ਰੱਬ ਵਾਲੀ ਫਿਲਮ, ਫਿਲਮ ਨਹੀਂ ਬਲਕਿ ਡੇਰੇ ਦਾ ਇਸ਼ਤਿਹਾਰ ਹੀ ਕਿਹਾ ਜਾ ਸਕਦਾ ਹੈ , ਜੋ ਸਿਰਫ ਡੇਰੇ ਦੇ ਸ਼ਰਧਾਲੂਆਂ ਦੀ ਸ਼ਰਧਾ ਨਾਲ ਹੀ ਸਬੰਧਤ ਹੈ ਤੇ ਉਹਨਾਂ ਵਿੱਚੋਂ ਵੀ ਹੋ ਸਕਦਾ ਹੈ ਕਈਆਂ ਨੂੰ ਪਸੰਦ ਨਾ ਆਈ ਹੋਵੇ | ਬਾਬੇ ਨੂੰ ਜਿੰਨਾ ਚਮਤਕਾਰੀ ਵਿਖਾਇਆ ਗਿਆ ਹੈ , ਉਹਦੇ ਹਿਸਾਬ ਨਾਲ ਬਾਬੇ ਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਲੈਣ ਦੀ ਕੋਈ ਲੋੜ ਨਹੀਂ ਹੈ | ਉਹਦੀ ਉਂਗਲ ਦੇ ਇੱਕ ਇਸ਼ਾਰੇ ਨਾਲ ਹੀ ਅਨੇਕਾਂ ਹਥਿਆਰਬੰਦ ਅੱਤਵਾਦੀ ਬੁੱਤ ਬਣ ਜਾਂਦੇ ਹਨ ਤੇ ਇੱਕ ਇਸ਼ਾਰੇ ਨਾਲ ਹੀ ਦੁਬਾਰਾ ਇਨਸਾਨ ਬਣਕੇ ਉਹਦੇ ਚਰਨਾਂ ਚ ਢਹਿ ਪੈਂਦੇ ਹਨ | ਬਾਬੇ ਦੇ ਮੱਥੇ ਚੋਂ ਨਿਕਲੀ ਇੱਕ ਕਿਰਣ ਸੈਂਕੜੇ ਹਥਿਆਰਬੰਦ ਵਿਰੋਧੀਆਂ ਨੂੰ ਧਰਾਸ਼ਾਹੀ ਕਰਨ ਵਾਸਤੇ ਬਹੁਤ ਹੈ | ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਬਾਬੇ ਨੇ ਸੁਰੱਖਿਆ ਲੈਣ ਤੋਂ ਇਨਕਾਰ ਕੀਤਾ ਸੀ , ਪਰ ਇੱਕ ਮੰਤਰੀ ਦੇ ਤਰਲੇ ਕਰਨ ਤੇ ਇਹ ਸੁਰੱਖਿਆ ਲਈ | ਅੰਤਰਰਾਸ਼ਟਰੀ ਨਸ਼ਾ ਮਾਫੀਆ ਦੇ ਅੰਦਰ ਇਹ ਖੌਫ਼ ਵਿਖਾਇਆ ਗਿਆ ਹੈ ਕਿ ਭਾਰਤ ਵਿੱਚ ਬਾਬੇ ( ਗੁਰੂ ਜੀ ) ਦੇ ਹੋਣ ਕਾਰਨ ਭਾਰਤ ਵਿੱਚ ਨਸ਼ਾ ਵਿਕਣਾ ਬੰਦ ਹੋ ਗਿਆ ਹੈ , ਅਗਰ ਇਹ ਬਾਬਾ ਪਾਕਿਸਤਾਨ ਵਿੱਚ ਵੀ ਹੋਵੇ ਤਾਂ ਉੱਥੇ ਵੀ ਗਲੀ ਗਲੀ ਵਿੱਚ ਵਿਕਦਾ ਨਸ਼ਾ ਬੰਦ ਹੋ ਸਕਦਾ ਹੈ | ਭਾਰਤੀ ਫਿਲਮਾਂ ਵਿੱਚ ਮਿਥਿਹਾਸਕ ਤੇ ਇਤਿਹਾਸਕ ਵਿਅਕਤੀਆਂ ਨੂੰ ਚਮਤਕਾਰੀ ਵਿਖਾਉਣਾ ਆਮ ਗੱਲ ਹੈ , ਪਰ ਖੁਦ ਨਿਰਮਾਤਾ , ਨਿਰਦੇਸ਼ਕ , ਨਾਇਕ ਤੇ ਗਾਇਕ , ਮਤਲਬ ਸਭ ਕੁਝ ਬਣਕੇ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਚਮਤਕਾਰੀ ਵਿਖਾਉਣਾ ਸ਼ਾਇਦ ਸਾਡੇ ਕਾਨੂੰਨ ਮੁਤਾਬਿਕ ਠੀਕ ਨਹੀਂ ਹੈ , ਜਿਸ ਕਾਰਣ ਸੈਂਸਰ ਬੋਰਡ ਵਿੱਚ ਵਿਵਾਦ ਹੋਇਆ ਸੀ |
ਖੈਰ ! ਇਸ ਫਿਲਮ ਦਾ ਭੂਤ ਲੋਕਾਂ ਸਿਰੋੰ ਲਹਿ ਚੁੱਕਾ ਹੈ | ਮੇਰੇ ਮਰੀਜ਼ ਇੱਕ ਭਗਤ ਨੇ ਧੱਕੇ ਨਾਲ ਟਿਕਟ ਲਿਆਕੇ ਦਿਤੀ ਤੇ ਫਿਲਮ ਵੇਖਣ ਲਈ ਕਿਹਾ | ਅਧਾ ਹਾਲ ਖਾਲੀ ਸੀ |ਹਾਲ ਵਿੱਚ ਫਿਲਮ ਵੇਖ ਰਹੇ ਕਈ ਲੋਕਾਂ ਨੂੰ ਸਿਨੇਮਾ ਦੇ ਮੁਲਾਜ਼ਮਾ ਨੂੰ ਆਕੇ ਮੋਬਾਇਲ ਤੇ ਚੈਟਿੰਗ ਕਰਨ ਤੋਂ ਰੋਕਿਆ , ਪਰ ਲੋਕ ਫਿਰ ਵੀ ਲੱਗੇ ਰਹੇ | ਫਿਲਮ ਵੇਖਣ ਤੋਂ ਬਿਨ੍ਹਾਂ ਵਿਰੋਧ ਕਰਨ ਵਾਲੇ ਵੀ ਉਹਦਾ ਪ੍ਰਚਾਰ ਹੀ ਕਰ ਰਹੇ ਹਨ ਵਿਰੋਧ ਨਹੀਂ |
No comments:
Post a Comment