ਪਾਈਆ ਬਰਫੀ ਦੋ ਕੱਪ ਚਾਹ \ ਇੰਦਰਜੀਤ ਕਮਲ - Inderjeet Kamal

Latest

Saturday 24 January 2015

ਪਾਈਆ ਬਰਫੀ ਦੋ ਕੱਪ ਚਾਹ \ ਇੰਦਰਜੀਤ ਕਮਲ

ਦਸਵੀਂ ਜਮਾਤ ਦਾ ਨਤੀਜਾ ਆਉਣ ਤੇ ਮੈਂ ਬੜਾ ਖੁਸ਼ ਸਾਂ , ਕਿਓਂਕਿ ਮੇਰੇ ਸਾਰਿਆਂ ਤੋਂ ਜਿਆਦਾ ਨੰਬਰ ਆਏ ਸਨ | ਜਦੋਂ ਬੋਰਡ ਵੱਲੋਂ ਸਾਡੇ ਪ੍ਰਮਾਣਪੱਤਰ ਆਏ ਤਾਂ ਅਸੀਂ ਲੈਣ ਲਈ ਆਪਣੇ ਕਲਰਕ ਕੋਲ ਚਲੇ ਗਏ | ਉਹ ਆਪਣੇ ਮਿਲਣ ਆਏ ਕਿਸੇ ਮਿੱਤਰ ਨਾਲ ਗੱਲਾਂਬਾਤਾਂ ਕਰ ਰਿਹਾ ਸੀ | ਸਾਨੂੰ ਵੇਖਦੇ ਹੀ ਕਲਰਕ ਦੇ ਮੁੰਹ ਤੇ ਰੌਣਕ ਆ ਗਈ | ਕਹਿੰਦਾ ," ਸਰਟੀਫਿਕੇਟ ਲੈਣ ਆਏ ਹੋ ?"
ਅਸੀਂ ਹਾਂ ਵਿੱਚ ਸਿਰ ਹਿਲਾਇਆ ਤਾਂ ਕਹਿੰਦਾ ," ਇੰਦਰਜੀਤ, ਤੇਰੇ ਤੋਂ ਤਾਂ ਪਾਰਟੀ ਲੈਣ ਤੋਂ ਬਿਨ੍ਹਾਂ ਸਰਟੀਫਿਕੇਟ ਨਹੀਂ ਦੇਣਾ , ਤੇਰੇ ਨੰਬਰ ਜੁ ਸਭ ਤੋਂ ਜਿਆਦਾ ਆਏ ਨੇ ! ਜਾਹ ਭੱਜ ਕੇ ਪਾਈਆ ਬਰਫੀ ਫੜ ਲਿਆ | " ਮੇਰੀਆਂ ਹਵਾਈਆਂ ਉੱਡ ਗਈਆਂ | ਮੇਰੀ ਹਾਲਤ ,' ਭੁੱਖ ਨੰਗ ਬੂਹੇ ਅੱਗੇ ਡਿਓੜੀ ' ਵਾਲੀ ਸੀ |ਜੇਬ੍ਹ ਨੇ 20-50 ਪੈਸਿਆਂ ਤੋਂ ਉੱਪਰ ਘੱਟ ਹੀ ਕਦੇ ਕਿਸੇ ਰਕਮ ਦੇ ਦਰਸ਼ਨ ਕੀਤੇ ਸਨ | ਕਲਰਕ ਨੂੰ ਮਜਬੂਰੀ ਦੱਸੀ , ਪਰ ਉਹ ਹੈ ਹੀ ਕੁੱਤੇ ਦੀ ਪੂਛ ਸੀ |
ਪ੍ਰਿੰਸਿਪਲ ਨੂੰ ਸ਼ਿਕਾਇਤ ਕਰਨ ਦੀ ਸੋਚੀ , ਪਰ ਉਹ ਵੀ ਨਹੀਂ ਸੀ | ਆਖਿਰ ਮੈਂ ਆਪਣੇ ਦੋਸਤਾਂ ਨਾਲ ਸਲਾਹ ਕੀਤੀ ਤੇ ਵਾਪਸ ਕਲਰਕ ਬਾਦਸ਼ਾਹ ਕੋਲ ਪਹੁੰਚ ਗਏ | ਮੈਂ ਪੁੱਛਿਆ ," ਬਾਊ ਜੀ , ਬਰਫੀ ਨਾਲ ਚਾਹ ਵੀ ਪੀਓਗੇ ?"
ਕਲਰਕ ਦੇ ਚਿਹਰੇ ਤੇ ਰੌਣਕ ਆ ਗਈ ਤੇ ਉਹਨੇ ਛੇਤੀ ਲੈਕੇ ਆਉਣ ਨੂੰ ਕਿਹਾ | ਅਸੀਂ ਸਕੂਲ ਦੇ ਸਾਹਮਣੇ ਵਾਲੀ ਹਲਵਾਈ ਦੀ ਦੁਕਾਨ ਤੇ ਗਏ ਤੇ ਉਹਨੂੰ ਕਿਹਾ ਕਿ ਕਲਰਕ ਬਾਊ ਨੇ ਪਾਈਆ ਬਰਫੀ ਤੇ ਦੋ ਕੱਪ ਚਾਹ ਮੰਗਵਾਈ ਹੈ | ਨਾਲ ਹੀ ਉਹਨੂੰ ਇਹ ਹਦਾਇਤ ਵੀ ਕਰ ਦਿਤੀ ਕਿ ਬਾਊ ਦਾ ਇੱਕ ਖਾਸ ਮਹਿਮਾਨ ਆਇਆ ਹੈ ਇਸ ਕਰਕੇ ਬਾਊ ਨੇ ਕਿਹਾ ਹੈ ਕਿ ਉਹਦੇ ਸਾਹਮਣੇ ਪੈਸੇ ਨਾ ਮੰਗਿਓ , ਛੁੱਟੀ ਤੋਂ ਬਾਦ ਜਾਣ ਲੱਗਿਆਂ ਉਹ ਆਪੇ ਦੇ ਜਾਣਗੇ |
ਅਸੀਂ ਵਾਪਸ ਆਕੇ ਬਾਊ ਨੂੰ ਦੱਸਿਆ ਬਰਫੀ ਤੇ ਚਾਹ ਆ ਰਹੀ ਹੈ | ਬਾਊ ਨੇ ਸਰਟੀਫਿਕੇਟ ਕਢਕੇ ਰਜਿਸਟਰ ਵਿੱਚ ਦਰਜ਼ ਕਰਨੇ ਸ਼ੁਰੂ ਕਰ ਦਿੱਤੇ | ਥੋੜੀ ਦੇਰ ਬਾਦ ਹਲਵਾਈ ਦਾ ਇੱਕ ਮੁਲਾਜਮ ਬਰਫੀ ਤੇ ਚਾਹ ਰੱਖ ਗਿਆ | ਬਾਊ ਨੇ ਸਾਨੂੰ ਸਰਟੀਫਿਕੇਟ ਦੇਣ ਤੋਂ ਪਹਿਲਾਂ ਪਲੇਟ ਵਿੱਚ ਦੋ ਟੁਕੜੇ ਬਰਫੀ ਛੱਡ ਕੇ ਬਾਕੀ ਇੱਕ ਲਿਫਾਫੇ ਵਿੱਚ ਪਾ ਲਈ | ਦੋਹਾਂ ਦੋਸਤਾਂ ਨੇ ਇੱਕ ਇੱਕ ਟੁਕੜਾ ਬਰਫੀ ਦਾ ਖਾਧਾ ਤੇ ਚਾਹ ਪੀਤੀ |
ਸਕੂਲ ਦੀ ਛੁੱਟੀ ਹੋਣ ਦਾ ਵਕਤ ਹੋ ਗਿਆ ਸੀ | ਅਸੀਂ ਕਲਰਕ ਤੇ ਹਲਵਾਈ ਦਾ ਨਾਟਕ ਵੇਖਣ ਲਈ ਇੱਕ ਥਾਂ ਲੁਕ ਕੇ ਖਲੋ ਗਏ | ਘਰ ਜਾ ਰਹੇ ਕਲਰਕ ਨੂੰ ਹਲਵਾਈ ਨੇ ਆਵਾਜ਼ ਮਾਰ ਲਈ | ਦੂਰ ਖੜ੍ਹੇ ਹੋਣ ਕਰਕੇ ਗੱਲ ਬਾਤ ਤਾਂ ਨਹੀਂ ਸੁਣ ਸਕੇ , ਪਰ ਜਦੋਂ ਕਲਰਕ ਨੇ ਆਪਣੀ ਜੇਬ੍ਹ ਚੋਂ ਬਰਫੀ ਵਾਲਾ ਲਫਾਫਾ ਕਢਕੇ ਹਲਵਾਈ ਨੂੰ ਫੜਾਇਆ ਤੇ ਉਹਨੇ ਬਰਫੀ ਤੋਲਕੇ ਕਲਰਕ ਤੋਂ ਬਾਕੀ ਪੈਸੇ ਲਏ ਤਾਂ ਕਲਰਕ ਦੇ ਚਿਹਰੇ ਦੇ ਹਾਵ ਭਾਵ ਬੜੇ ਮਜ਼ੇਦਾਰ ਸਨ |

No comments:

Post a Comment