ਮੇਰੇ ਕੋਲ ਇੱਕ ਕੇਸ ਆਇਆ , ਕਹਿੰਦੇ ਉਹਨਾਂ ਦੀ ਕੁੜੀ ਤਿੰਨ ਮਹੀਨੇ ਤੋਂ ਮੰਜੀ ਤੇ ਪਈ ਹੈ ਤੇ ਉਹਨੂੰ ਟੱਟੀ ਪੇਸ਼ਾਬ ਵੀ ਚੁੱਕ ਕੇ ਕਰਵਾਉਣਾ ਪੈਂਦਾ ਹੈ | ਉਹਨਾਂ ਦਾ ਘਰ ਜਿਆਦਾ ਦੂਰ ਨਹੀਂ ਸੀ , ਜਿਸ ਕਰਕੇ ਮੈਂ ਉਹਨਾਂ ਦੇ ਘਰ ਜਾਕੇ ਮਸਲਾ ਵੇਖਣ ਦਾ ਫੈਸਲਾ ਕਰ ਲਿਆ | ਜਦੋਂ ਮੈਂ ਉੱਥੇ ਪਹੁੰਚਿਆ ਤਾਂ ਵੇਖਿਆ ਕਿ ਇਹ ਇੱਕ ਬਹੁਤ ਹੀ ਗਰੀਬ ਜਿਹਾ ਪਰਿਵਾਰ ਹੈ ਤੇ ਇੱਕ ਝੌਂਪੜੀ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਪਾਕੇ ਰਹਿੰਦਾ ਹੈ |
ਬਾਹਰ ਵਿਹੜੇ ਵਿੱਚ ਹੀ ਇੱਕ ਬਹੁਤ ਹੀ ਨੀਵੀਂ ਜਿਹੀ ਮੰਜੀ ਤੇ ਤੇਰਾਂ ਚੌਦਾਂ ਵਰ੍ਹਿਆਂ ਦੀ ਇੱਕ ਕਮਜ਼ੋਰ ਜਿਹੀ ਕੁੜੀ ਲੰਮੀ ਪਈ ਸੀ | ਉਹਨਾਂ ਕੁਝ ਕਾਗਜ਼ ਪੱਤਰ ਮੇਰੇ ਸਾਹਮਣੇ ਰੱਖੇ ਜੋ ਸਾਡੇ ਸ਼ਹਿਰ ਦੇ ਸਭ ਤੋਂ ਮਸ਼ਹੂਰ ਤੇ ਵੱਡੇ ਹਸਪਤਾਲ ਦੀਆਂ ਰਿਪੋਰਟਾਂ ਸਨ | ਉਹਨਾਂ ਵਿੱਚ ਕਿਸੇ ਕਿਸਮ ਦਾ ਕੋਈ ਨੁਕਸ ਨਹੀਂ ਸੀ ਆਇਆ | ਐਕਸਰੇ , ਅਲਟਰਾ ਸਾਉੰਡ , ਖੂਨ ਦੀ ਰਿਪੋਰਟ ਸਭ ਕੁਝ ਆਮ ਵਿਅਕਤੀ ਵਾਂਗ ਸਨ |
ਮੈਂ ਕਾਗਜ਼ ਪੱਤਰ ਵੇਖਣ ਤੋਂ ਬਾਦ ਲਕੜੀ ਦੀ ਮੰਜੀ ਕੋਲ ਪਹੁੰਚਿਆ ਤੇ ਉਹਨੂੰ ਹੱਥ ਹੀ ਲਗਾਉਣ ਲੱਗਾ ਸਾਂ ਕਿ ਇੱਕ ਔਰਤ ਕਹਿੰਦੀ ," ਨਾ ਨਾ ਇਹਨੂੰ ਹਿਲਾਇਓ ਨਾ , ਰੋਂਣ ਲੱਗ ਪਏਗੀ |" #KamalDiKalam
ਮੈਂ ਸਭ ਤੋਂ ਪਹਿਲਾਂ ਉਸ ਔਰਤ ਨੂੰ ਉੱਥੋਂ ਜਾਣ ਲਈ ਕਿਹਾ ਤੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਮੇਰੇ ਕੰਮ ਵਿੱਚ ਕੋਈ ਨਹੀਂ ਬੋਲੇਗਾ | ਮੈਂ ਉਸ ਕੁੜੀ ਨੂੰ ਉਠ ਕੇ ਬੈਠਣ ਲਈ ਕਿਹਾ ਤਾਂ ਉਹ ਰੋਂਣ ਲੱਗ ਪਈ | ਉਹਦਾ ਭਰਾ ਕਹਿੰਦਾ ," ਡਾਕਟਰ ਸਾਹਬ ਤੁਹਾਨੂੰ ਦੱਸਿਆ ਤਾਂ ਸੀ ਕਿ ਇਹਨੂੰ ਟੱਟੀ ਪੇਸ਼ਾਬ ਲਈ ਵੀ ਚੁੱਕ ਕੇ ਲੈ ਜਾਣਾ ਪੈਂਦਾ ਹੈ | "
ਮੈਂ ਉਹਨੂੰ ਕਿਹਾ ਕਿ ਕੁੜੀ ਨੂੰ ਚੁੱਕ ਕੇ ਕਮਰੇ ਵਿੱਚ ਲੈ ਜਾਵੇ | ਕੁੜੀ ਦੀ ਮਾਂ ਨੂੰ ਬੁਲਾਇਆ ਤਾਂ ਉਹ ਇੱਕ ਬਹੁਤ ਹੀ ਸਿੱਧੀ ਜਿਹੀ ਔਰਤ ਸੀ, ਜਿਹਨੂੰ ਮੇਰੀ ਗੱਲ ਸਮਝਣ ਵਿੱਚ ਵੀ ਦਿੱਕਤ ਆ ਰਹੀ ਸੀ | ਮੈਂ ਕਿਸੇ ਹੋਰ ਔਰਤ ਨੂੰ ਬੁਲਾਉਣ ਲਈ ਕਿਹਾ | ਇੱਕ ਉਮਰ ਦਰਾਜ਼ ਔਰਤ ਆ ਗਈ ਤਾਂ ਮੈਂ ਉਹਦੇ ਬਿਨ੍ਹਾਂ ਸਾਰਿਆਂ ਨੂੰ ਕਮਰੇ ਚੋਂ ਬਾਹਰ ਭੇਜ ਦਿੱਤਾ | ਉਸ ਔਰਤ ਦੀ ਹਾਜ਼ਰੀ ਵਿੱਚ ਮੈਂ ਉਸ ਕੁੜੀ ਉੱਪਰ ਗੱਲਾਂ ਬਾਤਾਂ ਰਾਹੀਂ ਆਪਣਾ ਕਾਫੀ ਪ੍ਰਭਾਵ ਜਮਾਇਆ ਤੇ ਉਹਨੂੰ ਮੇਰੇ ਉੱਪਰ ਪੂਰਨ ਵਿਸ਼ਵਾਸ ਕਰਨ ਲਈ ਮਨਾ ਲਿਆ | ਹੁਣ ਮੈਂ ਉਹਨੂੰ ਆਪਣੀ ਕਹਾਣੀ ਸੁਣਾਉਣ ਲਈ ਕਿਹਾ |
ਉਹਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਹ ਸਾਇਕਲ ਚਲਾਉਣ ਸਿੱਖ ਰਹੀ ਸੀ ਕਿ ਅਚਾਨਕ ਡਿੱਗਣ ਨਾਲ ਉਹਨੂੰ ਸੱਟ ਲੱਗ ਗਈ ਤੇ ਉਹਦੇ ਅੰਦਰੋਂ ਖੂਨ ਆਉਣਾ ਸ਼ੁਰੂ ਹੋ ਗਿਆ | ਹੁਣ ਥੋੜੇ ਦਿਨਾਂ ਬਾਦ ਉਹਨੂੰ ਖੂਨ ਆ ਜਾਂਦਾ ਹੈ ਤੇ ਉਹਨੇ ਡਰ ਕਾਰਨ ਅੱਜ ਤੱਕ ਕਿਸੇ ਨੂੰ ਨਹੀਂ ਦੱਸਿਆ | ਸਾਰੀ ਗੱਲ ਮੇਰੀ ਸਮਝ ਵਿੱਚ ਆ ਗਈ | ਅਸਲ ਵਿੱਚ ਉਹਨੂੰ ਮਾਹਵਾਰੀ ਸ਼ੁਰੂ ਹੋ ਚੁੱਕੀ ਸੀ ਜਿਸ ਬਾਰੇ ਉਹਦੀ ਮਾਂ ਨੇ ਉਹਨੂੰ ਕੁਝ ਵੀ ਨਹੀਂ ਸੀ ਦੱਸਿਆ | ਮੈਂ ਉਹਨੂੰ ਇਸ ਹੋਣ ਵਾਲੀ ਤਬਦੀਲੀ ਬਾਰੇ ਵੇਰਵੇ ਨਾਲ ਦੱਸਿਆ , ਜਿਸ ਨਾਲ ਉਹਦੇ ਚਿਹਰੇ ਤੇ ਚਮਕ ਆ ਗਈ | ਥੋੜੀ ਦੇਰ ਬਾਦ ਹੀ ਉਹ ਕਮਰੇ ਵਿੱਚੋਂ ਆਪਣੇ ਆਪ ਪੈਦਲ ਚੱਲ ਕੇ ਬਾਹਰ ਆ ਗਈ |
No comments:
Post a Comment