ਸੁੰਘ ਕੇ ਪੜ੍ਹਨਾ \ ਇੰਦਰਜੀਤ ਕਮਲ - Inderjeet Kamal

Latest

Thursday, 18 June 2015

ਸੁੰਘ ਕੇ ਪੜ੍ਹਨਾ \ ਇੰਦਰਜੀਤ ਕਮਲ


ਬਰੇਨ ਪੀਡੀਆ ਨਾਂ ਦੀ ਸੰਸਥਾ ਨੇ ਦਾਅਵਾ ਕੀਤਾ ਸੀ ਕਿ ਉਹ ਬੱਚਿਆਂ ਦੇ ਦਿਮਾਗ ਦਾ ਵਿਕਾਸ ਕਰਕੇ ਉਹਨਾਂ ਨੂੰ ਬਿਨ੍ਹਾਂ ਵੇਖੇ ਨੱਕ ਨਾਲ ਸੁੰਘ ਕੇ ਪੜ੍ਹਨ ਦੀ ਸਿਖਲਾਈ ਦਿੰਦੇ ਹਨ | ਲੋਕਾਂ ਨੇ ਵੇਖਾ ਵੇਖੀ ਬਿਨ੍ਹਾਂ ਆਪਣਾ ਦਿਮਾਗ ਵਰਤੇ ਆਪਣੇ ਬੱਚਿਆਂ ਨੂੰ ਇਸ ਸਿਖਲਾਈ ਲਈ ਭੇਜ ਦਿੱਤਾ ਤੇ ਸੰਸਥਾ ਨੇ ਕਰੋੜਾਂ ਰੂਪਏ ਡਕਾਰ ਲਏ | 
ਇਸ ਸੰਸਥਾ ਦਾ ਦਾਅਵਾ ਹੈ ਕਿ ਉਹ ਆਪਣੀ ਸਿਖਲਾਈ ਰਾਹੀ ਬੱਚਿਆਂ ਨੂੰ ਸੁੰਘਣ ਸ਼ਕਤੀ ਨਾਲ ਪੜ੍ਹਨਾ ਸਿਖਾਉਂਦੀ ਹੈ | ਸੰਸਥਾ ਦੇ ਅਜਿਹੇ ਸਿਖਲਾਈ ਪ੍ਰੋਗਰਾਮ ਦੌਰਾਨ ਜ਼ੀਰਾ ਵਿਖੇ ਤਰਕਸ਼ੀਲਾਂ ਵੱਲੋਂ ਇਸ ਪਖੰਡ ਨੂੰ ਇਕਾਈ ਜ਼ੀਰਾ ਵੱਲੋਂ ਗੈਰ ਵਿਗਿਆਨਕ ਕਹਿਣ ਅਤੇ ਅਜਿਹਾ ਸਹੀ ਸਾਬਤ ਕਰਨ ਦੀ ਚੁਣੋਤੀ ਦੇਣ ਤੇ ਬਰੇਨ ਪੀਡੀਆ ਸੰਸਥਾ ਦੇ ਮੁਖੀ ਗੁਰਦੇਵ ਸਿੰਘ ਸੈਣੀ ( ਹੁਸ਼ਿਆਰਪੁਰ ) ਨੇ ਤਰਕਸ਼ੀਲ ਆਗੂਆਂ ਨਾਲ ਲਿਖ਼ਤੀ ਇਕਰਾਰਨਾਮਾ ਕੀਤਾ , ਜਿਸ ਤਹਿਤ ਧੋਖਾ ਰਹਿਤ ਹਾਲਤਾਂ ਵਿੱਚ ਤਰਕਸ਼ੀਲਾਂ ਦੀ ਸੰਤੁਸ਼ਟੀ ਤੱਕ ਬਰੇਨ ਮੀਡੀਆ ਵੱਲੋਂ ਸਿਖਾਏ ਬੱਚੇ ਦੇਸ਼ ਭਗਤ ਹਾਲ ਜਲੰਧਰ ਵਿਖੇ 17-06- 15 ਨੂੰ ਦੁਪਹਿਰ ਇੱਕ ਵਜੇ ਤਰਕਸ਼ੀਲਾਂ ਵੱਲੋਂ ਅੱਖਾਂ ਰਾਹੀ ਵੇਖਣ ਦੀ ਸਮਰੱਥਾ ਨੂੰ ਬੰਦ ਕਰਨ ਉਪਰੰਤ ਆਪਣੀ ਸੁੰਘਣ ਸ਼ਕਤੀ ਰਾਹੀ ਉਹਨਾਂ ਨੂੰ ਅੰਗਰੇਜ਼ੀ ਵਿੱਚ ਦਿੱਤੀ ਲਿਖ਼ਤ ਪੜ੍ਹ ਕੇ ਸੁਨਾਉਣਗੇ | ਜ਼ਿਕਰਯੋਗ ਹੈ ਕਿ ਜ਼ੀਰਾ ਵਿਖੇ ਸੰਸਥਾ ਦੁਆਰਾ ਸਿਖਾਏ ਬੱਚੇ ਤਰਕਸ਼ੀਲਾਂ ਦੀ ਪਹਿਲੀ ਪਰਖ਼ ਵਿੱਚ ਹੀ ਹਾਰ ਗਏ ਸਨ | ਫਿਰ ਬਰੇਨ ਪੀਡੀਆ ਨੇ 10,000 ਰੁਪਏ ਜਮ੍ਹਾਂ ਕਰਵਾ ਕੇ ਸੁਸਾਇਟੀ ਵੱਲੋਂ 5 ਲੱਖ ਰੁਪਏ ਦੇ ਇਨਾਮ ਨੂੰ ਜਿੱਤਣ ਦਾ ਦਾਅਵਾ ਪੇਸ਼ ਕੀਤਾ | 
ਹੁਣ ਫਿਰ 17-06-15 ਨੂੰ ਬਰੇਨ ਪੀਡੀਆ ਦੀ ਉਸ ਵੇਲੇ ਕਿਰਕਰੀ ਹੋ ਗਈ ਜਦੋਂ ਉਹਨਾਂ ਵੱਲੋਂ ਸਿਖਾਏ ਬੱਚੇ ਸੁੰਘ ਕੇ ਪੜ੍ਹਨ ਵਿੱਚ ਨਾਕਾਮ ਰਹੇ | ‪#‎KamalDiKalam‬
ਆਓ ,ਥੋੜਾ ਜਿਹਾ ਦਿਮਾਗ ਵਰਤਕੇ ਸੋਚੀਏ ਕਿ ਸੁੰਘ ਕੇ ਪੜ੍ਹਨਾ ਜਾਇਜ਼ ਹੈ ? ਕਿਸੇ ਵੀ ਲਿਖਤੀ ਭਾਸ਼ਾ ਨੂੰ ਪੜ੍ਹਨ ਵਾਸਤੇ ਉਹਦੇ ਅੱਖਰਾਂ ਦੀ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੈ , ਬੇਸ਼ਕ ਉਹ ਨਜਰ ਰਾਹੀ ਹੋਵੇ ਜਾਂ ਛੂਹ ਕੇ | ਕੀ ਸਾਡੀ ਸੁੰਘਣ ਸ਼ਕਤੀ ਵਿੱਚ ਅੱਖਰਾਂ ਦੀ ਪਹਿਚਾਣ ਕਰਨ ਦੀ ਸਮਰੱਥਾ ਹੋ ਸਕਦੀ ਹੈ ? 
ਮਜ਼ੇਦਾਰ ਗੱਲ ਹੈ ਕਿ ਜਿੰਨੇ ਵੀ ਲੋਕਾਂ ਨੇ ਆਪਣੇ ਬੱਚਿਆਂ ਨੂੰ ਇਸ ਸਿਖਲਾਈ ਲਈ ਭੇਜਿਆ ਹੋਊ, ਉਹ ਚੰਗੇ ਪੜ੍ਹੇ ਲਿਖੇ ਹੋਣਗੇ ਤੇ ਮੇਰਾ ਪੂਰਨ ਵਿਸ਼ਵਾਸ ਹੈ ਕਿ ਇਹਨਾਂ ਵਿੱਚੋਂ ਇੱਕ ਵੀ ਟੱਬਰ ਅਨਪੜ੍ਹ ਨਹੀਂ ਹੋਵੇਗਾ | 
ਮੈਂ ਚਾਹਾਂਗਾ ਕਿ ਸੂਝਵਾਨ ਦੋਸਤ ਇਸ ਮੁੱਦੇ ਬਾਰੇ ਆਪਣੇ ਵਿਚਾਰ ਖੁੱਲ੍ਹਕੇ ਰੱਖਣ ਤਾਂ ਕਿ ਹੋਰ ਲੋਕਾਂ ਨੂੰ ਬੇਵਕੂਫ਼ ਬਣਨ ਤੋਂ ਬਚਾਇਆ ਜਾ ਸਕੇ |

No comments:

Post a Comment