ਬਨੈਣ ਕੱਟਣ ਵਾਲਾ ਭੂਤ \ ਇੰਦਰਜੀਤ ਕਮਲ - Inderjeet Kamal

Latest

Monday, 27 April 2015

ਬਨੈਣ ਕੱਟਣ ਵਾਲਾ ਭੂਤ \ ਇੰਦਰਜੀਤ ਕਮਲ

ਮੇਰਾ ਇੱਕ ਜਾਣਕਾਰ ਓਪਰੀ ਕਸਰ ਦੇ ਨਾਂ ਤੇ ਆਪਣੀ ਰਿਸ਼ਤੇਦਾਰੀ ਚੋਂ  ਕਈ ਕੇਸ ਮੇਰੇ ਕੋਲ ਲੈਕੇ ਆਉਂਦਾ ਰਹਿੰਦਾ ਹੈ |  ਜਿਹਨਾਂ ਵਿੱਚੋਂ ਬਹੁਤੇ ਸਫਲਤਾ ਪੂਰਵਕ ਹੱਲ ਹੋ ਗਏ , ਜਿਸ ਕਾਰਨ ਉਹਦਾ ਵਿਸ਼ਵਾਸ ਮੇਰੇ ਤੇ ਵਧ ਗਿਆ |
ਪਿੱਛਲੇ ਦਿਨੀਂ ਉਹ ਆਪਣੀ ਰਿਸ਼ਤੇਦਾਰੀ ਚੋਂ  ਇੱਕ 17 ਕੁ ਸਾਲ ਦੇ ਨੌਜਵਾਨ ਨੂੰ ਲੈਕੇ ਆਇਆ ,ਜਿਸ ਬਾਰੇ ਉਹਨੇ ਮੇਰੇ ਨਾਲ ਪਹਿਲਾਂ ਹੀ ਵਿਚਾਰ ਕਰ ਲਿਆ ਸੀ | ਉਸ ਮੁੰਡੇ ਦੀ ਰਾਤ ਸੁੱਤੇ ਪਏ ਦੀ ਬਨੈਣ ਕੱਟ ਜਾਂਦੀ ਸੀ |
                              ਉਹਦੇ ਘਰਦਿਆਂ ਨੇ ਦੱਸਿਆ ਕਿ ਉਹ ਕਈ ਬਾਬਿਆਂ, ਤਾਂਤ੍ਰਿਕਾਂ , ਪੰਡਿਤਾਂ , ਜੋਤਸ਼ੀਆਂ ,ਮੌਲਵੀਆਂ,ਸਾਧਾਂ ਆਦਿ ਦੇ ਡੇਰਿਆਂ ਤੇ ਧੱਕੇ ਖਾ ਆਏ ਹਨ , ਪਰ ਇਹਦੀਆ ਬਨੈਣਾ ਕੱਟਣੋ ਨਹੀਂ ਹਟੀਆਂ | ਉਹ ਬਹੁਤ  ਪਰੇਸ਼ਾਨ ਨਜਰ ਆ ਰਹੇ ਸਨ |
                           ਮੈਂ ਨਾਲ ਆਏ ਪਰਿਵਾਰ ਦੇ ਸਾਰੇ ਲੋਕਾਂ ਨੂੰ ਬਾਹਰ ਜਾਕੇ ਕਾਰ ਵਿੱਚ ਬੈਠਣ ਲਈ ਕਿਹਾ | ਮੈਂ ਉਸ ਮੁੰਡੇ ਨੂੰ ਉਹਦੇ ਕੰਮ ਬਾਰੇ ਪੁੱਛਿਆ | ਕਹਿੰਦਾ ," ਸਾਡੀ ਹਲਵਾਈ ਦੀ ਦੁਕਾਨ ਹੈ |"
                             ਉਹਦੇ ਪਹਿਲੇ ਜਵਾਬ ਨੇ ਹੀ ਮੈਨੂੰ ਨਤੀਜੇ ਤੇ ਪਹੁੰਚਣ ਵਿੱਚ ਮਦਦ ਕਰ ਦਿਤੀ :ਕਿਓਂਕਿ ਉਹਨਾਂ ਦੀ ਹਲਵਾਈ ਦੀ ਦੁਕਾਨ ਨਹੀਂ ਸੀ, ਬਲਕਿ ਉਹ ਦੋਵੇਂ ਪਿਓ ਪੁੱਤ ਚੰਡੀਗੜ੍ਹ ਵਿੱਚ ਇੱਕ ਥਾਂ ਤੇ ਛੋਲੇ ਭਟੂਰਿਆ ਦੀ ਰੇੜ੍ਹੀ ਲਗਾਉਂਦੇ ਸਨ | ਮੈਂ ਸਮਝ ਗਿਆ ਕਿ ਉਹਨੂੰ ਇਹ ਕੰਮ ਪਸੰਦ ਨਹੀਂ ਹੈ | ਫਿਰ ਵੀ ਉਹਨੂੰ ਮੈਂ ਦੱਸਿਆ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ | ਉਹਦੇ ਪਿਤਾ ਨੇ ਪਿਛਲੇ ਕਈ ਸਾਲਾਂ ਤੋਂ ਇਸੇ ਕੰਮ ਤੋਂ ਹੀ ਆਪਣਾ ਪਰਿਵਾਰ ਪਾਲਿਆ ਹੈ ਤੇ ਰਹਿਣ ਲਈ ਮਕਾਨ ਬਣਾਇਆ ਹੈ | ਪਰ ਕੁਝ ਪਲਾਂ ਵਿੱਚ ਹੀ ਸਭ ਕੁਝ ਸਮਝਾ ਸਕਣਾ ਸੰਭਵ ਨਹੀਂ ਸੀ | ਸਭ ਤੋਂ ਪਹਿਲਾਂ ਜਰੂਰਤ ਸੀ ਉਸ ਆਏ ਪਰਿਵਾਰ ਦੇ ਮਨ ਚੋਂ ਭੂਤ ਪ੍ਰੇਤ ਤੇ ਓਪਰੀ ਕਸਰ ਦਾ ਡਰ ਦੂਰ ਕਰਨ ਦੀ |   #KamalDiKalam
                         ਉਹ ਮੁੰਡਾ ਆਪਣੀ ਸੰਗਤ ਤੇ ਕਈ ਹੋਰ ਕਾਰਨਾ ਕਾਰਨ ਪੜ੍ਹਾਈ ਵੀ ਵਿੱਚੇ ਛੱਡ ਚੁੱਕਾ ਸੀ , ਜਿਸ ਕਾਰਨ ਪਿਤਾ ਨੇ ਉਹਨੂੰ ਆਪਣੇ ਨਾਲ ਹੀ ਕੰਮ ਤੇ ਲਗਾ ਲਿਆ |ਮੈਂ ਉਹਨੂੰ  ਪੁੱਛਿਆ ਕਿ ਉਹ ਕੀ ਕਰਨਾ ਚਾਹੁੰਦਾ ਹੈ ਤਾਂ ਉਹਨੇ ਆਟੋ ਚਲਾਉਣ ਦੇ ਕੰਮ ਵਿੱਚ ਦਿਲਚਸਪੀ ਵਿਖਾਈ | ਮੈਂ ਉਹਨੂੰ ਸਮਝਾਇਆ ਕਿ ਹਾਲੇ ਉਹਦਾ ਲਾਇਸੰਸ ਵੀ ਨਹੀਂ ਬਣ ਸਕਦਾ | ਜਲਦ ਹੀ ਉਹਦੀ ਉਮਰ ਇਸ ਕਾਬਿਲ ਹੋ ਜਾਏਗੀ ਤੇ ਮੈਂ ਉਹਦੇ ਘਰਦਿਆਂ ਨੂੰ ਇਹਦੇ ਬਾਰੇ ਸਹਿਮਤ ਕਰ ਲਵਾਂਗਾ , ਪਰ ਅੱਜ ਤੋਂ ਉਹਨੂੰ ਇਹ ਬਨੈਣਾ ਕੱਟਣ ਵਾਲਾ ਨਾਟਕ  ਬੰਦ ਕਰਨਾ ਪਵੇਗਾ |  ਉਹਨੇ ਮੰਨਨ ਲੱਗੇ ਨੇ ਕੋਈ ਦੇਰ ਨਾ ਲਗਾਈ ਤੇ ਵਾਦਾ ਕੀਤਾ ਕਿ ਅੱਗੇ ਤੋਂ ਉਹ ਇਹ ਕੰਮ ਨਹੀਂ ਕਰੇਗਾ |
                                ਮੈਂ ਉਹਦੇ ਘਰਦਿਆਂ ਨੂੰ ਅੰਦਰ ਬੁਲਾਇਆ ਤੇ ਸਾਫ਼ ਸ਼ਬਦਾਂ ਸਾਰੀ ਕਹਾਣੀ ਕਹਿ ਸੁਨਾਈ ਤੇ ਉਹਨਾ ਤੋਂ ਵਾਦਾ ਲਿਆ ਕਿ ਉਹ ਆਪਣੇ ਮੁੰਡੇ ਨੂੰ ਉਹਦੀਆਂ ਕੀਤੀਆਂ ਹਰਕਤਾਂ ਬਾਰੇ ਕੁਝ ਨਹੀਂ ਕਹਿਣਗੇ ਤੇ ਵਕਤ ਆਉਣ ਤੇ ਇਹਨੂੰ ਆਟੋ ਦਾ ਲਾਇਸੰਸ ਬਣਾ ਦੇਣਗੇ |
                                 ਕਈ ਬਾਬਿਆਂ ਦੀਆਂ ਉਲਝਾਊ ਗੱਲਾਂ ਸੁਣਨ ਤੋਂ ਬਾਦ ਮੇਰੀ ਸਧਾਰਣ ਜਿਹੀ ਗੱਲ ਤੇ ਭਰੋਸਾ ਕਰਨਾ ਉਹਨਾ ਵਾਸਤੇ ਆਸਾਨ ਨਹੀਂ ਸੀ ,ਪਰ ਜਿਸ ਵਿਸ਼ਵਾਸ ਨਾਲ ਉਹਨਾ ਦਾ ਰਿਸ਼ਤੇਦਾਰ ਉਹਨਾ ਨੂੰ ਲੈਕੇ  ਆਇਆ ਸੀ , ਉਸ ਤੋਂ ਉਹ ਪ੍ਰਭਾਵਿਤ ਸਨ | ਕਈ ਦਿਨ ਬੀਤਣ ਤੋਂ ਬਾਦ ਉਹਨਾ ਦਾ ਫੋਨ ਆਇਆ ਕਿ ਉਸ ਤੋਂ ਬਾਦ ਕੋਈ ਘਟਨਾ ਨਹੀਂ ਵਾਪਰੀ |

No comments:

Post a Comment