ਭੂਤ ਨਾਲ ਮੁਕਾਬਲਾ \ ਇੰਦਰਜੀਤ ਕਮਲ - Inderjeet Kamal

Latest

Thursday, 27 April 2017

ਭੂਤ ਨਾਲ ਮੁਕਾਬਲਾ \ ਇੰਦਰਜੀਤ ਕਮਲ


ਕੱਲ੍ਹ ਰਾਤੀਂ ਇੱਕ ਪਿੰਡ ਤੋਂ ਫੋਨ ਆਇਆ ਕਿ ਇੱਕ ਔਰਤ ਵਿੱਚ ਭੂਤ ਆ ਗਿਆ ਹੈ | ਉਹਦਾ ਸਾਰਾ ਸਰੀਰ ਹਿੱਲ ਰਿਹਾ ਹੈ ਤੇ ਉਹ ਭੂਤ ਕਹਿ ਰਿਹਾ ਹੈ ਕਿ ਜਿਹੜਾ ਮੈਨੂੰ ਇਹਦੇ ‘ਚੋਂ ਕਢਣ ਦੀ ਕੋਸ਼ਿਸ਼ ਕਰੇਗਾ , ਮੈਂ ਉਹਦੇ ਨਾਲ ਪੂਰਾ ਮੁਕਾਬਲਾ ਕਰਾਂਗਾ , ਪਰ ਇਹਨੂੰ ਛੱਡ ਕੇ ਨਹੀਂ ਜਾਵਾਂਗਾ | ਉਹਨਾਂ ਲਈ ਮੁਸੀਬਤ ਬਣਿਆਂ ਮੇਰੇ ਲਈ ‘ਦਿਲਚਸਪ ਕੇਸ’ ਸੀ , ਕਿਓਂਕਿ ਅੱਜ ਤੱਕ ਕਿਸੇ ਭੂਤ ਨਾਲ ਗਹਿਗੱਚ ਮੁਕਾਬਲਾ ਨਹੀਂ ਸੀ ਕੀਤਾ | ਮੈਂ ਉਹਨਾਂ ਨੂੰ ਉਸ ਔਰਤ ਨੂੰ ਸਵੇਰੇ ਕਲੀਨਿਕ ਤੇ ਲੈਕੇ ਆਉਣ ਲਈ ਕਿਹਾ | #KamalDiKalam
ਅੱਜ ਜਦੋਂ ਮੈਂ ਕਲੀਨਿਕ ‘ਤੇ ਪਹੁੰਚਿਆ ਤਾਂ ਦੋ ਮੋਟਰਸਾਇਕਲਾਂ ‘ਤੇ ਆਏ ਪੰਜ ਲੋਕ ਖੜ੍ਹੇ ਸਨ | ਦੋ ਬੰਦਿਆਂ ਨੇ ਇੱਕ ਅਧਖੜ ਜਿਹੀ ਔਰਤ ਨੂੰ ਫੜਕੇ ਕਲੀਨਿਕ ਦੀਆਂ ਪੌੜੀਆਂ ਚੜ੍ਹਾਈਆਂ ਤੇ ਅੰਦਰ ਬੈਠਾ ਦਿੱਤਾ ! ਉਹਨਾਂ ਦੱਸਿਆ ਕਿ ਕੱਲ੍ਹ ਸ਼ਾਮ ਤੋਂ ਭੂਤ ਨੇ ਇਹਨੂੰ ਹਿਲਾ ਹਿਲਾ ਕੇ ਇਹਦਾ ਸਰੀਰ ਢੇਰੀ ਕਰ ਦਿੱਤਾ ਹੈ , ਹੁਣ ਇੰਝ ਲਗਦੈ ਇਹਦੇ ਅੰਦਰ ਜਾਨਪ੍ਰਾਣ ਹੀ ਨਹੀਂ ਹੈ | ਜਦੋਂ ਮੈਂ ਉਹਨੂੰ ਇੱਕ ਦੋ ਸਵਾਲ ਕੀਤੇ ਤਾਂ ਉਹਨੇ ਅੱਧੀਆਂ ਕੁ ਅੱਖਾਂ ਖੋਲ੍ਹਕੇ ਟੇਢੀ ਜਿਹੀ ਨਿਗਾਹ ਨਾਲ ਮੇਰੇ ਵੱਲ ਬੜੇ ਗੁੱਸੇ ‘ਚ ਘੂਰਿਆ | ਮੈਂ ਮਾਹੌਲ ਨੂੰ ਹਲਕਾ ਫੁਲਕਾ ਕਰਨ ਲਈ ਕਿਹਾ ,” ਬੀਬੀ , ਮੇਰੇ ਵਿਆਹ ਨੂੰ ਤੀਹ ਵਰ੍ਹੇ ਹੋ ਚੁੱਕੇ ਨੇ ਹੁਣ ਇਹਨਾਂ ਘੂਰੀਆਂ ਘਾਰੀਆਂ ਦਾ ਮੇਰੇ ‘ਤੇ ਕੋਈ ਅਸਰ ਨਹੀਂ ਹੁੰਦਾ !” ਪਰ ਉਹ ਟੱਸ ਤੋਂ ਮੱਸ ਨਾ ਹੋਈ ਤੇ ਮੈਨੂੰ ਘੂਰਦੀ ਰਹੀ !
ਮੈਂ ਉਹਦੇ ਨਾਲ ਆਏ ਲੋਕਾਂ ਬਾਰੇ ਜਾਣਕਾਰੀ ਲਈ ਤੇ ਉਹਦੀ ਛੋਟੀ ਭੈਣ ਨੂੰ ਉਹਦੇ ਕੋਲ ਛੱਡ ਕੇ ਬਾਕੀ ਸਭ ਨੂੰ ਬਾਹਰ ਜਾਣ ਲਈ ਕਿਹਾ ! ਉਹਦੀ ਭੈਣ ਸਾਹਮਣੇ ਮੈਂ ਉਹਨੂੰ ਪਿਆਰ ਨਾਲ ਸਮਝਾਇਆ ਕਿ ਭੂਤਾਂ ਦਾ ਡਰਾਵਾ ਤਾਂ ਮੈਨੂੰ ਕੁਝ ਨਹੀਂ ਕਹਿ ਸਕਦਾ , ਇਸ ਕਰਕੇ ਇਹਨੂੰ ਇੱਕ ਪਾਸੇ ਰੱਖ ਕੇ ਆਪਣੇ ਅਸਲੀ ਮਸਲੇ ਤੇ ਆਵੇ , ਜਿਸ ਕਾਰਣ ਉਹਦੀ ਇਹ ਹਾਲਤ ਹੋਈ ਹੈ | ਮੈਂ ਉਹਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਉਹਦਾ ਦੁਸ਼ਮਨ ਨਹੀਂ ਬਲਕਿ ਹਮਦਰਦ ਹਾਂ | #KamalDiKalam 
ਆਖਿਰ ਕੁੱਲ ਨਿਚੋੜ ਇਹ ਨਿਕਲਿਆ ਕਿ ਜਵਾਨੀ ਵਿੱਚ ਉਹਨੇ ਬਿਨ੍ਹਾਂ ਕਿਸੇ ਕਾਰਣ ਆਪਣੀ ਸੱਸ ਦੀ ਬੜੀ ਦੁਰਗਤੀ ਕੀਤੀ ਸੀ ਤੇ ਹੁਣ ਕੁਝ ਦਿਨ ਬਾਦ ਉਹਦੇ ਮੁੰਡੇ ਦਾ ਵਿਆਹ ਹੋਣ ਵਾਲਾ ਸੀ , ਜਿਸ ਕਾਰਣ ਇਤਿਹਾਸ ਦੇ ਦੁਹਰਾਉਣ ਦਾ ਖਤਰਾ ਉਹਦੇ ਦਿਮਾਗ ਵਿੱਚ ਭੂਤ ਬਣ ਕੇ ਉਭਰ ਆਇਆ | ਮੈਂ ਉਹਦੇ ਮੁੰਡੇ ਨੂੰ ਅੰਦਰ ਬੁਲਾ ਕੇ ਉਹਦੇ ਕੋਲੋਂ ਮਰੀਜ਼ ਨੂੰ ਵਿਸ਼ਵਾਸ ਦਵਾਇਆ ਕਿ ਉਹਦੇ ਨਾਲ ਕੁਝ ਵੀ ਨਜਾਇਜ਼ ਨਹੀਂ ਹੋਵੇਗਾ , ਪਰ ਨਾਲ ਹੀ ਤਾੜਣਾ ਕੀਤੀ ਕਿ ਅਗਰ ਉਹਨੇ ਆਪਣੀ ਸੱਸ ਵਾਂਗ ਆਪਣੀ ਨੂੰਹ ਨੂੰ ਵੀ ਬਿਨ੍ਹਾਂ ਕਿਸੇ ਕਾਰਣ ਤੰਗ ਕੀਤਾ ਤਾਂ ਸਾਰਾ ਪਰਿਵਾਰ ਨੂੰਹ ਦਾ ਸਾਥ ਦੇਵੇਗਾ | ਭੂਤ ਭੱਜ ਗਿਆ ਤੇ ਉਹ ਰਾਜ਼ੀਖੁਸ਼ੀ ਘਰ ਚਲੇ ਗਏ !

No comments:

Post a Comment