ਬੋਹਨੀ \ ਇੰਦਰਜੀਤ ਕਮਲ - Inderjeet Kamal

Latest

Friday, 6 February 2015

ਬੋਹਨੀ \ ਇੰਦਰਜੀਤ ਕਮਲ

                                                 
     ਆਪਣੀ ਤਾਰੀਫ਼ ਸੁਣ ਕੇ ਖੁਸ਼ ਹੋਣਾ  ਤਕਰੀਬਨ ਹਰ ਬੰਦੇ ਦੀ ਕਮਜ਼ੋਰੀ ਹੁੰਦੀ ਹੈ , ਭਾਵੇਂ ਉਹ ਝੂਠੀ ਹੀ ਹੋਵੇ ਤੇ ਕੋਈ ਤੁਹਾਨੂੰ ਮੂਰਖ ਬਣਾਉਣ ਵਾਸਤੇ ਕਰ ਰਿਹਾ ਹੋਵੇ  | ਅੱਜ ਸਵੇਰੇ ਨਾਸ਼ਤਾ ਕਰਕੇ ਹਟਿਆ ਹੀ ਸਾਂ ਕਿ ਇੱਕ ਫੋਨ ਆਇਆ , " ਡਾਕਟਰ ਸਾਹਬ ,ਅੱਜ ਕਲੀਨਿਕ ਤੇ ਥੋੜਾ ਛੇਤੀ ਆ ਸਕਦੇ ਹੋ ?"
ਮੈਂ ਕਿਹਾ ," ਕੀ ਗੱਲ ਹੋ ਗਈ ? "
ਕਹਿੰਦਾ ," ਗੱਲ ਤਾਂ ਕੋਈ ਖਾਸ ਨਹੀਂ , ਮੈਂ ਦਵਾਈ ਲੈਕੇ ਕਿਤੇ ਬਾਹਰ ਜਾਣਾ ਹੈ |"
ਮੈਂ ਤਕਰੀਬਨ ਸਵੇਰ ਦੇ ਹਰ ਕੰਮ ਤੋਂ ਫਾਰਗ ਸਾਂ , ਬੱਸ ਟੈਲੀਵਿਜ਼ਨ ਵੇਖ ਰਿਹਾ ਸਾਂ , ਇਸ ਕਰਕੇ ਬਿਨ੍ਹਾਂ ਦੇਰ ਕੀਤਿਆਂ ਹਾਂ ਕਰ ਦਿਤੀ | ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਮੇਰੇ ਕਲੀਨਿਕ ਦੇ ਬਾਹਰ ਹੀ ਖੜਾ ਹੈ | ਮੈਂ ਕਲੀਨਿਕ ਤੇ ਪਹੁੰਚਿਆ ਤਾਂ ਇੱਕ ਨੌਜਵਾਨ ਹੱਥ ਵਿੱਚ ਬੈਗ ਲਈ ਖੜਾ ਇੰਤਜ਼ਾਰ ਕਰ ਰਿਹਾ ਸੀ | ਉਹ ਮੇਰਾ ਥੋੜਾ ਬਹੁਤ ਜਾਣਕਾਰ ਤਾਂ ਸੀ ਪਰ ਦਵਾਈ ਲੈਣ ਪਹਿਲੀ ਵਾਰ ਆਇਆ ਸੀ | ਜਾਂਚ ਪੜਤਾਲ ਤੋਂ ਬਾਦ ਮੈਂ ਉਹਦੀ ਦਵਾਈ ਤਿਆਰ ਕਰਨ ਲੱਗਾ ਤਾਂ ਗੱਲਾਂ ਗੱਲਾਂ ਵਿੱਚ ਕਹਿੰਦਾ," ਡਾਕਟਰ ਸਾਹਬ , ਤੁਹਾਡੇ ਵਿਚਾਰ ਬਹੁਤ ਵਧੀਆ ਨੇ ਜੋ ਤੁਸੀਂ ਵਹਿਮਾਂ ਭਰਮਾਂ  ਨੂੰ ਨਹੀਂ ਮੰਨਦੇ , ਇਸੇ ਕਰਕੇ ਮੈਂ ਅੱਜ ਤੁਹਾਡੇ ਕੋਲੋਂ ਦਵਾਈ ਲੈਣ ਆਇਆ ਹਾਂ |" ਸਵੇਰੇ ਸਵੇਰ ਤਰੀਫ ਸੁਣ  ਕੇ ਮੇਰਾ ਚੌੜਾ ਹੋਣਾ ਤਾਂ ਬਣਦਾ ਹੀ ਸੀ |
ਉਹ ਅੱਗੇ ਕਹਿੰਦਾ ," ਉਂਝ ਤਾਂ ਅਸੀਂ ਸਾਰਾ  ਟੱਬਰ ਡਾਕਟਰ ਚੋਪੜੇ ਤੋਂ ਦਵਾਈ ਲੈਂਦੇ ਹਾਂ , ਪਰ ਉਹ ਬੰਦਾ ਬਹੁਤ ਵਹਿਮੀ ਏ ,  ਬੋਹਨੀ ਵਗੈਰਾ ਦਾ ਬੜਾ ਵਹਿਮ ਕਰਦਾ ਏ | ਤੁਸੀਂ ਤਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ |"
                                    ਮੈਂ ਦਵਾਈ ਤਿਆਰ ਕਰਕੇ ਉਹਦੇ ਹੱਥ ਚ ਫੜਾਈ ਤਾਂ ਕਹਿੰਦਾ , " ਡਾਕਟਰ ਸਾਹਬ ਇਹ ਪੈਸੇ ਲਿਖ ਲਿਓ ਕਿਤੇ ਆਉਂਦਾ ਜਾਂਦਾ ਫੜਾ ਜਾਊਂਗਾ |" ਤੇ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਫਟਾਫਟ ਕਲੀਨਿਕ ਤੋਂ ਬਾਹਰ ਨਿਕਲ ਗਿਆ |
                                      ਮੈਂ ਥੋੜੇ ਜਿਹੇ ਪੈਸਿਆਂ ਬਦਲੇ ਉਹਨੂੰ ਆਵਾਜ਼ ਮਾਰਨੀ ਜਾਂ ਬਹਿਸ ਕਰਨੀ ਠੀਕ ਨਾ ਸਮਝੀ , ਪਰ ਉਹ ਸਵੇਰੇ ਸਵੇਰ ਮੇਰੀ ਝੂਠੀ ਤਰੀਫ ਕਰਕੇ ਬੋਹਨੀ ਸੋਹਣੀ ਕਰਵਾ ਗਿਆ |
                                     

No comments:

Post a Comment