ਅੱਜ ਇੱਕ ਭਰ ਮੁਟਿਆਰ ਕੁੜੀ ਨੂੰ ਲੈਕੇ ਮੇਰੇ ਕਲੀਨਿਕ ਤੇ ਆਏ ਤੇ ਉਹਨਾਂ ਦੱਸਿਆ ਕਿ ਇਹਦੀਆਂ ਉਲਟੀਆਂ ਬੰਦ ਨਹੀਂ ਹੁੰਦੀਆਂ | ਤਕਰੀਬਨ ਦੋ ਸਾਲ ਹੋ ਗਏ ਨੇ ਦਿਨ ਵਿੱਚ ਕਈ ਵਾਰ ਉਲਟੀ ਕਰਦੀ ਹੈ | ਕੁੜੀ ਦੀਆਂ ਬਾਹਾਂ ਵਿੱਚ ਤਾਜ਼ਾ ਚੂੜਾ ਵੇਖਕੇ ਮੈਂ ਪੁੱਛਿਆ ਤਾਂ ਪਤਾ ਲੱਗਾ ਕਿ ਪਿਛਲੇ ਸਾਲ ਹੀ ਕੁੜੀ ਦਾ ਵਿਆਹ ਹੋਇਆ ਹੈ | ਇਸ ਗੱਲ ਤੋਂ ਸਾਫ਼ ਹੋ ਜਾਂਦਾ ਸੀ ਕਿ ਉਹਨੂੰ ਉਲਟੀਆਂ ਦੀ ਬਿਮਾਰੀ ਵਿਆਹ ਤੋਂ ਪਹਿਲਾਂ ਦੀ ਹੀ ਸੀ |
ਮੈਂ ਕੁੜੀ ਨੂੰ ਹੋਈ ਬਿਮਾਰੀ ਬਾਰੇ ਉਹਦੇ ਤੋਂ ਕੁਝ ਅਲਾਮਤਾਂ ਪੁੱਛਣ ਲੱਗਾ ਤਾਂ ਉਹਨਾਂ ਨਾਲ ਆਇਆ ਇੱਕ ਵਿਅਕਤੀ ਬੋਲਿਆ," ਡਾਕਟਰ ਸਾਹਬ ਇਹ ਡਾਕਟਰੀ ਇਲਾਜ ਨਾਲ ਨਹੀਂ ਠੀਕ ਹੋਣੀ , ਇਹਨੂੰ ਤਾਂ ਓਪਰੀ ਕਸਰ ਹੈ ਤਾਂ ਹੀ ਤੁਹਾਡੇ ਕੋਲ ਲਿਆਇਆ ਹਾਂ | ਡਾਕਟਰੀ ਇਲਾਜ ਤਾਂ ਇਹਨਾਂ ਬਹੁਤ ਕਰਵਾ ਲਿਆ ਏ , ਕੋਈ ਫਰਕ ਨਹੀਂ ਪਿਆ | ਇਹਦੀ ਓਪਰੀ ਦਾ ਇਲਾਜ ਕਰੋ |"
ਮੈਂ ਕਿਹਾ ," ਫਿਰ ਵੀ ਬਿਮਾਰੀ ਦੀ ਜੜ੍ਹ ਤੱਕ ਪਹੁੰਚਣ ਵਾਸਤੇ ਪੁੱਛਗਿਛ ਤਾਂ ਕਰਨੀ ਪਊ !"
ਮੈਂ ਕਿਹਾ ," ਫਿਰ ਵੀ ਬਿਮਾਰੀ ਦੀ ਜੜ੍ਹ ਤੱਕ ਪਹੁੰਚਣ ਵਾਸਤੇ ਪੁੱਛਗਿਛ ਤਾਂ ਕਰਨੀ ਪਊ !"
"ਉਹ ਤੁਹਾਨੂੰ ਮੈਂ ਦੱਸ ਦਿੰਦਾ ਹਾਂ | ਇਹ ਮੇਰੀ ਬੇਟੀ ਹੈ |"
ਨਾਲ ਆਏ ਇੱਕ ਵਿਅਕਤੀ ਨੇ ਆਪਣੀ ਗੱਲ ਸ਼ੁਰੂ ਕੀਤੀ ," ਕੁਝ ਸਾਲ ਪਹਿਲਾਂ ਸਾਡੇ ਘਰ ਦੇ ਕੋਲ ਇੱਕ ਕੁੜੀ ਮਰ ਗਈ ਸੀ, ਜਿਸ ਦੀ ਆਤਮਾ ਇਹਦੇ ਵਿੱਚ ਆਕੇ ਬੋਲਣ ਲੱਗ ਪਈ | ਉਹਦੇ ਇਲਾਜ ਵਾਸਤੇ ਅਸੀਂ ਕਈ ਸਿਆਣਿਆਂ ਕੋਲ ਘੁੰਮੇ ਹਰ ਵਾਰ ਥੋੜੇ ਦਿਨ ਠੀਕ ਰਹਿਣ ਤੋਂ ਬਾਦ ਫਿਰ ਉਸ ਕੁੜੀ ਦੀ ਆਤਮਾ ਇਹਦੇ ਅੰਦਰ ਬੋਲਣ ਲੱਗ ਪੈਂਦੀ | ਜਿਹੜੇ ਵੀ ਸਿਆਣੇ ਕੋਲ ਜਾਂਦੇ ਸਾਂ , ਕੋਈ ਇਹਦੇ ਵਾਲ ਪੁੱਟਦਾ , ਕੋਈ ਚਿਮਟੇ ਮਾਰਦਾ, ਕੋਈ ਕਿਸੇ ਗਰਮ ਗਰਮ ਚੀਜ਼ ਨਾਲ ਸੇਕ ਦਿੰਦਾ ਤਾਂ ਇਹ ਕੁਝ ਦਿਨਾਂ ਲਈ ਠੀਕ ਰਹਿੰਦੀ | ਮੈਂ ਸਮਝ ਗਿਆ ਕਿ ਇਹ ਆਤਮਾ ਤਸੀਹੇ ਦੇਣ ਨਾਲ ਹੀ ਭੱਜਦੀ ਹੈ | ਇੱਕ ਦਿਨ ਜਦੋਂ ਦੁਬਾਰਾ ਕਸਰ ਹੋਈ ਤਾਂ ਮੈਂ ਘਰ ਚ ਸ਼ਰਾਬ ਪੀ ਰਿਹਾ ਸਾਂ | ਮੈਂ ਉੱਠਕੇ ਇਹਨੂੰ ਗੁੱਤ ਤੋਂ ਫੜ ਕੇ ਚੰਗੀ ਤਰ੍ਹਾਂ ਘੁਮਾਇਆ ਤੇ ਇਹ ਜਮੀਨ ਤੇ ਡਿੱਗ ਪਈ | ਘਰ ਚ ਕਾਫੀ ਦੇਰ ਸ਼ਾਂਤੀ ਰਹੀ , ਪਰ ਦੁਬਾਰਾ ਉਹੀ ਆਤਮਾ ਇਹਦੇ ਵਿੱਚ ਆਕੇ ਬੋਲਣ ਲੱਗੀ | ਹੁਣ ਮੇਰੀ ਸ਼ਰਾਬ ਦੀ ਬੋਤਲ ਖਾਲੀ ਹੋ ਚੁੱਕੀ ਸੀ | ਮੈਂ ਖਾਲੀ ਬੋਤਲ ਫੜੀ ਤੇ ਇਹਦੇ ਮੁੰਹ ਵਿੱਚ ਤੁੰਨ ਦਿੱਤੀ | ਉਸ ਦਿਨ ਤੋਂ ਬਾਦ ਆਤਮਾ ਤਾਂ ਨਹੀਂ ਆਈ , ਪਰ ਉਲਟੀਆਂ ਨੇ ਪਿੱਛਾ ਨਹੀਂ ਛੱਡਿਆ |"
- ਇਸ ਮਰੀਜ਼ ਦਾ ਇਲਾਜ ਮੈਂ ਕੀ ਕੀਤਾ ?
- ਇਹ ਕਦੋਂ ਤੱਕ ਠੀਕ ਹੋਏਗੀ ?
- ਹੋਏਗੀ ਵੀ ਜਾਂ ਨਹੀਂ ?
ਪਰ ਮੈਂ ਆਪਣੇ ਸਮਾਜ ਦੀ ਇੱਕ ਤਸਵੀਰ ਵਿਖਾਉਣ ਵਾਸਤੇ ਇਹ ਘਟਨਾ ਸਾਂਝੀ ਕਰ ਰਿਹਾ ਹਾਂ | ਸਾਡੇ ਲੋਕ ਇੱਕ ਬੀਮਾਰ ਬੱਚੀ ਦੀ ਮਾਨਸਿਕਤਾ ਸਮਝਣ ਨਾਲੋਂ ਬਾਂਦਰ ਵਾਂਗ ਨਕਲ ਕਰਨਾ ਜਿਆਦਾ ਚੰਗਾ ਸਮਝਦੇ ਹਨ |
#KamalDiKalam
No comments:
Post a Comment