ਜਨਮ ਪੱਤਰੀ ਦੀ ਅਸਲੀਅਤ \ ਇੰਦਰਜੀਤ ਕਮਲ - Inderjeet Kamal

Latest

Tuesday, 23 September 2014

ਜਨਮ ਪੱਤਰੀ ਦੀ ਅਸਲੀਅਤ \ ਇੰਦਰਜੀਤ ਕਮਲ

ਕਈ ਸਾਲ ਪਹਿਲਾਂ ਮੈਂ ਇੱਕ ਵਿਆਹ ਚ ਇੱਕ ਕੁੜੀ ਪਸੰਦ ਕਰ ਲਈ ਤੇ ਆਪਣੇ ਮਾਮਾ ਜੀ ਨੂੰ ਆਪਣੀ ਇੱਛਾ ਦੱਸੀ, ਕਿਓਂਕਿ ਉਹ ਵੀ ਉਸੇ ਖਾਨਦਾਨ ਦੇ ਜਵਾਈ ਹਨ . ਮਾਮਾ ਜੀ ਨੇ ਗੱਲਬਾਤ ਕੀਤੀ ਤੇ ਕੁੜੀ ਦੀ ਜਨਮ ਪੱਤਰੀ ਲਿਆ ਕੇ ਮੈਨੂੰ ਦੇ ਦਿੱਤੀ . ਮੈਂ ਘਾਟੀ ਬਜ਼ਾਰ ਵਿੱਚ ਪੰਡਤਾਈ ਦਾ ਕੰਮ ਕਰਦੇ ਆਪਣੇ ਜਾਣਕਾਰ ਪੰਡਤ ਤਰਸੇਮ ਕੋਲ ਪਹੁੰਚ ਗਿਆ . ਉਹਨੇ ਸਾਡੀਆਂ ਦੋਹਾਂ ਦੀਆਂ ਜਨਮ ਪੱਤਰੀਆਂ ਵੇਖ ਕੇ ਕਿਹਾ ,
"ਇਹ ਵਿਆਹ ਬਿਲਕੁਲ ਨਹੀਂ ਹੋ ਸਕਦਾ , ਇੱਕ ਵੀ ਗੁਣ ਨਹੀਂ ਮਿਲਦਾ , ਜੇ ਹੋ ਵੀ ਗਿਆ ਤਾਂ ਇੱਕ ਦਿਨ ਵੀ ਨਹੀਂ ਬਣਨੀ "
ਮੈਂ ਤਰਸੇਮ ਦੇ ਸਾਹਮਣੇ ਹੀ ਆਪਣੇ ਵਾਲੀ ਜਨਮ ਪੱਤਰੀ ਦੇ ਟੁਕੜੇ ਟੁਕੜੇ ਕਰ ਦਿੱਤੇ ਤੇ ਉਹਨੂੰ ਕੁੜੀ ਵਾਲੀ ਜਨਮ ਪੱਤਰੀ ਨਾਲ ਮਿਲਦੀ ਹੋਈ ਜਨਮ ਪੱਤਰੀ ਬਣਾਉਣ ਲਈ ਕਿਹਾ .ਜਨਮ ਪੱਤਰੀ ਮਿਲਣ ਦਾ ਵਕਤ ਲੈਕੇ ਮੈਂ ਵਾਪਸ ਆ ਗਿਆ
ਮਿਥੇ ਵਕਤ ਤੇ ਜਾਕੇ ਮੈਂ ਆਪਣੀ ਜਨਮ ਪੱਤਰੀ ਲਈ ਤੇ ਉਹਨੂੰ ਗੁੱਛਾ ਮੁੱਛਾ ਕਰਕੇ ਰੱਖ ਲਿਆ
ਕੁਝ ਮਹੀਨੇ ਬਾਦ ਮੇਰੇ ਮਾਮਾ ਜੀ ਫੌਜ ਚੋ ਛੁੱਟੀ ਤੇ ਆਏ ਤੇ ਮੈਨੂੰ ਜਨਮ ਪੱਤਰੀਆਂ ਬਾਰੇ ਪੁੱਛਿਆ ,ਮੈਂ ਬਿਨ੍ਹਾਂ ਕੁਝ ਕਹੇ ਦੋਵੇਂ ਜਨਮ ਪੱਤਰੀਆਂ ਉਹਨਾਂ ਦੇ ਸਾਹਮਣੇ ਲਿਆਕੇ ਰੱਖ ਦਿੱਤੀਆਂ
ਉਸ ਤੋਂ ਬਾਦ ਮੇਰੇ ਮਾਮਾ ਜੀ , ਮਾਤਾ ਜੀ ਤੇ ਮੈਂ ਸਾਡੇ ਘਰ ਦੇ ਨੇੜੇ ਵਾਲੇ ਮੰਦਰ ਵਿੱਚ ਰਹਿੰਦੇ ਪੰਡਿਤ ਜੀਵਾ ਨੰਦ ਕੋਲ ਪਹੁੰਚ ਗਏ
ਪੰਡਿਤ ਨੇ ਦੋਹਾਂ ਜਨਮ ਪੱਤਰੀਆਂ ਨੂੰ ਧਿਆਨ ਨਾਲ ਵੇਖਣ ਤੋਂ ਬਾਦ ਕਿਹਾ ,
" ਵਾਹ ਜੀ ਵਾਹ !! ਇੰਨੇ ਗੁਣ ਤਾਂ ਰਾਮ ਸੀਤਾ ਦੇ ਵੀ ਨਹੀਂ ਮਿਲੇ ਸਨ "
ਮਾਮਾ ਜੀ ਤੇ ਮਾਤਾ ਜੀ ਖੁਸ਼ ਹੋ ਗਏ , ਪਰ ਮੈਂ ਸੋਚ ਰਿਹਾ ਸਾਂ ਰਾਮ ਤੇ ਸੀਤਾ ਨੇ ਕਿਹੜਾ ਸਾਰੀ ਉਮਰ ਸੁਖ ਭੋਗਿਆ ( ਕਹਾਣੀ ਮੁਤਾਬਿਕ )
ਅਖੀਰ ਨਕਲੀ ਜਨਮ ਪੱਤਰੀ ਦੇ ਆਸਰੇ ਸਾਡਾ ਵਿਆਹ ਹੋ ਗਿਆ
ਸੁੱਖ ਸ਼ਾਂਤੀ ਤੇ ਸਮਝਦਾਰ ਔਲਾਦ ਨਾਲ 27ਵਾਂ ਸਾਲ ਚੱਲ ਰਿਹਾ ਹੈ | 

20-11-13 

No comments:

Post a Comment