ਇਵੇਂ ਵੀ ਹੁੰਦਾ ਹੈ \ ਇੰਦਰਜੀਤ ਕਮਲ - Inderjeet Kamal

Latest

Friday 23 January 2015

ਇਵੇਂ ਵੀ ਹੁੰਦਾ ਹੈ \ ਇੰਦਰਜੀਤ ਕਮਲ



                                      ਇੱਕ ਦਿਨ ਦੁਪਹਿਰ ਦੇ ਵਕਤ ਇੱਕ ਪਿੰਡ ਚੋਂ ,ਮੇਰੇ ਕੋਲ ਦੋ ਔਰਤਾਂ ਆਈਆਂ | ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਅਜੀਬ ਅਜੀਬ ਘਟਨਾਵਾਂ ਹੋ ਰਹੀਆਂ ਹਨ | ਉਹਨਾਂ ਬਿਸਤਰੇ ਤੇ ਵਿਛਾਉਣ ਵਾਲੀਆਂ ਦੋ ਚਾਦਰਾਂ ਵਿਖਾਈਆਂ , ਜੋ ਵਿਚਕਾਰੋਂ ਕਿਸੇ ਤਿੱਖੀ ਚੀਜ਼ ਨਾਲ ਕੱਟੀਆਂ ਹੋਈਆਂ ਸਨ | ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਬਹੁਤ ਨੁਕਸਾਨ ਹੋ ਚੁੱਕਾ ਹੈ | ਬਹੁਤ ਤਰ੍ਹਾਂ ਦੇ ਕੱਪੜੇ ਕੱਟੇ ਗਏ ਹਨ ਤੇ ਕਈ ਡੰਗਰ ਵੀ ਮਰ ਚੁੱਕੇ ਹਨ |
                                       ਆਉਣ ਵਾਲੀਆਂ ਔਰਤਾਂ ਨੂੰਹ ਸੱਸ ਸਨ | ਨੂੰਹ ਦਾ ਇੱਕ ਜੀਜਾ ਸਾਡੇ ਨਜਦੀਕ ਹੀ ਰਹਿੰਦਾ ਹੈ ਤੇ ਉਹਨੇ ਹੀ ਇਹਨਾਂ ਨੂੰ ਮੇਰੇ ਕੋਲ ਆਉਣ ਦੀ ਸਲਾਹ ਦਿੱਤੀ ਸੀ | ਮੇਰੇ ਕੋਲ ਆਉਣ ਤੋਂ ਪਹਿਲਾਂ ਵੀ ਉਹ ਇੱਕ ਬਾਬੇ ਕੋਲ ਰਕਮ ਪੂਜ ਕੇ ਆਈਆਂ ਸਨ | ਹੋਰ ਵੀ ਬਹੁਤ ਥਾਂ ਉਹ ਛਿੱਲ ਉਤਰਵਾ ਚੁੱਕੀਆਂ ਸਨ |
                                      ਨੂੰਹ ਦਾ ਜੀਜਾ ਸਰਕਾਰੀ ਮੁਲਾਜਿਮ ਹੋਣ ਕਰਕੇ ਅਸੀਂ ਉਹਦੇ ਨਾਲ ਐਤਵਾਰ ਨੂੰ ਉਹਨਾਂ ਦੇ ਪਿੰਡ ਪਹੁੰਚਣ ਦਾ ਵਾਦਾ ਕੀਤਾ | ਮੈਂ ਇਹਦੇ ਬਾਰੇ ਆਪਣੀ ਸੰਸਥਾ ਦੇ ਪ੍ਰਧਾਨ ਸ਼੍ਰੀ ਆਰ . ਪੀ . ਗਾਂਧੀ ਜੀ ਨੂੰ ਸੂਚਨਾ ਦਿੱਤੀ ਤਾਂ ਉਹ ਵੀ ਮੇਰੇ ਨਾਲ ਜਾਣ ਨੂੰ ਤਿਆਰ ਹੋ ਗਏ |
                                     ਐਤਵਾਰ ਦੇ ਦਿਨ ਅਸੀਂ ਮਿਥੇ ਵਕਤ ਅਨੁਸਾਰ ਉਹਨਾਂ ਦੇ ਪਿੰਡ ਪਹੁੰਚ ਗਏ | ਸਾਡੇ ਨਾਲ ਗਏ ਬੰਦੇ ਦਾ ਸਾਂਢੂ ਸਾਨੂੰ ਪਿੰਡ ਦੇ ਬਾਹਰਵਾਰ ਹੀ ਬੰਬੀ ਤੇ ਹੀ ਮਿਲ ਗਿਆ | ਜਾਂਦਿਆਂ ਹੀ ਉਹਦੀਆਂ ਗੱਲਾਂ ਤੋਂ ਸਮਝ ਆ ਗਈ ਕਿ ਉਹਨੂੰ ਸਾਡੇ ਆਉਣ ਦੀ ਖਬਰ ਸੀ | ਕਹਿੰਦਾ ," ਜਨਾਨੀਆਂ ਤਾਂ ਪਾਗਲ ਨੇ ਭਲਾ ਭੂਤ ਵੀ ਹੁੰਦੇ ਨੇ ! ਐਂਵੇ ਹੀ ਪੈਸੇ ਬਰਬਾਦ ਕਰੀ ਜਾਂਦੀਆਂ ਨੇ | ਆਖਿਰ ਅਸੀਂ ਕਾਮਰੇਡ ਹਾਂ ਸਾਡਾ ਇਹਨਾਂ ਗੱਲਾਂ ਵਿੱਚ ਕੋਈ ਵਿਸ਼ਵਾਸ ਨਹੀਂ ਹੈ |"
                                           ਉਹਦੀ ਗੱਲ ਸੁਣ ਕੇ ਸਾਨੂੰ ਸੰਤੁਸ਼ਟੀ ਜਿਹੀ ਹੋਈ ਕਿ ਬੰਦਾ ਕਾਮਰੇਡ ਹੈ ਤੇ ਵਹਿਮਾਂ ਭਰਮਾ ਤੋਂ ਮੁਕਤ ਹੈ , ਇਹ ਸਾਡੇ ਵਾਸਤੇ ਇੱਕ ਚੰਗੀ ਗੱਲ ਸੀ | ਅਸੀਂ ਉਹਦੇ ਨਾਲ ਉਹਨਾਂ ਦੇ ਘਰ ਪਹੁੰਚੇ | ਸਾਂਝਾ , ਵੱਡਾ ਤੇ ਸਰਮਾਏਦਾਰ ਪਰਿਵਾਰ ਸੀ | ਅਸੀਂ ਉਹਨਾਂ ਤੋਂ ਇੱਕ ਵੱਖਰੇ ਕਮਰੇ ਦੀ ਮੰਗ ਕੀਤੀ ਤਾਂ ਕਿ ਘਟਨਾ ਦੀ ਪੜਤਾਲ ਕਰ ਸਕੀਏ | ਵੱਡਾ ਘਰ ਹੋਣ ਕਰਕੇ ਸਾਨੂੰ ਕਮਰਾ ਆਸਾਨੀ ਨਾਲ ਮਿਲ ਗਿਆ |
                                           ਅਸੀਂ ਸਭ ਤੋਂ ਪਹਿਲਾਂ ਘਰ ਦੇ ਮੈਂਬਰਾਂ ਦੀ ਇੱਕ ਸੂਚੀ ਤਿਆਰ ਕੀਤੀ | ਸਾਰਿਆਂ ਤੋਂ ਪਹਿਲਾਂ ਘਰ ਦੀ ਬਜੁਰਗ ਔਰਤ ਨੂੰ ਉਸ ਕਮਰੇ ਵਿੱਚ ਬੁਲਾਇਆ ਤੇ ਉਹ ਕਾਮਰੇਡ ਵੀ ਨਾਲ ਹੀ ਆ ਗਿਆ | ਅਸੀਂ ਉਹਨੂੰ ਬਾਹਰ ਜਾਣ ਲਈ ਕਿਹਾ ਤਾਂ ਕਹਿੰਦਾ ," ਕੋਈ ਗੱਲ ਨਹੀਂ ਮੇਰੀ ਮਾਂ ਹੀ ਹੈ ,ਜੋ ਪੁੱਛਣਾ ਮੇਰੇ ਸਾਹਮਣੇ ਪੁੱਛ ਲਓ |" ਪਰ ਅਸੀਂ ਆਪਣੀ ਸੰਸਥਾ ਦਾ ਅਸੂਲ ਸਮਝਾ ਕੇ ਉਹਨੂੰ ਬਾਹਰ ਭੇਜ ਦਿਤਾ | ਘਰ ਦੇ ਸਾਰੇ ਬਾਲਗ ਮੈਂਬਰਾਂ ਨੂੰ ਅਸੀਂ ਵਾਰੀ ਵਾਰੀ ਬੁਲਾਉਂਦੇ ਰਹੇ ਪਰ ਕਿਸੇ ਦਾ ਵੀ ਕਸੂਰ ਨਜਰ ਨਹੀਂ ਸੀ ਆ ਰਿਹਾ | ਇਸ ਦੌਰਾਨ ਦਰਵਾਜ਼ੇ ਦੀਆਂ ਝੀਥਾਂ ਵਿੱਚੋਂ ਇਹ ਪਤਾ ਲਗਦਾ ਸੀ ਕਿ ਉਹ ਕਾਮਰੇਡ ਬਾਰ ਬਾਰ ਦਰਵਾਜ਼ੇ ਕੋਲ ਖੜਾ ਹੋਕੇ ਸਾਡੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕਰਦਾ ਸੀ | ਮੈਂ ਆਪਣੇ ਨਾਲ ਆਏ ਬਜੁਰਗ ਸਾਥੀ ਸ਼੍ਰੀ ਆਰ. ਪੀ. ਗਾਂਧੀ ਜੀ ਨੂੰ ਇਸ ਬਾਰੇ ਦੱਸਿਆ ਤੇ ਅਸੀਂ ਥੋੜੀ ਦੇਰ ਵਾਸਤੇ ਕਮਰੇ ਵਿੱਚ ਇੱਕਲੇ ਰਹਿ ਕੇ ਸਲਾਹ ਕੀਤੀ | ਸਾਨੂੰ ਅਹਿਸਾਸ ਹੋਇਆ ਕਿ ਉਸ ਕਾਮਰੇਡ ਨੂੰ ਪੜਤਾਲ ਚੋਂ ਬਾਹਰ ਰੱਖਣਾ ਸਾਡੀ ਗਲਤੀ ਸੀ |
                                       ਅਖੀਰ ਵਿੱਚ ਅਸੀਂ ਉਸ ਕਾਮਰੇਡ ਨੂੰ ਕਮਰੇ ਵਿੱਚ ਬੁਲਾਇਆ ਤੇ ਉਹਦੇ ਉੱਪਰ ਕੁਝ ਸਵਾਲ ਦਾਗ ਦਿੱਤੇ , ਜਿਸ ਤੋਂ ਇਹ ਪਤਾ ਲੱਗਾ ਕਿ ਉਹਦਾ ਵੱਡਾ ਭਰਾ ਵੀ ਕਾਮਰੇਡ ਹੋਣ ਦੇ ਨਾਲ ਨਾਲ ਪਿੰਡ ਦਾ ਸਰਪੰਚ ਵੀ ਹੈ , ਜਿਸ ਕਾਰਨ ਉਹਦਾ ਸਾਰਾ ਦਿਨ ਨੇਤਾਗਿਰੀ ਵਿੱਚ ਹੀ ਲੰਘਦਾ ਹੈ ਤੇ ਉਹ ਰਾਤ ਨੂੰ ਹੀ ਘਰ ਆਉਂਦਾ ਹੈ |ਜਮੀਨ ਜਾਇਦਾਦ ਚੰਗੀ ਹੈ | ਘਰ ਦਾ ਸਾਰਾ ਬੋਝ ਇਸ ਛੋਟੇ ਭਰਾ ਉੱਤੇ ਸੀ ਜੋ ਆਪਣੀ ਸ਼ਰਾਫਤ ਕਾਰਨ ਕਿਸੇ ਕੋਲ ਜ਼ਾਹਿਰ ਨਹੀਂ ਸੀ ਕਰਦਾ | ਜਿਸ ਕਾਰਨ ਉਹ ਮਾਨਸਿਕ ਦਬਾ ਹੇਠ ਆ ਕੇ ਇਹ ਸਾਰੀਆਂ ਹਰਕਤਾਂ ਕਰਨ ਲਗ ਪਿਆ | ਆਪਣੀ ਗੱਲ ਨੂੰ ਹੋਰ ਪੱਕਾ ਕਰਨ ਵਾਸਤੇ ਅਸੀਂ ਕਈ ਹੋਰ ਸਵਾਲ ਕਰ ਦਿਤੇ | ਸਵਾਲ ਕਰਦੇ ਕਰਦੇ ਮੈ ਇਹ ਪੁੱਛ ਲਿਆ ਕਿ ਉਹ ਆਪਣੇ ਭਰਾ ਤੋਂ ਅਲੱਗ ਹੋਣਾ ਚਾਹੁੰਦਾ ਹੈ ? ਉਹਦਾ ਜਵਾਬ ਹਾਂ ਨਾਂਹ ਦੀ ਥਾਂ ਸੀ , " ਲੋਕ ਕੀ ਕਹਿਣਗੇ ?"
                                        ਬੱਸ ਹੁਣ ਅਸੀਂ ਟਿਕਾਣੇ ਤੇ ਪਹੁੰਚ ਚੁੱਕੇ ਸਾਂ | ਅਸੀਂ ਉਹਨੂੰ ਕਈ ਤਰੀਕਿਆਂ ਨਾਲ ਸਮਝਾਇਆ ਤੇ ਉਹਨੇ ਸਾਡਾ ਹਰ ਤਰ੍ਹਾਂ ਨਾਲ ਸਾਥ ਦੇਣ ਦਾ ਵਾਦਾ ਕੀਤਾ | ਮੈਂ ਉਹਨੂੰ ਸੰਮੋਹਕ ਨੀਂਦ ਵਿੱਚ ਲਿਜਾ ਕੇ ਕੁਝ ਜਰੂਰੀ ਆਦੇਸ਼ ਦਿੱਤੇ ਅਤੇ ਨੀਂਦ ਤੋਂ ਜਗਾਕੇ , ਕਿਸੇ ਦਿਨ ਆਪਣੇ ਭਰਾ ਨਾਲ ਸਾਡੀ ਮੁਲਾਕਾਤ ਕਰਵਾਉਣ ਦੀ ਸਲਾਹ ਦਿੱਤੀ | ਉਹਦੇ ਨਾਲ ਅਸੀਂ ਵਾਦਾ ਕੀਤਾ ਕਿ ਉਹਦੀ ਇਸ ਹਰਕਤ ਬਾਰੇ ਕਿਸੇ ਨੂੰ ਨਹੀਂ ਦੱਸਾਂਗੇ | ਫਿਰ ਅਸੀਂ ਉਹਨੂੰ ਘਰਦੇ ਸਾਰੇ ਮੈਂਬਰਾਂ ਨੂੰ ਇੱਕਠੇ ਕਰਨ ਲਈ ਕਿਹਾ | ਉਹ ਮੈਂਬਰ ਇੱਕਠੇ ਕਰਨ ਦੀ ਥਾਂ ਸਲਾਦ ਦੀ ਪ੍ਲੇਟ ਲੈਕੇ ਆ ਗਿਆ ਤੇ ਅਲਮਾਰੀ ਵਿੱਚੋਂ ਇੱਕ ਸ਼ਰਾਬ ਦੀ ਬੋਤਲ ਕਢ ਲਈ | ਬੋਤਲ ਵੇਖਕੇ ਮੇਰੇ ਬਜੁਰਗ ਸਾਥੀ ਦਾ ਭਾਸ਼ਣ ਸ਼ੁਰੂ ਹੋ ਗਿਆ ਤੇ ਕਾਮਰੇਡ ਨੇ ਝੱਟ ਬੋਤਲ ਵਾਪਸ ਰੱਖ ਕੇ ਘਰ ਦੇ ਮੈਂਬਰ ਬੁਲਾ ਲਏ | ਸ਼੍ਰੀ ਆਰ. ਪੀ. ਗਾਂਧੀ ਜੀ ਨੇ ਘਰ ਦੇ ਮੈਂਬਰਾਂ ਨੂੰ ਇੱਕ ਵਿਗਿਆਨਕ ਸੋਚ ਬਾਰੇ ਭਾਸ਼ਣ ਦਿਤਾ ਤੇ ਇਹ ਵੀ ਕਿਹਾ ਕਿ ਉਹ ਆਪਣੇ ਘਰ ਦੀਆਂ ਕੈਂਚੀਆਂ ਵਗੈਰਾ ਸੰਭਾਲ ਕੇ ਰੱਖਿਆ ਕਰਨ | ਅੱਜ ਕਈ ਸਾਲ ਬੀਤ ਗਏ ਹਨ ਸਭ ਕੁਝ ਠੀਕਠਾਕ ਹੈ |

No comments:

Post a Comment