ਸਾਲਾ ਧੱਕੇਸ਼ਾਹ \ ਇੰਦਰਜੀਤ ਕਮਲ - Inderjeet Kamal

Latest

Tuesday, 26 January 2016

ਸਾਲਾ ਧੱਕੇਸ਼ਾਹ \ ਇੰਦਰਜੀਤ ਕਮਲ


ਉਸ ਦਿਨ ਰਾਤ ਨੂੰ ਠੰਡ ਜ਼ਿਆਦਾ ਤੇ ਮਰੀਜ਼ ਘੱਟ ਸਨ , ਜਿਸ ਕਾਰਣ ਘਰ ਛੇਤੀ ਜਾਣ ਦਾ ਮਨ ਬਣਾ ਲਿਆ | ਇੰਨੇ ਚਿਰ ਨੂੰ ਕਲੀਨਿਕ ਦਾ ਦਰਵਾਜ਼ਾ ਖੋਲ੍ਹਕੇ ਲੋਈ ਦੀ ਬੁੱਕਲ ਮਾਰੀ ਇੱਕ ਨੌਜਵਾਨ ਝੂਲਦਾ ਹੋਇਆ ਸਿੱਧਾ ਆਕੇ ਮੇਰੇ ਗੋਡੇ ਨੂੰ ਹੱਥ ਲਗਾਕੇ ਕਹਿੰਦਾ ," ਜੀਜਾ ਜੀ ਪੈਰੀਪੈਨਾ |"
ਮੈਂ ਇੱਕ ਦੰਮ ਉਹਦੇ ਮੂੰਹ ਵੱਲ ਵੇਖਿਆ ਕਿ ਇੰਨੀ ਠੰਡ ਚ ਇਹ ਕਿਹੜਾ ' ਸਾਲਾ ' ਆਕੇ ਸਿੱਧਾ ਗੋਡਿਆਂ ਚ ਵੱਜਾ | ‪#‎KamalDiKalam‬
ਉਹ ਕਹਿੰਦਾ ," ਕਮਜ਼ੋਰੀ ਬਹੁਤ ਏ ਕੋਈ ਖੁਰਾਕ ਦਿਓ !" 
ਉਹਦੇ ਮੂੰਹ ਚੋਂ ਆਉਂਦੀ ਸ਼ਰਾਬ ਦੀ ਬਦਬੂ ਕਾਰਣ ਮੈਂ ਕੁਝ ਵੀ ਪੁੱਛਣ ਦੀ ਥਾਂ ਖਾਲੀ ਗੋਲੀਆਂ ਦੀਆਂ ਦੋ ਪੁੜੀਆਂ ਬਣਾ ਕੇ ਦੇ ਦਿੱਤੀਆਂ ਤੇ ਕਹਿੰਦਾ ਹੋਇਆ ਚਲਾ ਗਿਆ , " ਪੈਸੇ ਫੇਰ ਦਊਂਗਾ !"
ਮਰੀਜ਼ ਭੁਗਤਾਕੇ ਮੈਂ ਘਰ ਵੱਲ ਜਾਂਦਾ ਹੋਇਆ ਉਸ ਵਿਅਕਤੀ ਬਾਰੇ ਸੋਚਦਾ ਰਿਹਾ , ਪਰ ਕਿਸੇ ਸਿੱਟੇ ਤੇ ਨਾ ਪਹੁੰਚਿਆ | 
ਦੋ ਕੁ ਦਿਨ ਬਾਦ ਉਹ ਦਿਨ ਵੇਲੇ ਫਿਰ ਉਸੇ ਤਰ੍ਹਾਂ ਮਰੀਜ਼ਾਂ ਵਿੱਚੋਂ ਲੰਘਦਾ ਹੋਇਆ ਆਕੇ ਗੋਡੇ ਨੂੰ ਹੱਥ ਲਗਾਕੇ ਕਹਿੰਦਾ ," ਜੀਜਾ ਜੀ , ਪੈਰੀਪੈਨਾ ! ਉਸ ਦਿਨ ਤੁਹਾਡੀ ਦਵਾਈ ਬਹੁਤ ਵਧੀਆ ਸੀ , ਦੋ ਕੁ ਪੁੜੀਆਂ ਹੋਰ ਦਿਓ |"
ਉਹਦੀ ਬਾਰਬਾਰ ਇਹ ਹਰਕਤ ਕਰਨੀ ਮੈਨੂੰ ਠੀਕ ਨਾ ਲਗੀ , ਜਿਸ ਕਾਰਣ ਮੈਂ ਪੁੱਛ ਹੀ ਲਿਆ ," ਭਾਈ , ਤੂੰ ਹੈ ਕੌਣ ਤੇ ਮੌਨੂੰ ਜੀਜਾ ਜੀ ਕਿਓਂ ਕਹਿਨਾ ਏਂ ? "
ਕਹਿੰਦਾ , " ਕੋਈ ਮਾੜਾ ਸ਼ਬਦ ਤਾਂ ਨਹੀਂ ਬੋਲਿਆ , ਜੀਜਾ ਜੀ ਹੀ ਕਿਹਾ ਏ ? "
ਮੈਂ ਕਿਹਾ ," ਪਰ ਕਿਓਂ ? "
ਕਹਿੰਦਾ , " ਕਮਾਲ ਏ ! ਹੁਣ ਤੁਸੀਂ ਵੀ ਮੈਨੂੰ ਕੁੱਟੋਗੇ ? ਕਿਸੇ ਨੂੰ ਮਾੜਾ ਬੋਲੋ ਤਾਂ ਛਿੱਤਰ ਖਾਓ ' ਜੀਜਾ ਜੀ ' ਕਹੋ ਤਾਂ ਛਿੱਤਰ ਖਾਓ | "
ਮੈਂ ਕਿਹਾ ," ਤੇਰੇ ਸ਼ਬਦ ਮਾੜੇ ਨਹੀਂ , ਤੇਰੀਆਂ ਹਰਕਤਾਂ ਮਾੜੀਆਂ ਨੇ |" 
" ਚੱਲੋ , ਤੁਹਾਡੀ ਮਰਜ਼ੀ ਜੀਜਾ ਜੀ ! " ਕਹਿੰਦਾ ਹੋਇਆ ਆਪਣੇ ਰਸਤੇ ਚਲਾ ਗਿਆ |

No comments:

Post a Comment