ਗੱਲ ਕਈ ਸਾਲ ਪੁਰਾਨੀ ਹੈ | ਇੱਕ ਮੁੰਡਾ ਆਇਆ ਤੇ ਉਹਨੇ ਦੱਸਿਆ ਕਿ ਉਹਨਾਂ ਦੇ ਘਰ ਤਾਲਾ ਲੱਗੀ ਅਲਮਾਰੀ ਵਿੱਚੋਂ ਰੂਪਏ ਗੁੰਮ ਹੋ ਜਾਂਦੇ ਹਨ ,
ਜਦ ਕਿ ਚਾਬੀ ਉਹਨਾਂ ਹੀ ਕੋਲ ਹੁੰਦੀ ਹੈ | ਉਸ ਮੁੰਡੇ ਦਾ ਪਿਤਾ ਸਰਕਾਰੀ ਨੌਕਰੀ ਕਰਦਾ ਸੀ ਤੇ ਇਹ ਘਟਨਾਵਾਂ
ਉਹਨਾ ਨਾਲ ਪਹਿਲੀਆਂ ਤਰੀਕਾਂ ਵਿੱਚ ਹੀ ਹੁੰਦੀਆਂ ਸਨ
| ਅਖੀਰ ਅਸੀਂ ਉਹਦੇ ਨਾਲ ਉਹਨਾਂ
ਦੇ ਘਰ ਜਾਕੇ ਮਸਲੇ ਦਾ ਹੱਲ ਕਰਨ ਲਈ ਦਿਨ ਅਤੇ ਵਕਤ
ਮਿਥ ਲਿਆ | ਉਹ ਮਿਥੇ ਵਕਤ ਮੁਤਾਬਿਕ
ਉਹ ਕਾਰ ਲੈਕੇ ਸਾਡੇ ਕੋਲ ਆ ਗਿਆ | ਮੈਂ ਅਤੇ ਡਾਕਟਰ ਰਘੁਬੀਰ
ਸਿੰਘ ਉਸ ਮੁੰਡੇ ਨਾਲ ਉਹਨਾਂ ਦੇ ਪਿੰਡ ਪਹੁੰਚ ਗਏ
| ਸਭ ਤੋਂ ਪਹਿਲਾਂ ਅਸੀਂ ਅਲਮਾਰੀ
ਦੀ ਜਾਂਚ ਕੀਤੀ ਕਿ ਇਹਦੇ ਵਿੱਚ ਕੋਈ ਗੁਪਤ ਰਸਤਾ ਤਾਂ ਨਹੀਂ ਹੈ , ਜਿਹਦੇ ਰਾਹੀਂ
ਘਰ ਦਾ ਕੋਈ ਵਿਅਕਤੀ ਇਸ ਵਿੱਚੋਂ ਰਕਮ ਚੋਰੀ ਕਰਦਾ
ਹੋਵੇ , ਪਰ ਇਹੋ ਜਿਹੀ ਗੱਲ ਕੋਈ ਨਾ ਨਿਕਲੀ
|
ਘਰ ਦੇ ਸਾਰੇ
ਜੀਆਂ ਨਾਲ ਵਾਰੀ ਵਾਰੀ ਗੱਲ ਕੀਤੀ , ਪਰ ਕਿਸੇ ਵਿਅਕਤੀ ਦਾ
ਵੀ ਕਸੂਰ ਨਹੀਂ ਮਿਲਿਆ | ਅਖੀਰ ਅਸੀਂ ਗੱਲਬਾਤ
ਲਈ ਇਕਲੋਤੇ ਬਚੇ ਘਰ ਦੇ ਮੁਖੀ ਨੂੰ ਚੁਣਿਆਂ |
ਉਹਦੇ ਨਾਲ ਕੀਤੀ ਗੱਲਬਾਤ ਤੋਂ
ਪਤਾ ਲੱਗਾ ਕਿ ਅਲਮਾਰੀ ਵਿੱਚ ਰਕਮ ਰੱਖਣ ਤੋਂ ਬਾਦ
ਚਾਬੀ ਉਹਦੇ ਕੋਲ ਹੀ ਹੁੰਦੀ ਹੈ , ਪਰ ਰੱਖੀ ਰਕਮ ਵਿੱਚੋਂ ਕੁਝ ਰਕਮ ਗੁੰਮ ਹੋ ਜਾਂਦੀ ਹੈ |ਉਹਦੇ ਤੋਂ
ਬਿਨ੍ਹਾਂ ਉਸ ਕਮਰੇ ਵਿੱਚ ਕੋਈ ਨਾ ਵੀ ਵੜੇ ਤਾਂ ਵੀ ਰੂਪਏ ਗੁੰਮ ਹੋ ਜਾਂਦੇ ਹਨ | ਹੁਣ ਗੱਲ ਸਾਫ਼ ਸੀ ਕਿ ਕਸੂਰਵਾਰ ਕੋਈ ਹੋਰ ਨਹੀਂ ਬਲਕਿ ਉਹ
ਵਿਅਕਤੀ ਖੁਦ ਹੀ ਸੀ |
ਮੈਂ ਉਸ ਵਿਅਕਤੀ
ਤੋਂ ਅਲਮਾਰੀ ਦੇ ਤਾਲੇ ਦੀ ਚਾਬੀ ਲੈਕੇ ਉਹਨੂੰ ਖੋਲ੍ਹਿਆ ਤੇ ਉਹਦੇ ਅੰਦਰ ਰੱਖੇ ਇੱਕ ਲੋਹੇ ਦੇ ਡੱਬੇ
ਵਿੱਚ ਆਪਣੇ ਕੋਲੋਂ ਕੁਝ ਰੂਪਏ ਰੱਖ ਕੇ ਤਾਲਾ ਲਗਾ ਦਿਤਾ ਤੇ ਚਾਬੀ ਆਪਣੀ ਜੇਬ੍ਹ ਵਿੱਚ ਪਾ ਲਈ |
ਅਸੀਂ ਉੱਥੇ ਹੀ ਬੈਠ ਕੇ ਚਾਹ ਪੀਤੀ
ਤੇ ਅਧੇ ਕੁ ਘੰਟੇ ਬਾਦ ਮੈਂ ਉਸ ਵਿਅਕਤੀ ਨੂੰ ਪੁੱਛਿਆ ," ਹੁਣ ਵੇਖੀਏ ਰੂਪਏ ਗੁੰਮ ਹੋਏ ਹਨ ਕਿ ਨਹੀਂ ?"
ਉਹ ਕਹਿੰਦਾ ,"
ਇੰਝ ਥੋੜਾ ਹੁੰਦੇ ਨੇ ,
ਇਹ ਤਾਂ ਰਾਤ ਨੂੰ ਹੁੰਦੇ ਨੇ ਸੁੱਤੇ
ਹੋਏ |"
ਅਸੀਂ ਉਹਨੂੰ
ਵਿਸ਼ਵਾਸ ਵਿੱਚ ਲੈਕੇ ਇੱਕਲੇ ਨਾਲ ਗੱਲਬਾਤ ਕੀਤੀ ਤਾਂ ਨਤੀਜਾ ਨਿਕਲਿਆ ਕਿ ਉਹਨੂੰ ਇੱਕ ਨਜਾਇਜ਼ ਰਿਸ਼ਤੇ ਨੂੰ
ਕਾਇਮ ਰੱਖਣ ਵਾਸਤੇ ਹਰ ਮਹੀਨੇ
ਰਕਮ ਦੀ ਜਰੂਰਤ ਪੈਂਦੀ ਸੀ , ਜਿਹਦੇ ਬਾਰੇ
ਘਰ ਪਤਾ ਲੱਗਣ ਤੇ ਬਹੁਤ ਜ਼ਿਆਦਾ ਕਲੇਸ਼ ਪੈਣ ਦਾ ਖਤਰਾ ਸੀ | ਤਨਖਾਹ ਗਿਣੀ ਮਿਥੀ ਹੁੰਦੀ ਸੀ , ਜਿਹਦੇ ਬਾਰੇ ਸਾਰੇ ਪਰਿਵਾਰ ਨੂੰ ਪਤਾ ਸੀ | ਸਾਰਾ
ਪਰਿਵਾਰ ਉਸ ਮੁਖੀ ਦੇ ਦਬਦਬੇ ਹੇਠ ਸੀ , ਜਿਸ ਕਾਰਨ ਅਗਰ ਕੋਈ ਵੀ ਰਕਮ ਰੱਖਣ ਦੀ ਥਾਂ ਬਦਲਣ ਦੀ ਗੱਲ ਕਰਦਾ ਤਾਂ ਉਹਨੂੰ ਕਈ ਗੱਲਾਂ ਸੁਣਨੀਆਂ
ਪੈਂਦੀਆਂ | ਕਾਫੀ ਜੱਦੋ ਜਹਿਦ ਤੋਂ ਬਾਦ ਅਸੀਂ ਉਸ ਵਿਅਕਤੀ ਨੂੰ ਸਮਝਾਉਣ ਵਿੱਚ ਕਾਮਯਾਬ ਹੋਏ ਕਿ
ਉਹਨੂੰ ਬਾਹਰ ਦੇ ਰਿਸ਼ਤਿਆਂ ਨਾਲੋਂ ਪਹਿਲ ਘਰੇਲੂ ਰਿਸ਼ਤਿਆਂ ਨੂੰ ਦੇਣੀ ਪਵੇਗੀ | ਉਹਨੇ ਕਈ ਵਾਦੇ
ਕੀਤੇ ਤੇ ਇਸ ਕੰਮ ਤੋਂ ਤੌਬਾ ਕਰਨ ਵਾਸਤੇ ਕੁਝ ਵਕਤ ਲੱਗਣ ਦੀ ਗੱਲ ਕਰਦੇ ਹੋਏ , ਸਾਡੇ ਤੋਂ ਵੀ
ਵਾਦਾ ਲਿਆ ਕਿ ਅਸੀਂ ਉਹਦੇ ਘਰਦਿਆਂ ਅੱਗੇ ਕੋਈ
ਗੱਲ ਨਹੀਂ ਕਰਾਂਗੇ | ਅਖੀਰ ਉਹ ਆਪਣੇ ਵਾਦੇ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋ ਗਿਆ ਤੇ ਸਾਰਾ
ਪਰਿਵਾਰ ਸੁੱਖ ਚੈਨ ਦੀ ਜਿੰਦਗੀ ਜੀਣ ਲੱਗਾ |
No comments:
Post a Comment