no ਦਿਲ ਮਾਂਗੇ more \ ਇੰਦਰਜੀਤ ਕਮਲ - Inderjeet Kamal

Latest

Tuesday, 24 March 2015

no ਦਿਲ ਮਾਂਗੇ more \ ਇੰਦਰਜੀਤ ਕਮਲ

ਕੱਲ੍ਹ ਦੁਪਹਿਰ ਨੂੰ ਇੱਕ ਫੋਨ ਆਇਆ , ਕਹਿੰਦੀ ,
" ਮੈਂ ਨਿਸ਼ਾ ਬੋਲ ਰਹੀ ਹਾਂ | ਕੇਂਦਰ ਸਰਕਾਰ ਨੇ ਪ੍ਰਾਇਵੇਟ ਬੀਮਾਂ ਕੰਪਨੀਆਂ ਤੇ ਨਿਗਾਹ ਰੱਖਣ ਵਾਸਤੇ
ਇੱਕ ਮਹਿਕਮਾ ਬਣਾਇਆ ਹੈ | ਕਿਸੇ ਬੀਮਾਂ ਕੰਪਨੀ ਨੇ ਤੁਹਾਡੇ ਨਾਲ ਕੋਈ ਠੱਗੀ ਤਾਂ ਨਹੀਂ ਮਾਰੀ ?"
ਮੈਂ ਸੋਚਿਆ ਲਗਦਾ ਏ ਅੱਛੇ ਦਿਨ ਆ ਗਏ ਨੇ | ਮੈਂ ਕਿਹਾ ," ਹਾਂਜੀ ਕੁਝ ਸਾਲ ਪਹਿਲਾਂ ਮੈਂ ਆਪਣੇ ਇੱਕ
ਜਾਣਕਾਰ ਦੀਆਂ ਗੱਲਾਂ ਵਿੱਚ ਆ ਕੇ ਬਜਾਜ ਅਲਿਆਂਸ ਕੰਪਨੀ ਦੀ ਇੱਕ ਬੀਮਾਂ ਪਾਲਸੀ ਖਰੀਦੀ ਸੀ ,
ਜਿਸਦੀ ਸਾਲਾਨਾ ਕਿਸ਼ਤ 24000 ਰੂਪਏ ਸੀ | ਬਾਦ ਵਿੱਚ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਧੋਖਾ ਹੋ
ਗਿਆ ਹੈ , ਜਿਹੜੀ ਪਾਲਸੀ ਉਹਨਾਂ ਮੈਨੂੰ ਦਿਤੀ ਸੀ ਉਹਦਾ ਸੰਬੰਧ ਸ਼ੇਅਰ ਬਜ਼ਾਰ ਦੇ ਘਟਣ ਵਧਣ ਨਾਲ ਸੀ |
ਪਰ ਆਪਣਾ ਬਚਿਆ ਖੁਚਿਆ ਪੈਸਾ ਵਾਪਿਸ ਲੈਣ ਵਾਸਤੇ ਤਿੰਨ ਕਿਸ਼ਤਾਂ ਭਰਨੀਆਂ ਜ਼ਰੂਰੀ ਸਨ | ਇਸ ਦੌਰਾਨ
ਮੈਂ ਇਸੇ ਕੰਪਨੀ ਦੀ ਇੱਕ ਹੋਰ ਪਾਲਸੀ ਵੀ ਖਰੀਦੀ ਸੀ ਜਿਸ ਦਾ ਸ਼ੇਅਰ ਬਜ਼ਾਰ ਨਾਲ ਕੋਈ ਸੰਬੰਧ ਨਹੀਂ ਹੈ ,
ਉਹਦੀ ਸਾਲਾਨਾ ਕਿਸ਼ਤ 25000 ਰੁਪੇ ਹੈ | 24 ਹਜ਼ਾਰ ਵਾਲੀ ਪਾਲਸੀ ਦੀਆਂ ਤਿੰਨ ਕਿਸ਼ਤਾਂ ਭਰਕੇ ਪਾਲਸੀ
ਸ਼ੁਰੂ ਹੋਣ ਤੋਂ ਪੰਜ ਸਾਲ ਬਾਦ ਮੈਨੂੰ ਕੇਵਲ 49282 ਰੂਪਏ ਵਾਪਸ ਮਿਲੇ ਹਨ | "
ਉਹਨੇ ਪੁੱਛਿਆ ," ਤੁਸੀਂ ਕਿਤੇ ਸ਼ਿਕਾਇਤ ਦਰਜ਼ ਨਹੀਂ ਕਰਵਾਈ ? "
ਮੈਂ ਕਿਹਾ ," ਗਲਤੀ ਮੇਰੀ ਸੀ ਮੈਂ ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕੀਤੀ | ਉਂਝ ਵੀ ਕੰਪਨੀਆਂ ਨੇ ਢੇਰ
ਕਾਗਜ਼ਾਂ ਦੇ ਦਸਖਤ ਕਰਵਾਏ ਹੁੰਦੇ ਨੇ , ਸ਼ਿਕਾਇਤ ਕਰਕੇ ਵੀ ਮੇਰੇ ਪੱਲੇ ਕੁਝ ਪੈਣ ਵਾਲਾ ਨਹੀਂ ਸੀ |"
ਫੋਨ ਕਰਨ ਵਾਲੀ ਕਹਿੰਦੀ ," ਨਹੀਂ ਇਹੋ ਜਿਹੀ ਗੱਲ ਕੋਈ ਨਹੀਂ ਹੈ , ਤੁਸੀਂ ਆਪਣੀ ਪਾਲਸੀ ਦਾ ਵੇਰਵਾ
ਸਾਨੂੰ ਦਿਓ , 48 ਘੰਟੇ ਚ ਤੁਹਾਡੇ ਬਣਦੀ ਰਕਮ ਵਿਆਜ਼ ਸਮੇਤ ਮਿਲ ਜਾਏਗੀ |"
ਮੈਂ ਮੋਦੀ ਨੂੰ ਦੁਆਵਾਂ ਦਿੰਦੇ ਹੋਏ ਫੋਨ ਕਰਨ ਵਾਲੀ ਕੁੜੀ ਨੂੰ ਕਿਹਾ , " ਮੈਂ ਸ਼ਾਮ ਤੱਕ ਕਾਗਜ਼ ਲਭ ਕੇ
ਤੁਹਾਨੂੰ ਇਸੇ ਨੰਬਰ ਤੇ ਫੋਨ ਕਰਾਂਗਾ |"
ਉਹ ਕਹਿੰਦੀ ," ਨਹੀਂ ਇਸ ਫੋਨ ਤੇ ਤੁਹਾਡਾ ਫੋਨ ਨਹੀਂ ਆ ਸਕਦਾ , ਤੁਸੀਂ ਮੈਨੂੰ ਵਕਤ ਦੱਸੋ ਮੈਂ ਆਪ ਫੋਨ
ਕਰ ਲਵਾਂਗੀ |"
ਮੈਂ ਪੰਜ ਵਜੇ ਦਾ ਵਕਤ ਦੇ ਦਿਤਾ ਤੇ ਆਪ ਪੂਰੇ ਚਾਅ ਨਾਲ ਕਾਗਜ਼ ਲਭਣ ਲੱਗਾ | ਝੱਟ ਹੀ ਕਾਗਜ਼ ਲਭ ਲਏ ,
ਪਰ ਹੁਣ ਪੰਜ ਵੱਜਣ ਚ ਹੀ ਨਹੀਂ ਆ ਰਹੇ ਸਨ | ਮੈਂ ਸਾਰਾ ਵੇਰਵਾ ਆਪਣੇ ਟੇਬਲ ਤੇ ਰੱਖ ਕੇ ਫੋਨ ਦਾ ਇੰਤਜ਼ਾਰ
ਕਰਨ ਲੱਗਾ | ਪੰਜ ਵੱਜ ਕੇ ਨੌ ਮਿੰਟ ਤੇ ਉਸੇ ਨੰਬਰ ਤੋਂ ਘੰਟੀ ਵੱਜੀ ਤੇ ਮੈਂ ਫੱਟ ਫੋਨ ਕੰਨ ਨਾਲ ਲਗਾ ਲਿਆ |
ਉਹਨੇ ਪਾਲਸੀ ਦਾ ਵੇਰਵਾ ਮੰਗਿਆ ਤੇ ਮੈਂ ਝੱਟਪੱਟ ਲਿਖਾ ਦਿਤਾ | ਉਹ ਕਹਿੰਦੀ , " ਦੂਜੀ ਪਾਲਸੀ ਦਾ ਵੇਰਵਾ
ਵੀ ਦਿਓ |"
ਮੈਂ ਕਿਹਾ , " ਜੀ ਉਸ ਪਾਲਸੀ ਬਾਰੇ ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ , ਪਰ ਮੈਂ ਉਹ ਵੀ ਵਾਪਸ ਕਰਨ
ਬਾਰੇ ਸੋਚ ਰਿਹਾ ਹਾਂ | "
ਕਹਿੰਦੀ ," ਉਹਦਾ ਵੇਰਵਾ ਜ਼ਰੁਰ ਦਿਓ |"
ਮੈਂ ਕਿਹਾ , " ਜਿਹੜੀ ਪਾਲਸੀ ਵਿੱਚ ਮੈਂ ਠੱਗੀ ਖਾ ਚੁੱਕਾ ਹਾਂ ਉਹਦਾ ਇਨਸਾਫ਼ ਮੈਨੂੰ ਦਵਾ ਦਿਓ , ਦੂਜੀ ਬਾਰੇ
ਫਿਰ ਦਸੁੰਗਾ |"
ਉਹ ਕਹਿਣ ਲੱਗੀ , " ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਬਾਰਬਾਰ ਤੁਹਾਡੀ ਸ਼ਿਕਾਇਤ ਦਰਜ਼ ਕਰੀਏ | ਸਾਰਾ ਕੁਝ
ਇੱਕੋ ਵਾਰ ਦੱਸ ਦਿਓ |"
ਮੈਂ ਕਿਹਾ , " ਮੈਡਮ ਜੀ ਦੁਧ ਦਾ ਸੜਿਆ ਲੱਸੀ ਨੂੰ ਫੂਕਾਂ ਮਾਰਦਾ ਏ | ਹੋ ਸਕਦਾ ਏ ਤੁਸੀਂ ਠੀਕ ਹੋਵੋ ਤੇ ਮੇਰੇ
ਨਾਲ ਹੋਈ ਠੱਗੀ ਦਾ ਇਨਸਾਫ਼ ਵੀ ਕਰਵਾ ਦੇਵੋ , ਪਰ ਸਚ ਜਾਣਿਓ ਮੈਨੂੰ ਤੁਹਾਡੇ ਤੋਂ ਵੀ ਡਰ ਲਗਦਾ ਏ | ਜਿਹੜੀ
ਬਚੀਖੁਚੀ ਰਕਮ ਮੈਂ ਲੈ ਚੁੱਕਾ ਹਾਂ , ਉਹਦਾ ਤਾਂ ਜੋ ਹੋਣਾ ਸੀ ਹੋ ਗਿਆ | ਜਿਹੜੀ ਰਕਮ ਹਾਲੇ ਕੰਪਨੀ ਕੋਲ ਪਈ ਹੈ
ਮੈਂ ਉਹਨੂੰ ਖਤਰੇ ਚ ਕਿਓਂ ਪਾਵਾਂ !! "
ਉਹ ਕਹਿੰਦੀ , " ਤੁਹਾਡੀ ਮਰਜ਼ੀ ਏ ਜੇ ਆਪਣੇ ਨਾਲ ਹੋਈ ਠੱਗੀ ਬਾਰੇ ਇਨਸਾਫ਼ ਚਾਹੁੰਦੇ ਹੋ ਤਾਂ ਚੱਲ ਰਹੀ ਪਾਲਸੀ
ਦਾ ਵੇਰਵਾ ਵੀ ਦਿਓ |"
ਮੇਰੇ ਮਨ੍ਹਾਂ ਕਰਨ ਤੇ ਉਹਨੇ ਕਿਹਾ ਕਿ ਉਹ ਕੱਲ੍ਹ ਫਿਰ ਫੋਨ ਕਰੇਗੀ | ਅੱਜ ਫੋਨ ਆ ਗਿਆ , ਕਹਿੰਦੀ ,
" ਮੈਂ ਪਾਲਸੀ ਚੈੱਕ ਕੀਤੀ ਹੈ ਤੁਹਡਾ ਕੰਪਨੀ ਵੱਲ 95000 ਬਣਦਾ ਸੀ , ਬਾਕੀ ਰਕਮ ਦਸੰਬਰ ਵਿੱਚ
ਤੁਹਾਡੇ ਖਾਤੇ ਵਿੱਚ ਆ ਜਾਏਗੀ | ਤੁਹਾਨੂੰ ਇਹ ਸਭ ਮਜ਼ਾਕ ਲਗ ਰਿਹਾ ਹੈ , ਪਰ ਤੁਹਾਨੂੰ ਦੂਜੀ ਪਾਲਸੀ
ਬਾਰੇ ਵੀ ਸਾਡੇ ਕੋਲ ਆਉਣਾ ਪਵੇਗਾ |"
ਮੈਂ ਕਿਹਾ , " ਅਗਰ ਇਹ ਸਭ ਕੁਝ ਸਹੀ ਹੋਇਆ ਤਾਂ ਮੈਂ ਇੱਕਲਾ ਕਿਓਂ ਆਵਾਂਗਾ , ਉਹਨਾ ਹੋਰ ਲੋਕਾਂ ਨੂੰ
ਵੀ ਲੈਕੇ ਆਵਾਂਗਾ , ਜਿਹਨਾਂ ਬਾਰੇ ਮੈਨੂੰ ਪਤਾ ਹੈ ਕਿ ਉਹਨਾਂ ਨਾਲ ਠੱਗੀ ਵੱਜੀ ਏ |"
ਕਹਿੰਦੀ , " ਸਾਨੂੰ ਹੋਰ ਲੋਕ ਨਹੀਂ ਚਾਹੀਦੇ ,ਬੱਸ ਸਰਵੇ ਚ ਤੁਹਾਡਾ ਨਾਂ ਆਇਆ ਹੈ |'
ਮੈਂ ਸਮਝ ਗਿਆ ਕਿ ਇਹ ਮੈਨੂੰ ਮੂਰਖਾਂ ਦਾ ਸਰਦਾਰ ਸਮਝ ਰਹੇ ਨੇ !!!
ਮੈਂ ਸੋਚਿਆ ਰਹਿਣ ਹੀ ਦਿਓ ........ ਦਿਲ ਮਾਂਗੇ more ਕਰਦੇ ਕਰਦੇ ਕੁਝ ਹੋਰ ਹੀ ਹੋ ਜਾਵੇ !!!
ਪਤਾ ਨਹੀਂ ਮੈਂ ਠੀਕ ਕੀਤਾ ਕਿ ਗਲਤ ?.............. ਪਤਾ ਨਹੀਂ ਉਹ ਕੁੜੀ ਦੀਆਂ ਗੱਲਾਂ ਠੀਕ ਸਨ ਕਿ ਗਲਤ ?
ਜੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸਿਓ , ਪਰ ਮੇਰੀ ਕਰਤੂਤ ਤੋਂ ਕੁਝ ਸਿੱਖ ਜ਼ਰੂਰ ਲਿਓ !!!
ਧੰਨਵਾਦ !!!!!

No comments:

Post a Comment