ਇੱਕ ਕੁੱਤੇ ਦੀ ਹਜ਼ਾਮਤ ਕਰਕੇ ਵਿਖਾ ਦੇਵੇ , ਅਗਰ ਮਾਲਕਾਂ ਨੂੰ ਪਸੰਦ ਆ ਗਈ ਤਾਂ ਕਈ ਹੋਰ ਗਾਹਕ ਮਿਲ ਜਾਣਗੇ ਤੇ ਉਹਨੂੰ ਇੱਕ ਹਜਾਮਤ ਦਾ ਘੱਟੋਘੱਟ ਪੰਜ ਸੌ ਰੁਪਇਆ ਮਿਲਿਆ ਕਰੇਗਾ ! ਉਹਦੇ ਚਿਹਰੇ ਉੱਪਰ ਖੁਸ਼ੀ ਭਰੀ ਹੈਰਾਨੀ ਸੀ |
ਅਗਲੇ ਦਿੰਨ ਉਹਨੇ ਆਕੇ ਦੱਸਿਆ ਕੀ ਉਹ ਤਿੰਨ ਕੁੱਤਿਆਂ ਦੀ ਹਜਾਮਤ ਕਰ ਆਇਆ ਹੈ | ਮਾਲਕ ਵੀ ਖੁਸ਼ ਹਨ ਤੇ ਉਹ ਵੀ |ਮੈਂ ਉਹਨੂੰ ਆਪਣੀ ਸਫਾਈ ਦਾ ਧਿਆਨ ਰੱਖਣ ਦੀ ਸਲਾਹ ਦਿੰਦੇ ਹੋਏ , ਦਵਾਈ ਦੇਕੇ ਭੇਜ ਦਿੱਤਾ !

ਜਾਨਵਰ ਦੀ ਹਜ਼ਾਮਤ ਦਾ ਖਰਚਾ ਉਹਦੇ ਮਾਲਕ ਦੀ ਹੈਸੀਅਤ ਅਨੁਸਾਰ ਹੀ ਤੈਅ ਹੋਣਾ ਚਾਹੀਦਾ ਹੈ | ਸੋਚ ਰਿਹਾ ਹਾਂ ,’ ਮੇਰੇ ਨਾਲੋਂ ਤਾਂ ਲੋਕਾਂ ਦੇ ਕੁੱਤਿਆਂ ਦੀ ਹਜਾਮਤ ਦਾ ਖਰਚ ਵੱਧ ਹੈ |’

No comments:

Post a Comment