ਨੂੰਹ ਦਾ ਭੂਤ \ ਇੰਦਰਜੀਤ ਕਮਲ - Inderjeet Kamal

Latest

Friday, 12 September 2014

ਨੂੰਹ ਦਾ ਭੂਤ \ ਇੰਦਰਜੀਤ ਕਮਲ

ਮੇਰੇ ਕੋਲ ਇੱਕ ਕੇਸ ਆਇਆ ਕਹਿੰਦੇ ਸਾਡੀ ਨੂੰਹ ਵਿਚ ਭੂਤ ਆਗਿਆ
ਮੈਂ ਉਹਨਾਂ ਦੇ ਘਰ ਗਿਆ ਤੇ ਇੱਕ ਖਾਲੀ ਕਮਰੇ ਦਾ ਇੰਤਜ਼ਾਮ ਕਰਵਾ ਕੇ ਘਰ ਦੇ ਸਾਰੇ ਜੀਆਂ ਨੂੰ ਵਾਰੀ ਵਾਰੀ ਅੰਦਰ ਬੁਲਾ ਕੇ ਸਵਾਲ ਕੀਤੇ ਜਦੋਂ ਨੂੰਹ ਦੀ ਵਾਰੀ ਆਈ ਤਾਂ ਉਹ ਉੱਸਲਵੱਟੇ ਜਿਹੇ ਲੈਕੇ ਤਰਾਂ ਤਰਾਂ ਦੀਆਂ ਆਵਾਜ਼ਾਂ ਕੱਢਣ ਲੱਗੀ ਤਾਂ ਮੈਂ ਉਹਨੂੰ ਵਾਲਾਂ ਤੋਂ ਫੜ ਕੇ ਕਿਹਾ ਕਿ ਮੇਰੇ ਕੋਲ ਡਰਾਮੇ ਕਰਨ ਦੀ ਲੋੜ ਨਹੀਂ ਹੈ ਜੇ ਮੈਂ ਇੱਕ ਵੀ ਥੱਪੜ ਮਾਰਿਆ ਤਾਂ ਤੂੰ ਬੇਹ੍ਸ਼ ਹੋ ਜਾਏਂਗੀ ਇਹੋ ਜਿਹੇ ਡਰਾਮੇ ਮੈਂ ਨਿੱਤ ਵੇਖਦਾ ਹਾਂ
ਮੇਰੀ ਇੰਨੀ ਧਮਕੀ ਨਾਲ ਹੀ ਉਹ ਹਰਕਤਾਂ ਕਰਨੀਆਂ ਬੰਦ ਕਰਕੇ ਰੋਣ ਲਗ ਪਈ
ਮੈਂ ਕਿਹਾ ਚਿੰਤਾ ਨਾ ਕਰ ਮੈਂ ਵੀ ਧੀਆਂ ਭੈਣਾ ਵਾਲਾ ਹਾਂ ਉਂਝ ਵੀ ਤੇਰਾ ਦੁਸ਼ਮਣ ਨਹੀਂ ਹਾਂ
ਮੈਂ ਤੇਰਾ ਮਸਲਾ ਹੱਲ ਕਰਨ ਆਇਆ ਹਾਂ ਤੂੰ ਆਪਣੀ ਉਹ ਮੁਸ਼ਕਿਲ ਦੱਸ ਜਿਹਦੇ ਕਾਰਨ ਤੈਨੂੰ ਇਹ ਡਰਾਮੇ ਕਰਨੇ ਪੈ ਰਹੇ ਹਨ
ਉਹਨੇ ਦੱਸਿਆ ਕਿ ਉਹਦੇ ਵਿਆਹ ਨੂੰ ਚਾਰ ਸਾਲ ਹੋ ਗਏ ਹਨ ਮੇਰੀ ਸੱਸ ਨੇ ਮੈਨੂੰ ਕਦੀ ਨਵਾਂ ਸੂਟ ਨਹੀ ਸਵਾਉਣ ਦਿੱਤਾ ਤੇ ਉਂਝ ਵੀ ਰੋਜ਼ ਮੇਰੇ ਮਾਪਿਆਂ ਨੂੰ ਬੁਰਾ ਭਲਾ ਬੋਲਦੀ ਰਹਿੰਦੀ ਹੈ ਮੈਨੂੰ ਆਪਣੇ ਪੇਕੇ ਵੀ ਨਹੀਂ ਜਾਣ ਦਿੰਦੀ
ਮੈਂ ਕਿਹਾ ਬੱਸ ਇਹ ਤਾਂ ਮਸਲਾ ਹੀ ਕੋਈ ਨਹੀਂ ਹੈ ਤੇਰਾ ਮਸਲਾ ਹੁਣੇ ਹੀ ਹੱਲ ਹੋ ਜਾਵੇਗਾ ਪਰ ਤੂੰ ਵਾਦਾ ਕਰ ਕਿ ਅੱਜ ਤੋਂ ਇਹ ਹਰਕਤਾਂ ਨਹੀਂ ਕਰੇਂਗੀ
ਉਹਦੇ ਤੋਂ ਵਾਦਾ ਲੈ ਕੇ ਮੈ ਬਾਹਰ ਆਕੇ ਸਾਰੇ ਟੱਬਰ ਨੂੰ ਇੱਕਠਾ ਕੀਤਾ ਤੇ ਆਪਣਾ ਡਰਾਮਾ ਸ਼ੁਰੂ ਕੀਤਾ
ਮੈਂ ਕਿਹਾ ਇਹਦੇ ਅੰਦਰ ਤਾਂ ਬਹੁਤ ਭਾਰੀ ਜਿੰਨ ਹੈ ਪਰ ਉਹ ਕਹਿੰਦਾ ਹੈ ਕਿ ਅਗਰ ਉਹਨੂੰ ਜ਼ਬਰਦਸਤੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਹਦੀ ਸੱਸ ਵਿਚ ਵੜ ਜਾਏਗਾ | #KamalDiKalam
ਇੰਨਾ ਸੁਣਦੇ ਹੀ ਉਹਦੀ ਸੱਸ ਤ੍ਰਬਕ ਕੇ ਬੋਲੀ ਨਾ ਜੀ ਇਹ ਕੰਮ ਨਾ ਕਰਿਓ
ਮੈਂ ਫਿਰ ਕਿਹਾ ਇੱਕ ਰਸਤਾ ਹੋਰ ਹੈ
ਸੱਸ ਕਹਿੰਦੀ ਉਹ ਕ਼ੀ ?
ਮੈਂ ਕਿਹਾ ਜਿੰਨ ਦੀਆਂ ਕੁਝ ਸ਼ਰਤਾਂ ਮੰਨੋ
ਸੱਸ ਕਹਿੰਦੀ ਦੱਸੋ ਜਰੂਰ ਮੰਨਾਗੇ
ਮੈਂ ਕਿਹਾ ਜਿੰਨ ਦੀ ਪਸੰਦ ਦੇ ਪੰਜ ਨਵੇਂ ਸੂਟ ਚਾਹੀਦੇ ਨੇ
ਸੱਸ ਕਹਿੰਦੀ ਇਹ ਕਿਹੜੀ ਗੱਲ ਹੈ ਆਹ ਕੋਲ ਹੀ ਬਜਾਰ ਹੈਗਾ ਏ ਮੈਂ ਹੁਣੇ ਲਿਆ ਦਿੰਦੀ ਹਾਂ
ਮੈਂ ਕਿਹਾ ਸੂਟ ਪਸੰਦ ਤੁਹਾਡੀ ਨੂੰਹ ਕਰੇਗੀ
ਸੱਸ ਬੋਲੀ ਜੰਮ ਜੰਮ ਕਰੇ ਮੈਂ ਇਹਨੂੰ ਨਾਲ ਲੈਜੁੰ
ਇੱਕ ਸ਼ਰਤ ਮੈਂ ਹੋਰ ਦੱਸੀ ਕਿ ਇਹਦੇ ਵਿਚੋਂ ਜਿੰਨ ਨਿਕਲਣ ਤੋਂ ਬਾਦ ਤੁਹਾਡੇ ਘਰ ਦਾ ਕੋਈ ਵੀ ਜੀਅ ਘੱਟੋ ਘੱਟ 40 ਦਿਨ ਇਹਦੇ ਮੱਥੇ ਨਹੀਂ ਲੱਗਣਾ ਚਹੀਦਾ
ਇੰਨਾ ਸੁਣ ਕੇ ਉਹਦਾ ਸਹੁਰਾ ਬੋਲ ਪਿਆ
ਕਹਿੰਦਾ ਨੂੰਹ ਧੀ ਦਾ ਮਸਲਾ ਏ ਜੀ ਕਿੱਥੇ ਭੇਜੀਏ
ਮੈਂ ਕਿਹਾ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਇਹ ਤੁਸੀਂ ਘਰ ਚ ਸਲਾਹ ਕਰਕੇ ਫੈਸਲਾ ਕਰੋ
ਇਹ ਸੁਣਕੇ ਉਹਦੀ ਸੱਸ ਝੱਟ ਬੋਲ ਪਈ ਇਹਨੂੰ ਪੇਕੇ ਨਾ ਭੇਜ ਦਿਏ ?
ਮੈਂ ਕਿਹਾ ਇਹ ਤੁਹਾਡੀ ਮਰਜ਼ੀ ਹੈ
ਇੱਕ ਆਖਰੀ ਸ਼ਰਤ ਹੋਰ ਹੈ ਕਿ ਤੁਸੀਂ ਆਪਣੀ ਨੂੰਹ ਨੂੰ ਕੁਝ ਬੁਰਾ ਭਲਾ ਨਹੀਂ ਬੋਲੋਗੇ
ਸੱਸ ਕਹਿੰਦੀ ਮੇਰੀ ਜ਼ੁਬਾਨ ਸੜਜੇ ਜੇ ਮੈਂ ਕੁਝ ਬੋਲਾਂ
ਸਾਰਾ ਮਸਲਾ ਹੱਲ ਹੋਣ ਤੋਂ ਬਾਦ ਉਹ ਕਹਿੰਦੇ ਤੁਹਾਡਾ ਖਰਚਾ ਕੀ ਹੈ ?
ਮੈਂ ਕਿਹਾ ਖਰਚਾ ਤਾਂ ਸਾਡਾ ਕੋਈ ਨਹੀਂ ਹੁੰਦਾ ਪਰ ਜਿੰਨ ਭਾਰੂ ਹੋਣ ਕਰਕੇ ਇੱਕ ਹਜ਼ਾਰ ਰੁਪਈਏ ਦੇ ਦਿਓ
ਰਕਮ ਲੈਕੇ ਮੈਂ ਜਿੰਨ ਦੇ ਬਹਾਨੇ ਉਹਨਾ ਦੀ ਨੂੰਹ ਨੂੰ ਅੰਦਰ ਲਿਜਾ ਕੇ ਉਹ ਇੱਕ ਹਜ਼ਾਰ ਰੁਪਈਏ ਦੇ ਦਿੱਤੇ ਤਾਂ ਕਿ ਖਰਚੇ ਪਾਣੀ ਦੀ ਤੰਗੀ ਨਾ ਹੋਵੇ ਤੇ ਚੰਗੀ ਤਰਾਂ ਸਮਝਾ ਵੀ ਦਿੱਤਾ
ਅੱਜ ਬਾਰਾਂ ਸਾਲ ਹੋ ਗਏ ਨੇ ਦੁਬਾਰਾ ਉਸ ਘਰ ਚ ਭੂਤ ਨਹੀਂ ਆਇਆ | 17-12-12-

1 comment: