ਮੈਂ ਕਈ ਦਿਨਾਂ ਬਾਦ ਆਪਣੇ ਤਾਏ ਦੇ ਪੁੱਤ ਘਰ ਗਿਆ | ਅੱਗੇ ਵੇਖਿਆ ਭਰਜਾਈ ਨਵੀਂ ਐਨਕ ਲਗਾ ਕੇ ਸਿਲਾਈ ਮਸ਼ੀਨ ਤੇ ਕੋਈ ਕੰਮ ਕਰ ਰਹੀ ਸੀ | ਮੈਂ ਦੂਰੋਂ ਹੀ ਚਲਾਵਾਂ ਪੈਰੀਪੈਨਾ ਮਾਰਿਆ ਤਾਂ ਭਰਜਾਈ ਨੇ ਇੱਕ ਦੰਮ ਆਪਣੇ ਬੁੱਲ੍ਹਾਂ ਤੇ ਉਂਗਲ ਰੱਖ ਲਈ , ਜਿਵੇਂ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਰਹੀ ਹੋਵੇ | ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ | ਮੈਂ ਸਮਝਿਆ ਕਿ ਕੋਈ ਛੋਟਾ ਬੱਚਾ ਸੁੱਤਾ ਹੋਵੇਗਾ, ਜੋ ਮੇਰੀ ਉੱਚੀ ਆਵਾਜ਼ ਨਾਲ ਉਠ ਸਕਦਾ ਹੈ | ਪਰ ਇੱਕ ਦਮ ਦਿਮਾਗ ਚ ਆਇਆ ਕਿ ਇਸ ਘਰ ਵਿੱਚ ਤਾਂ ਕੋਈ ਵੀ ਛੋਟਾ ਬੱਚਾ ਨਹੀਂ ਹੈ | ਮੈਂ ਹੱਥ ਦੇ ਇਸ਼ਾਰੇ ਨਾਲ ਪੁੱਛਿਆ ਕਿ ਕੌਣ ਹੈ ?
ਭਰਜਾਈ ਨੇ ਸੱਜੇ ਹੱਥ ਨਾਲ ਆਪਣੀ ਨਵੀਂ ਐਨਕ ਵੱਲ ਇਸ਼ਾਰਾ ਕੀਤਾ ਤੇ ਫਿਰ ਉਸੇ ਹੱਥ ਦੀ ਪਹਿਲੀ ਉਂਗਲ ਬੁੱਲ੍ਹਾਂ ਤੇ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕਰਕੇ | ਇਸ਼ਾਰੇ ਨਾਲ ਹੀ ਮੈਨੂੰ ਚਾਹ ਪਾਣੀ ਦੀ ਸੁਲ੍ਹਾ ਮਾਰ ਲਈ | ਮੈਂ ਵੀ ਇਸ਼ਾਰੇ ਨਾਲ ਹੀ ਚਾਹ ਪਾਣੀ ਤੋਂ ਮਨ੍ਹਾਂ ਕਰ ਦਿਤਾ | ਭਰਜਾਈ ਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਮੈਂ ਵੀ ਚੁੱਪਚਾਪ ਮੰਜੇ ਤੇ ਬੈਠ ਗਿਆ | ਮੈਨੂੰ ਲੱਗਾ ਜਿਵੇਂ ਅਸੀਂ ਦੋਵੇਂ ਗੁੰਗੇ ਬੋਲੇ ਹੋਈਏ |
ਮੈਨੂੰ ਬੈਠੇ ਨੂੰ ਅਚਵੀ ਜਿਹੀ ਹੋ ਰਹੀ ਸੀ ,ਪਰ ਘਰ ਵਿੱਚ ਹੋਰ ਕੋਈ ਵੀ ਨਜਰ ਨਹੀਂ ਸੀ ਆ ਰਿਹਾ , ਜਿਹਦੇ ਨਾਲ ਮੈਂ ਗੱਲਬਾਤ ਕਰ ਸਕਾਂ | ਮੈਂ ਇਸ਼ਾਰੇ ਨਾਲ ਹੀ ਭਰਜਾਈ ਨੂੰ ਬੱਚਿਆਂ ਬਾਰੇ ਪੁੱਛਿਆ ਤੇ ਉਹਨੇ ਇਸ਼ਾਰੇ ਨਾਲ ਹੀ ਦੱਸ ਦਿਤਾ ਕਿ ਬੱਚੇ ਸਕੂਲ ਗਏ ਹਨ |
ਖੈਰ ! ਭਰਜਾਈ ਨੇ ਸਿਲਾਈ ਮਸ਼ੀਨ ਦਾ ਕੰਮ ਮੁਕਾਇਆ ਤੇ ਐਨਕ ਉਤਾਰ ਕੇ ਡੱਬੀ ਵਿੱਚ ਰੱਖਦੀ ਹੋਈ ਬੋਲੀ , " ਹਾਂ , ਹੁਣ ਸੁਣਾ ਇੰਦਰਜੀਤ ਕੀ ਹਾਲ ਆ ? "
ਮੈਂ ਹੈਰਾਨ ਜਿਹਾ ਹੋਕੇ ਪੁੱਛਿਆ , " ਭਰਜਾਈ ਪਹਿਲਾਂ ਕਿਓਂ ਮੌਨ ਵਰਤ ਜਿਹਾ ਰੱਖਿਆ ਸੀ ? "
ਭਰਜਾਈ ਕਹਿੰਦੀ ," ਨਹੀਂ ਕਾਕਾ , ਮੌਨ ਵਰਤ ਨਹੀਂ ! ਕੱਲ੍ਹ ਡਾਕਟਰ ਤੋਂ ਐਨਕ ਲਗਵਾਕੇ ਆਈ ਸਾਂ , ਉਹਨੇ ਕਿਹਾ ਸੀ ਐਨਕ ਲਗਾਕੇ ਕਿਸੇ ਨਾਲ ਗੱਲਾਂ ਨਾ ਕਰਦੀ ਰਹੀੰ |"
ਮੇਰਾ ਜੋਰ ਨਾਲ ਹਾਸਾ ਨਿਕਲ ਗਿਆ ਤੇ ਭਰਜਾਈ ਮੇਰੇ ਮੂੰਹ ਵੱਲ ਵੇਖੇ | ਮੈਂ ਕਿਹਾ ," ਭਰਜਾਈ ਅਸਲ ਚ ਇਹ ਐਨਕ ਨੇੜੇ ਦੀ ਹੈ , ਤੇ ਡਾਕਟਰ ਦਾ ਕਹਿਣ ਦਾ ਮਤਲਬ ਸੀ ਕਿ ਬਰੀਕੀ ਦਾ ਕੰਮ ਕਰਨ ਵੇਲੇ ਹੀ ਲਾਉਣੀ ਹੈ , ਐਵੇਂ ਜਨਾਨੀਆਂ ਵਿੱਚ ਬਹਿਕੇ ਗੱਲਾਂ ਮਾਰਨ ਵੇਲੇ ਲਗਾਉਣ ਦੀ ਜਰੂਰਤ ਨਹੀਂ ਹੈ | ਇਹਦਾ ਬੋਲਣ ਨਾਲ ਕੋਈ ਸੰਬਧ ਨਹੀਂ ਹਾ |" ਭਰਜਾਈ ਮੂੰਹ ਟੱਡ ਕੇ ਮੇਰੇ ਵੱਲ ਵੇਖਦੀ ਰਹੀ | ਇੰਦਰਜੀਤ ਕਮਲ
No comments:
Post a Comment