ਅੱਜ ਸਵੇਰੇ ਉੱਠਣ ਸਾਰ ਹਰਮਨ ਕਹਿੰਦੀ ਕਿ "ਇਹਨਾਂ ਕੀੜੀਆਂ ਦਾ ਕੁਝ ਕਰੋ, ਇਹ ਹਰ ਖਾਣ ਵਾਲੀ ਚੀਜ਼ ਵਿੱਚ ਵੜ ਜਾਂਦੀਆਂ ਨੇ ਅਤੇ ਬਹੁਤ ਤੰਗ ਕਰਦੀਆਂ ਨੇ ।"
ਮੈਂ ਕਿਹਾ ਕਿ "ਕੀੜੀਆਂ ਮੱਖੀਆਂ ਨਾਲੋਂ ਵੱਧ ਸਾਫ ਅਤੇ ਪਵਿੱਤਰ ਹੁੰਦੀਆਂ ਨੇ ।"
ਹਰਮਨ ਕਹਿੰਦੀ "ਉਹ ਕਿਵੇਂ ?"
ਮੈਂ ਕਿਹਾ ਕਿ "ਕੀੜੀਆਂ ਜਿਆਦਾਤਰ ਉਹ ਚੀਜਾਂ ਹੀ ਖਾਂਦੀਆਂ ਨੇ ਜੋ ਚੀਜਾਂ ਅਸੀਂ ਖਾਂਦੇ ਹਾਂ, ਜਿਵੇਂ ਖੰਡ, ਗੁੜ, ਰੋਟੀ, ਚੌਲ ਅਤੇ ਹੋਰ ਮਿੱਠੀਆਂ ਚੀਜਾਂ ਆਦਿ । ਇਹ ਵੀ ਸਾਡੇ ਵਾਂਗ ਸ਼ਾਕਾਹਾਰੀ ਅਤੇ ਮਾਸਾਹਾਰੀ ਹੁੰਦੀਆਂ ਹਨ । ਪਰ ਮੱਖੀਆਂ ਤਾਂ ਜਿਆਦਾਤਰ ਗੰਦੀਆਂ ਥਾਵਾਂ 'ਤੇ ਬੈਠਦੀਆਂ ਨੇ, ਗੰਦਗੀ ਅਤੇ ਬਿਮਾਰੀਆਂ ਫੈਲਾਉਂਦੀਆਂ ਨੇ, ਅਤੇ ਉਹ ਚੀਜਾਂ ਵੀ ਖਾਂਦੀਆਂ ਨੇ ਜੋ ਅਸੀਂ ਨਹੀਂ ਖਾਂਦੇ...... ।
ਪਰ ਕੀੜੀਆਂ ਦੀ ਮਿਹਨਤ ਦਾ ਕੋਈ ਜਵਾਬ ਨਹੀਂ । ਇਹ ਗਰਮੀ ਦੇ ਮੌਸਮ ਵਿੱਚ ਸੀਜਨ ਲਗਾ ਕੇ ਆਪਣੇ ਗੋਦਾਮਾਂ ਵਿੱਚ ਭੋਜਨ ਸਟੋਰ ਕਰ ਲੈਂਦੀਆਂ ਨੇ ਅਤੇ ਸਰਦੀਆਂ ਵਿੱਚ ਆਰਾਮ ਨਾਲ ਅੰਦਰ ਬੈਠ ਕੇ ਖਾਂਦੀਆਂ ਨੇ । ਮਨੁੱਖ ਨੂੰ ਮਿਹਨਤ ਕਰਨ ਲਈ ਉਤਸ਼ਾਹਿਤ ਕਰਨ ਲਈ ਅਕਸਰ ਕੀੜੀਆਂ ਅਤੇ ਮੱਕੜੀਆਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ । ਕੀੜੀਆਂ ਦੀ ਲਾਈਨ ਚਾਹੇ ਦਸ ਫੁੱਟ ਲੰਬੀ ਹੋਵੇ, ਇਹ ਕਦੇ ਇੱਕ ਦੂਜੀ ਦੇ ਵਿੱਚ ਨਹੀਂ ਵੱਜਦੀਆਂ, ਕਦੇ ਇੱਕ ਦੂਜੀ ਨੂੰ ਗਾਲ੍ਹਾਂ ਨਹੀਂ ਕੱਢਦੀਆਂ । ਕਿਉਂਕਿ ਕੀੜੀਆਂ ਆਪਣੇ ਅੰਦਰੋਂ ਇੱਕ ਅਜਿਹੀ ਸੁਗੰਧ ਛੱਡਦੀਆਂ ਨੇ ਜਿਸ ਨਾਲ ਬਾਕੀ ਕੀੜੀਆਂ ਨੂੰ ਉਸ ਸੁਗੰਧ ਨਾਲ ਦੂਜੀਆਂ ਕੀੜੀਆਂ ਦਾ ਰਸਤਾ ਲੱਭਣ ਵਿੱਚ ਮਦਦ ਮਿਲਦੀ ਹੈ, ਜਿਸ ਕਰਕੇ ਇਹ ਇੱਕ ਲਾਈਨ ਵਿੱਚ ਤੁਰਦੀਆਂ ਹਨ । ਜੇਕਰ ਕੋਈ ਰੋਟੀ ਦਾ ਟੁਕੜਾ ਕਿਸੇ ਇਕੱਲੀ ਕੀੜੀ ਤੋਂ ਨਾ ਚੁੱਕਿਆ ਜਾਵੇ ਤਾਂ ਉਸਦੀ ਮਦਦ ਕਰਨ ਲਈ ਬਹੁਤ ਸਾਰੀਆਂ ਕੀੜੀਆਂ ਆ ਜਾਂਦੀਆਂ ਨੇ ਅਤੇ ਉਸ ਰੋਟੀ ਦੇ ਟੁਕੜੇ ਨੂੰ ਖਿੱਚ ਕੇ ਆਪਣੇ ਟਿਕਾਣੇ 'ਤੇ ਲੈ ਜਾਂਦੀਆਂ ਨੇ । ਇਹ ਖਾਣ ਪਿੱਛੇ ਸਾਡੇ ਵਾਂਗ ਕਦੇ ਵੀ ਨਹੀਂ ਲੜਦੀਆਂ । ਇਹਨਾਂ ਦੇ ਹੱਡੀ ਨਾ ਹੋਣ ਕਰਕੇ ਬੋਨਲੈੱਸ ਵੀ ਹੁੰਦੀਆਂ ਨੇ । ਮੱਖੀਆਂ ਤਾਂ ਕੀੜੀਆਂ ਦੇ ਪੈਰ ਵਰਗੀਆਂ ਵੀ ਨਹੀਂ ਬਣ ਸਕਦੀਆਂ ।"
ਸਤਸੰਗ ਸਮਾਪਤ ਹੋਣ ਉਪਰੰਤ ਚਾਹ ਦਾ ਲੰਗਰ ਤਿਆਰ ਕਰਕੇ ਛਕਿਆ ਗਿਆ ।
No comments:
Post a Comment