ਪਿਛਲੇ ਹਫਤੇ ਸਵੇਰੇ ਫੋਨ ਆਇਆ ਕਿ ਉਹ ਉੱਤਰ ਪ੍ਰੇਦਸ਼ ਤੋਂ ਆਕੇ ਮੇਰੇ ਕਲੀਨਿਕ ਦੇ ਬਾਹਰ ਖੜ੍ਹੇ ਹਨ | ਮੈਂ ਉਹਨਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਤੇ ਵਕਤ ਤੋਂ ਥੋੜਾ ਪਹਿਲਾਂ ਹੀ ਪਹੁੰਚ ਗਿਆ | ਆ ਕੇ ਵੇਖਿਆ ਕਿ 9 ਲੋਕ ਖੜ੍ਹੇ ਸਨ ਜਿਹਨਾਂ ਵਿੱਚ ਦੋ ਮਹਿਲਾਵਾਂ ਸਨ | ਕਲੀਨਿਕ ਖੋਲ੍ਹਕੇ ਮੈਂ ਉਹਨਾਂ ਨੂੰ ਅੰਦਰ ਬੈਠਾਇਆ ਤੇ ਆਪਣੀ ਕੁਰਸੀ ਤੇ ਬੈਠਦੇ ਹੋਏ ਆਉਣ ਦਾ ਕਾਰਨ ਪੁੱਛਿਆ | ਇੱਕ ਬੋਲਿਆ ," ਅਸੀਂ ਤਾਂ ਆ ਗਏ ਜੀ ਹੁਣ ਤੁਸੀਂ ਦੱਸੋ |"
ਮੈਂ ਕਿਹਾ ,' ਪਹਿਲਾਂ ਦੱਸੋ ਤਾਂ ਸਹੀ ਕਿ ਤੁਸੀਂ ਕਿਸ ਕੰਮ ਆਏ ਹੋ ? "
" ਅੱਛਾ , ਇਹ ਵੀ ਦੱਸਣਾ ਪਏਗਾ !" ਉਹੀ ਬੰਦਾ ਫਿਰ ਬੋਲਿਆ ," ਘਰ ਚ ਖੂਨ ਆਉਂਦਾ ਏ | ਕੱਲ੍ਹ ਬਾਥਰੂਮ ਚ ਖੂਨ ਬਾਲਟੀ ਚ ਉਬਾਲੇ ਮਾਰ ਰਿਹਾ ਸੀ |" ਮੈਂ ਸਮਝ ਗਿਆ ਕਿ ਇਹ ਬੰਦਾ ਤੇ ਸੁਖਬੀਰ ਬਾਦਲ ਇੱਕੋ ਦਿਨ ਇੱਕੋ ਵਕਤ ਜੰਮੇ ਹੋਣਗੇ | ਫਿਰ ਵੀ ਮੈਂ ਉਹਨੂੰ ਸਵਾਲ ਕੀਤਾ ," ਖੂਨ ਉਬਾਲੇ ਮਾਰਦਾ ਕਿਹਨੇ ਵੇਖਿਆ ਏ ?"
ਕਹਿੰਦਾ ," ਸਾਰੇ ਟੱਬਰ ਨੇ ਵੇਖਿਆ ਏ !"
ਮੈਂ ਕਿਹਾ ,"ਤੂੰ ਵੇਖਿਆ ਏ ?"
ਕਹਿੰਦਾ ," ਮੈਂ ਤੇ ਨਹੀਂ ਵੇਖਿਆ |"#KamalDiKalam
ਮੈਂ ਕਿਹਾ ," ਹੁਣ ਤੂੰ ਬਿਲਕੁਲ ਚੁੱਪ ਕਰਕੇ ਸਭ ਤੋਂ ਪਿੱਛੇ ਬੈਠ ਜਾ |"
ਮੈਂ ਸਾਰਿਆਂ ਨੂੰ ਮੁਖਾਤਬ ਹੋਕੇ ਪੁੱਛਿਆ ," ਸਭ ਤੋਂ ਪਹਿਲਾਂ ਖੂਨ ਕਿਹਨੇ ਵੇਖਿਆ ਸੀ ?"
ਇੱਕ ਔਰਤ ਬੋਲੀ ," ਮੈਂ ਵੇਖਿਆ ਸੀ | ਖੂਨ ਪੂਰੀ ਤਰ੍ਹਾਂ ਉਬਾਲੇ ਖਾ ਰਿਹਾ ਸੀ |"
ਮੈਨੂੰ ਮਸਲੇ ਦੀ ਜੜ੍ਹ ਮਿਲਦੀ ਨਜਰ ਆਈ | ਮੈਂ ਕਿਹਾ ," ਇਸ ਔਰਤ ਨੂੰ ਛੱਡਕੇ ਬਾਕੀ ਸਾਰੇ ਬਾਹਰ ਚਲੇ ਜਾਓ |"
ਪਹਿਲਾਂ ਵਾਲਾ ਬੰਦਾ ਫਿਰ ਬੋਲਿਆ ," ਕਰਨ ਵਾਲੇ ਬੰਦੇ ਦਾ ਨਾਂ ਜਰੂਰ ਦੱਸਿਓ , ਅੱਗੇ ਤੋਂ ਉਹਦੇ ਤੋਂ ਸਾਵਧਾਨ ਰਹਾਂਗੇ |" ਮੈਂ ਉਹਨੂੰ ਪੁੱਛ ਹੀ ਲਿਆ ਕਿ ਉਹ ਉਸ ਔਰਤ ਦਾ ਕੀ ਲਗਦਾ ਹੈ ? " ਕਹਿੰਦਾ ," ਇਹ ਮੇਰੇ ਗਵਾਂਢੀ ਨੇ | ਇਹਨਾਂ ਆਉਣ ਲਈ ਗੱਡੀ ਕਿਰਾਏ ਤੇ ਲਈ ਸੀ ਮੈਂ ਸੋਚਿਆ ਮੈਂ ਵੀ ਵੇਖ ਆਵਾਂ |" ਬਾਕੀਆਂ ਬਾਰੇ ਪੁੱਛਿਆ ਤਾਂ ਘਰ ਦੇ ਤਿੰਨ ਮੈਂਬਰ ਹੀ ਨਿਕਲੇ ਬਾਕੀ ਸਾਰੇ ਭੂਤ ਨਿਕਲਦਾ ਵੇਖਣ ਵਾਲੇ ਤਮਾਸ਼ਬੀਨ ਹੀ ਸਨ |
ਮੈਂ ਸਾਰਿਆਂ ਨੂੰ ਬਾਹਰ ਭੇਜਣ ਤੋਂ ਬਾਦ ਉਸ ਔਰਤ ਤੋਂ ਪੁੱਛ ਪੜਤਾਲ ਕੀਤੀ ਤਾਂ ਉਹਨੇ ਦੱਸਿਆ ਕਿ ਕਦੇ ਆਟਾ ਗੁੰਨ੍ਹਣ ਵੇਲੇ ਉਹਦੇ ਚ ਵੀ ਖੂਨ ਆ ਜਾਂਦਾ ਹੈ ਤੇ ਕਦੇ ਕਿਸੇ ਭਾਂਡੇ ਵਿੱਚ | ਮੈਂ ਉਹਨੂੰ ਕਾਫੀ ਕੁਝ ਸਮਝਾਇਆ ਤੇਪੂਰੀ ਤਰ੍ਹਾਂ ਵਿਸ਼ਵਾਸ ਚ ਲੈਕੇ ਸਿੱਧਾ ਸਵਾਲ ਕੀਤਾ ," ਬਿਨ੍ਹਾਂ ਕਿਸੇ ਡਰ ਤੋਂ ਮੈਨੂੰ ਆਪਣੀ ਮੁਸ਼ਕਿਲ ਦੱਸ ਕਿ ਤੂੰ ਇਹ ਸਭ ਕਿਓਂ ਕਰ ਰਹੀ ਏਂ ?"
ਉਹਨੇ ਮੇਰਾ ਇਸ਼ਾਰਾ ਸਮਝਦੇ ਹੋਏ ਕਿਹਾ ," ਮੇਰਾ ਮੁੰਡਾ ਛੱਤਾਂ ਤੇ ਫੁੱਲ ਬੂਟੇ ਬਣਾਉਣ (POP) ਦਾ ਬਹੁਤ ਵਧੀਆ ਕਾਰੀਗਰ ਹੈ , ਪਰ ਨੀਅਤ ਨਾਲ ਕੰਮ ਤੇ ਨਹੀਂ ਜਾਂਦਾ | ਕਈ ਬਾਬਿਆਂ ਨੂੰ ਵਿਖਾ ਚੁੱਕੇ ਹਾਂ ,ਪਰ ਕਿਤੋਂ ਫਰਕ ਨਹੀਂ ਲੱਗਾ |"
ਮੈਂ ਸਮਝ ਗਿਆ ਕਿ ਉਹਨੇ ਇਹ ਸਭ ਆਪਣੇ ਮੁੰਡੇ ਨੂੰ ਡਰਾ ਕੇ ਕੰਮ ਤੇ ਭੇਜਣ ਵਾਸਤੇ ਕੀਤਾ ਸੀ | ਮੈਂ ਮੁੰਡੇ ਨੂੰ ਅੰਦਰ ਬੁਲਾਇਆ ਤੇ ਉਹਦੇ ਨਾਲ ਵਿਸਥਾਰ ਨਾਲ ਗੱਲ ਕੀਤੀ | ਉਹਦੀਆਂ ਕੁਝ ਛੋਟੀਆਂ ਛੋਟੀਆਂ ਮੁਸ਼ਕਿਲਾਂ ਦੇ ਹੱਲ ਲਈ ਤਰੀਕੇ ਦੱਸੇ ਤੇ ਉਹਨੂੰ ਲਗਨ ਨਾਲ ਕੰਮ ਕਰਨ ਲਈ ਮਨਾ ਲਿਆ |
ਫਿਰ ਦੋਹਾਂ ਮਾਂ ਪੁੱਤਰ ਤੋਂ ਵੱਖ ਵੱਖ ਕਰਕੇ ਮਾਹੌਲ ਠੀਕ ਰੱਖਣ ਦੇ ਵਾਅਦੇ ਲਏ ਤੇ ਭੇਜ ਦਿੱਤਾ | ਅੱਜ ਫੋਨ ਆਇਆ ਕਿ ਉਸ ਦਿਨ ਦਾ ਸਭ ਕੁਝ ਠੀਕ ਥਾਖੈ ਤੇ ਮੁੰਡਾ ਵੀ ਕੰਮ ਤੇ ਜਾ ਰਿਹਾ ਹੈ |
No comments:
Post a Comment