ਇਹ ਸਫਾਈ ਜ਼ਿੰਦਾਬਾਦ \ ਇੰਦਰਜੀਤ ਕਮਲ - Inderjeet Kamal

Latest

Saturday, 28 March 2015

ਇਹ ਸਫਾਈ ਜ਼ਿੰਦਾਬਾਦ \ ਇੰਦਰਜੀਤ ਕਮਲ

ਇਹ ਸਫਾਈ ਜ਼ਿੰਦਾਬਾਦ !!
ਜ਼ਿੰਦਾਬਾਦ ਜ਼ਿਦਾਬਾਦ !!!!
ਲਗਭਗ 40 ਸਾਲ ਪੁਰਾਨੀ ਗੱਲ ਹੈ | ਅਸੀਂ ਪੰਜਵੀਂ ਤੱਕ ਇੱਕ ਛੋਟੇ ਜਿਹੇ ਸਰਕਾਰੀ ਸਕੂਲ ਵਿੱਚ ਪੜ੍ਹੇ ਜਿਥੇ ਤਕਰੀਬਨ 100 ਕੁ ਬੱਚੇ ਪੜ੍ਹਦੇ ਸਨ | ਖੂਹ ਦੇ ਡੱਡੂ ਵਾਲਾ ਹਾਲ ਸੀ , ਘਰੋਂ ਸਕੂਲ ਤੇ ਸਕੂਲੋਂ ਘਰ | ਸ਼ਾਮ ਨੂੰ ਆਸ ਪਾਸ ਖੇਡ ਕੇ ਫਿਰ ਸਵੇਰੇ ਸਕੂਲ ਜਾਣ ਦੀ ਤਿਆਰੀ ਵਿੱਚ ਸੌਂ ਜਾਣਾ |
ਪੰਜਵੀਂ ਪਾਸ ਕਰਕੇ ਅਸੀਂ ਸ਼ਹਿਰ ਦੇ ਸਭ ਤੋਂ ਵੱਡੇ ਸਰਕਾਰੀ ਸਕੂਲ ਵਿੱਚ ਪਹੁੰਚ ਗਏ | ਨਵਾਂ ਮਾਹੌਲ , ਨਵੇਂ ਸਹਿਪਾਠੀ , ਨਵੇਂ ਅਧਿਆਪਕ , ਮਤਲਬ ਕਿ ਸਭ ਕੁਝ ਹੀ ਨਵਾਂ | ਅੰਗਰੇਜ਼ੀ ਨਾਲ ਵਾਹ ਵੀ ਛੇਵੀਂ ਜਮਾਤ ਵਿੱਚ ਆ ਕੇ ਹੀ ਪਿਆ ਸੀ | ਪ੍ਰਾਇਮਰੀ ਸਕੂਲ ਵਿੱਚ ਪਹਿਲਾਂ ਬੈਠਣ ਵਾਸਤੇ ਬੋਰੀ \ ਤੋੜਾ ਨਾਲ ਲੈਕੇ ਜਾਣਾ ਪੈਂਦਾ ਸੀ , ਫਿਰ ਤੱਪੜ ਮਿਲੇ ਤੇ ਪੰਜਵੀਂ ਤੱਕ ਪਹੁੰਚਦਿਆਂ ਅਧੇ ਅਧੇ ਫੁੱਟ ਉੱਚੇ ਬੈਂਚ | ਵੱਡੇ ਸਕੂਲ ਵਿੱਚ ਆਕੇ ਛੇਵੀਂ ਜਮਾਤ ਵਿੱਚ ਬੈਠਣ ਵਾਸਤੇ ਫਿਰ ਤੱਪੜ ਨਸੀਬ ਹੋਏ |
ਨਵੇ ਮਾਹੌਲ ਵਿੱਚ ਰਚਨਮਿਚਣ ਵਾਸਤੇ ਥੋੜਾ ਵਕਤ ਤਾਂ ਲੱਗਣਾ ਹੀ ਸੀ | ਸਕੂਲ ਖੁੱਲ੍ਹਾ ਸੀ ਪਰ ਕਮਰਿਆਂ ਦੀ ਘਾਟ ਕਾਰਨ ਛੋਟੀਆਂ ਜਮਾਤਾਂ ਨੂੰ ਸਕੂਲ ਵਿੱਚ ਉੱਗੇ ਵੱਡੇ ਵੱਡੇ ਬੋਹੜਾਂ ਥੱਲੇ ਹੀ ਬੈਠਨਾ ਪੈਂਦਾ ਸੀ ਤੇ ਬਰਸਾਤ ਵੇਲੇ ਬਰਾਂਡਿਆਂ ਵਿੱਚ | ਸਕੂਲ ਦੀ ਘੰਟੀ ਵੀ ਚਪੜਾਸੀ ਰੋਜ਼ ਆਕੇ ਇੱਕ ਬੋਹੜ ਦੇ ਤਨੇ ਤੇ ਠੋਕੇ ਕਿਲ ਨਾਲ ਟੰਗ ਦਿੰਦਾ ਸੀ | ਹਰ ਪੀਰੀਅਡ ਤੋਂ ਬਾਦ ਉਹ ਆਕੇ ਘੰਟੀ ਵਜਾਉਂਦਾ ਤੇ ਚਲਾ ਜਾਂਦਾ | ਖੈਰ ! ਕੁੱਲ ਮਿਲਾਕੇ ਨਵੇਂ ਮੁੰਡਿਆਂ ਨਾਲ ਦੋਸਤੀ ਪੈ ਗਈ ਤੇ ਪੜ੍ਹਨ ਦੇ ਨਾਲ ਨਾਲ ਖੇਡਣ ਮੱਲਣ ਦਾ ਮਾਹੌਲ ਵੀ ਬਣ ਗਿਆ | ਇਹ ਪੀਰੀਅਡ ਲੱਗਣੇ ਵੀ ਸਾਡੇ ਵਾਸਤੇ ਨਵੀਂ ਗੱਲ ਸੀ
ਇੱਕ ਦਿਨ ਸਾਡੀ ਜਮਾਤ ਘੰਟੀ ਵਾਲੇ ਬੋਹੜ ਥੱਲੇ ਲੱਗੀ ਸੀ | ਦੂਸਰੇ ਪੀਰੀਅਡ ਵਿੱਚ ਹੀ ਕੁਝ ਨੌਜਵਾਨ , ਜਿਹਨਾਂ ਵਿੱਚੋਂ ਕਈਆਂ ਨੇ ਗਲਾਂ ਵਿੱਚ ਲੰਮੇ ਲੰਮੇ ਥੈਲੇ ਪਾਏ ਸਨ , ਆਏ ਤੇ ਬਿਨ੍ਹਾਂ ਕਿਸੇ ਨੂੰ ਪੁੱਛੇ ਸਕੂਲ ਦੀ ਘੰਟੀ ਵਜਾ ਦਿਤੀ | ਸਾਡਾ ਮਾਸਟਰ ਉਠਿਆ ਤੇ ਕਹਿੰਦਾ ," ਆ ਗਏ ਕਾਮਰੇਡ , ਹੋ ਗਈ ਛੁੱਟੀ | "
ਸਾਰੇ ਸਕੂਲ ਵਿੱਚ ਭਾਜੜ ਪੈ ਗਈ | ਮੁੰਡੇ ਆਪੋ ਆਪਣੇ ਬਸਤੇ ਲੈਕੇ ਭੱਜ ਉੱਠੇ | ਅਸੀਂ ਵੀ ਆਪਣੇ ਬਸਤੇ ਚੁੱਕੇ ਤੇ ਕੁਝ ਮੁੰਡਿਆਂ ਮਗਰ ਹੋ ਤੁਰੇ | ਮੁੰਡੇ ਉੱਚੀਆਂ ਉੱਚੀਆਂ ਬਾਹਾਂ ਕਰਕੇ ਨਾਅਰੇ ਲਗਾ ਰਹੇ ਸਨ | ਅਸੀਂ ਵੀ ਇੱਕ ਭੀੜ ਦੇ ਮਗਰ " ਇਹ ਸਫਾਈ ਜ਼ਿੰਦਾਬਾਦ !, ਜ਼ਿੰਦਾਬਾਦ ਜ਼ਿੰਦਾਬਾਦ !!" ਦੇ ਨਾਅਰੇ ਲਗਾਉਂਦੇ ਚੱਲ ਪਏ | ਅੱਗੇ ਜਾਕੇ ਭੀੜ ਹੌਲੀ ਹੌਲੀ ਘਟ ਗਈ ਤੇ ਅਸੀਂ ਵੀ ਆਪਣੇ ਘਰਾਂ ਨੂੰ ਚੱਲ ਪਏ |
ਦੂਸਰੇ ਦਿਨ ਫਿਰ ਸਕੂਲ ਆਏ ਤੇ ਪੜ੍ਹਾਈ ਆਮ ਵਾਂਗ ਚੱਲ ਪਈ | ਸਾਨੂੰ ਕੁਝ ਪਤਾ ਨਹੀਂ ਸੀ ਕਿ ਕੱਲ੍ਹ ਛੁੱਟੀ ਕਰਨ ਵਾਲੇ ਕੌਣ ਸਨ ! ਬੱਸ ਇੰਨੀ ਸਮਝ ਲੱਗੀ ਸੀ ਕਿ ਉਹ ਸਫਾਈ ਕਰਵਾਉਣਾ ਚਾਹੁੰਦੇ ਸਨ ,ਤਾਂ ਹੀ " ਇਹ ਸਫਾਈ ਜ਼ਿੰਦਾਬਾਦ " ਦੇ ਨਾਅਰੇ ਲੱਗ ਰਹੇ ਸਨ |
ਕਾਫੀ ਦੇਰ ਬਾਦ ਸਾਨੂੰ ਪਤਾ ਲੱਗਾ ਕਿ ਇਹ , ਸਟੂਡੇੰਟ ਫੈਡਰੇਸ਼ਨ ਆਫ਼ ਇੰਡੀਆ( SFI ), ਦੇ ਅਹੁਦੇਦਾਰ ਤੇ ਮੈਂਬਰ ਸਨ ਤੇ ਇਹ ਸਫਾਈ ਜ਼ਿੰਦਾਬਾਦ ਨਹੀਂ SFI ਜ਼ਿੰਦਾਬਾਦ ਕਹਿ ਰਹੇ ਸਨ |

No comments:

Post a Comment