ਜੀ ਆਇਆਂ ਨੂੰ \ ਇੰਦਰਜੀਤ ਕਮਲ - Inderjeet Kamal

Latest

Tuesday, 21 March 2017

ਜੀ ਆਇਆਂ ਨੂੰ \ ਇੰਦਰਜੀਤ ਕਮਲ


ਜੀ ਆਇਆਂ ਨੂੰ
ਪਿਛਲੇ ਹਫਤੇ ਇੱਕ ਪਿੰਡ 'ਚੋਂ ਇੱਕ ਅਧਖੜ ਉਮਰ ਦੀ ਔਰਤ ਨੂੰ ਲੈਕੇ ਆਏ , ਕਹਿੰਦੇ ," ਇਹਦੀ ਬੈਠੀ ਬੈਠੀ ਦੀ ਸੱਜੀ ਲੱਤ ਤੇ ਹੱਥ ਹਿੱਲਣ ਲੱਗ ਪੈਂਦੀ ਹੈ ਤੇ ਇਹਦੇ ਅੰਦਰੋਂ ਮਰਦਾਨਾਂ ਆਵਾਜ਼ ਵਿੱਚ ਕੋਈ ਬੋਲਦਾ ਹੈ ਕਿ ਮੈਨੂੰ ਫਲਾਣੇ ਬੰਦੇ ਨੇ ਭੇਜਿਆ ਹੈ, ਇਹਨੂੰ ਖਤਮ ਕਰਨ ਲਈ !"

ਜਦੋਂ ਮੈਂ ਉਹਦੀ ਗੱਲਬਾਤ ਵਿਸਥਾਰ ਨਾਲ ਸੁਣੀ ਤਾਂ ਪਤਾ ਲੱਗਾ ਕਿ ਉਹ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ | ਇੱਕ ਦਿਨ ਉਹ ਇੱਕ ਥਾਂ 'ਤੇ ਗੋਹਾ ਪੱਥ ਰਹੀ ਸੀ ਤਾਂ ਪਿੰਡ ਦੇ ਇੱਕ ਧਾਕੜ ਵਿਅਕਤੀ ਨੇ ਉਹਨੂੰ ਉਥੇ ਗੋਹਾ ਪੱਥਣ ਤੋਂ ਰੋਕਿਆ | ਉਸ ਡਰਪੋਕ ਕਿਸਮ ਦੀ ਔਰਤ ਨੇ ਕਿਹਾ ਕੀ ਉਹ ਸੁੱਕਣ ਤੇ ਪਾਥੀਆਂ ਚੁੱਕ ਕੇ ਲੈ ਜਾਏਗੀ | ਫਿਰ ਵੀ ਉਹ ਬੰਦਾ ਉਹਨੂੰ 'ਵੇਖ ਲੈਣ' ਦੀ ਧਮਕੀ ਦੇ ਕੇ ਚਲਾ ਗਿਆ ! #KamalDiKalam

ਦੁਬਾਰਾ ਜਦੋਂ ਉਹ ਔਰਤ ਉਥੋਂ ਆਪਣੀਆਂ ਪਾਥੀਆਂ ਲੈਣ ਗਈ ਤਾਂ ਉਥੇ ਕੁਝ ਚੌਲ ਖਿਲਰੇ ਵੇਖ ਕੇ ਉਹਨੇ ਇਕੱਠੇ ਕਰਕੇ ਪੰਛੀਆਂ ਵਾਸਤੇ ਇੱਕ ਪਾਸੇ ਕਰ ਦਿੱਤੇ, ਪਰ ਨਾਲ ਹੀ ਉਹਦੇ ਦਿਮਾਗ ਵਿੱਚ ਉਸ ਧਾਕੜ ਵੱਲੋਂ ਦਿੱਤੀ ਧਮਕੀ ਝਟਕਾ ਮਾਰ ਗਈ ਤੇ ਉਹਨੂੰ ਲੱਗਾ ਕਿ ਇਹ ਟੂਣਾ ਉਹਨੂੰ ਮਾਰਣ ਵਾਸਤੇ ਕੀਤਾ ਗਿਆ ਹੈ | ਬੱਸ ਜਿਸ ਪਾਸੇ ਦਾ ਪੈਰ ਤੇ ਹੱਥ ਚੌਲਾਂ ਨੂੰ ਲੱਗਾ ਸੀ ਉਹ ਹਿੱਲਣ ਲੱਗ ਪਿਆ ਤੇ ਉਹਦੇ ਅੰਦਰ ਕੁਝ ਬੋਲਣ ਲੱਗ ਪਿਆ | ਹੁਣ ਉਹਦਾ ਸਾਰਾ ਸਰੀਰ ਵੀ ਦਰਦ ਰਹਿਣ ਲੱਗ ਪਿਆ !

ਮੁੱਲਾਂ-ਮੌਲਵੀਆਂ , ਪੰਡਤਾਂ-ਭਾਈਆਂ , ਤਾਂਤ੍ਰਿਕਾਂ-ਓਝਿਆਂ ਆਦਿ ਤੋਂ ਛਿੱਲ ਲੁਹਾਕੇ ਤੇ ਥੱਕੇ ਹਾਰੇ ਮੇਰੇ ਕੋਲ ਪਹੁੰਚ ਗਏ | ਬਾਬਿਆਂ ਨੇ ਉਹਨਾਂ ਅੰਦਰ ਭੂਤ ਦਾ ਵਾਸ ਇੰਨਾਂ ਪੱਕਾ ਕਰ ਦਿੱਤਾ ਸੀ ਕਿ ਉਹਨਾਂ ਨੂੰ ਸਮਝਾਉਣ ਲਈ ਵਕਤ ਖਰਾਬ ਕਰਣ ਦੀ ਥਾਂ ਮੈਂ ਉਹਨੂੰ ਸੰਮੋਹਨ ਕਰਕੇ ਕੁਝ ਆਦੇਸ਼ ਦਿੱਤੇ , ਜਿਹਦਾ ਉਹਦੇ ਉੱਪਰ ਬਹੁਤ ਹੀ ਸਾਰਥਕ ਅਸਰ ਹੋਇਆ ਤੇ ਨਾਲ ਦੀ ਨਾਲ ਉਹਦੇ ਸਰੀਰ ਦੀਆਂ ਸਾਰੀਆਂ ਦਰਦਾਂ ਬੰਦ ਹੋ ਗਈਆਂ |

ਅੱਜ ਸਵੇਰੇ ਸਵੇਰ ਉਹਦੇ ਮੁੰਡੇ ਦਾ ਫੋਨ ਆਇਆ ਕਿ ਉਸ ਦਿਨ ਦੀ ਉਹ ਬਿਲਕੁਲ ਠੀਕ ਹੈ | ਮੈਂ ਉਹਨੂੰ ਕਹਿ ਕੇ ਮਰੀਜ਼ ਨਾਲ ਵੀ ਗੱਲ ਕੀਤੀ | ਉਹ ਬਹੁਤ ਖੁਸ਼ ਸੀ ਤੇ ਇੱਕ ਵਾਰ ਫਿਰ ਆਉਣ ਦੀ ਇੱਛੁਕ ਸੀ | ਮੈਂ ' ਜੀ ਆਇਆਂ ਨੂੰ ' ਕਹਿ ਕੇ ਗੱਲ ਖਤਮ ਕਰ ਦਿੱਤੀ !

No comments:

Post a Comment