ਆਪਣੀ ਆਪਣੀ ਖੁਰਾਕ \ਖੁਰਕ - ਇੰਦਰਜੀਤ ਕਮਲ - Inderjeet Kamal

Latest

Friday, 23 November 2018

ਆਪਣੀ ਆਪਣੀ ਖੁਰਾਕ \ਖੁਰਕ - ਇੰਦਰਜੀਤ ਕਮਲ


ਮੇਰਾ ਇੱਕ ਦੋਸਤ ਇੱਕ ਅੰਤਰਰਾਸ਼ਟਰੀ ਕੰਪਨੀ ਦਾ ਮਾਲ ਵੇਚਦਾ ਹੈ ਅਤੇ ਸ਼ਰਾਬ ਦਾ ਬੜਾ ਵੱਜਰੀ ਹੈ ! ਇੱਕ ਦਿਨ ਕੰਪਨੀ ਨੇ ਇੱਕ ਨਵੇਂ ਉਤਪਾਦ ਦੇ ਗੁਣਗਾਨ ਕਰਨ ਲਈ ਇੱਕ ਹੋਟਲ ਵਿੱਚ ਦੁਪਹਿਰ ਦੀ ਮਿਲਣੀ ਰੱਖੀ ਅਤੇ ਉਸ ਦੋਸਤ ਨੇ ਮੈਨੂੰ ਨਾਲ ਜਾਣ ਲਈ ਮਜਬੂਰ ਕੀਤਾ ! ਮੇਰੇ ਕੋਲ ਵੀ ਵਕਤ ਹੈ ਸੀ ਤੇ ਸੋਚਿਆ ਚੱਲੋ ਕੋਈ ਨਵੀ ਜਾਣਕਾਰੀ ਹੀ ਮਿਲੇਗੀ ! ਵਾਕਿਆ ਹੀ ਕਈ ਬੜੇ ਵਧੀਆ ਬੰਦਿਆਂ ਅਤੇ ਨਵੀਂ ਤਕਨੀਕੀ ਜਾਣਕਾਰੀ ਨਾਲ ਵਾਹ ਪਿਆ ! #KamalDiKalam 
ਮਿਲਣੀ ਤੋਂ ਬਾਅਦ ਉਹਨਾਂ ਖਾਣੇ ਵਾਸਤੇ ਹਾਲ ਵਿੱਚ ਬੁਲਾ ਲਿਆ | ਹਾਲ 'ਚ ਵੜਦਿਆਂ ਹੀ ਸਾਹਮਣੇ ਇੱਕ ਮੇਜ਼ ਉੱਪਰ ਵੱਡੇ ਵੱਡੇ ਗਲਾਸਾਂ ਵਿੱਚ ਥੋੜੀ ਥੋੜੀ ਸ਼ਰਾਬ ਪਾਕੇ ਰੱਖੀ ਹੋਈ ਸੀ ਅਤੇ ਕੋਲ ਹੀ ਖਾਰਾ ਸੋਢਾ, ਪਾਣੀ ਅਤੇ ਨਿਕਸੁਕ ਪਿਆ ਸੀ ! ਦੋਸਤ ਵੀ ਹੋਰ ਲੋਕਾਂ ਵਾਂਗ ਸਿੱਧਾ ਉਸ ਮੇਜ਼ ਕੋਲ ਪਹੁੰਚਿਆ ! ਉਹਨੇ ਸ਼ਰਾਬ ਦੇ ਦੋ ਗਲਾਸ ਫੜਕੇ ਇੱਕ ਤੀਜੇ ਗਲਾਸ ਵਿੱਚ ਪਲਟ ਲਏ ਤੇ ਫਿਰ ਦੋ ਗਲਾਸ ਹੋਰ ਉਸੇ ਗਲਾਸ ਵਿੱਚ ਪਲਟਕੇ ਵਿੱਚ ਖਾਰਾ ਪਾਇਆ ਅਤੇ ਇੱਕੋ ਝੀਕ ਵਿੱਚ ਖਿੱਚ ਗਿਆ | ਬਾਕੀ ਲੋਕਾਂ ਨੇ ਆਪਣੀ ਮਰਜ਼ੀ ਨਾਲ ਖਾਰਾ ਜਾਂ ਪਾਣੀ ਪਾਕੇ ਇੱਕ ਇੱਕ ਗਲਾਸ ਚੁੱਕਿਆ ਪਾਸੇ ਹੋਕੇ ਚੁਸਕੀਆਂ ਲੈਣ ਲੱਗੇ ! ਸਾਰੇ ਲੋਕ ਵਿਹਲੇ ਖੜ੍ਹੇ ਉਸ ਦੋਸਤ ਵੱਲ ਬੜੀ ਹੈਰਾਨੀ ਨਾਲ ਵੇਖ ਰਹੇ ਸਨ ! ਥੋੜਾ ਮੂੰਹ ਸਲੂਣਾ ਕਰਨ ਤੋਂ ਬਾਅਦ ਉਹਨੇ ਫਿਰ ਇਵੇਂ ਹੀ ਕੀਤਾ ਅਤੇ ਪੰਜ ਗਲਾਸਾਂ ਦੀ ਸ਼ਰਾਬ ਇੱਕ ਗਲਾਸ ਵਿੱਚ ਪਾਕੇ ਗਟਕ ਗਿਆ | ਇਹ ਸਿਲਸਿਲਾ ਚਾਰ ਵਾਰ ਚੱਲਿਆ ਤੇ ਫਿਰ ਕਹਿੰਦਾ ਆਓ ਰੋਟੀ ਖਾਈਏ !
ਬਾਅਦ 'ਚ ਮੈਂ ਕਿਹਾ ," ਯਾਰ , ਸਾਰੇ ਬੜਾ ਅਜੀਬ ਜਿਹਾ ਵੇਖ ਰਹੇ ਸਨ ਤੂੰ ਤਾਂ ਹੱਦ ਹੀ ਕਰ ਦਿੱਤੀ !"
ਕਹਿੰਦਾ ," ਸਭ ਦੀ ਖੁਰਾਕ ਆਪਣੀ ਆਪਣੀ ਹੈ , ਰੋਟੀ ਵੇਲੇ ਵੀ ਤਾਂ ਕਈਆਂ ਨੇ ਚੌਲਾਂ ਦੀਆਂ ਪਲੇਟਾਂ ਉੱਤੋਂ ਤੱਕ ਭਰੀਆਂ ਸਨ , ਮੈਂ ਤਾਂ ਕਿਸੇ ਨੂੰ ਅਜੀਬ ਤਰੀਕੇ ਨਾਲ ਨਹੀਂ ਵੇਖਿਆ !"

No comments:

Post a Comment