ਪਿਛਲੇ ਮਹੀਨੇ ਇੱਕ ਗਵਾਂਢੀ ਜ਼ਿਲ੍ਹੇ ਤੋਂ ਫੋਨ ਆਇਆ ਕਿ ਇੱਕ ਨੌਜਵਾਨ ਨੂੰ ਸੱਪ ਨੇ ਡੱਸ ਲਿਆ ਹੈ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ ! ਮੈਂ ਉਹਨਾਂ ਨੂੰ ਸਲਾਹ ਦਿੱਤੀ ਕਿ ਅਗਰ ਹਸਪਤਾਲ ਵਿੱਚ ਦਾਖਲ ਹੈ ਅਤੇ ਉਹਦਾ ਇਲਾਜ ਚੱਲ ਰਿਹਾ ਹੈ ਤਾਂ ਚੱਲਣ ਦਿਓ ! ਉਹਨਾਂ ਦੱਸਿਆ ਕਿ ਉਹ ਹੋਸ਼ ਵਿੱਚ ਤਾਂ ਆ ਗਿਆ ਹੈ , ਬੋਲਦਾ ਨਹੀਂ ਹੈ !
ਮੈਂ ਇਲਾਜ ਕਰ ਰਹੇ ਡਾਕਟਰ ਦੀ ਸਲਾਹ ਜਾਣਨੀ ਚਾਹੀ ਤਾਂ ਉਹਨਾਂ ਦੱਸਿਆ ਕਿ ਉਹ ਕੁਝ ਦਿਨ ਹੋਰ ਦਾਖਲ ਰੱਖਣ ਲਈ ਕਹਿੰਦਾ ਹੈ ! #KamalDiKalam
ਕੁਝ ਦਿਨ ਬਾਅਦ ਫਿਰ ਫੋਨ ਆਇਆ ਕਿ ਉਹਨਾਂ ਹਸਪਤਾਲ ਤੋਂ ਛੁੱਟੀ ਲੈ ਲਈ ਹੈ , ਮਰੀਜ਼ ਖਾ ਪੀ ਤਾਂ ਰਿਹਾ ਹੈ, ਪਰ ਹਾਲੇ ਵੀ ਬੋਲਣ ਨਹੀਂ ਲੱਗਾ ! ਹੁਣ ਮੈਂ ਉਹਨਾਂ ਨੂੰ ਮਰੀਜ਼ ਲੈਕੇ ਆਉਣ ਲਈ ਕਿਹਾ , ਪਰ ਫਿਰ ਕੁਝ ਦਿਨ ਕੋਈ ਉੱਘਸੁੱਘ ਨਾ ਨਿਕਲੀ |
ਪਿਛਲੇ ਹਫਤੇ ਅਚਾਨਕ ਫੋਨ ਆ ਗਿਆ ਕਿ ਉਹ ਮਰੀਜ਼ ਨੂੰ ਲੈਕੇ ਆ ਰਹੇ ਹਨ ! ਸ਼ਾਮ ਨੂੰ ਇੱਕ ਕਾਰ ਵਿੱਚੋਂ ਦੋ ਬੰਦਿਆਂ ਨੇ ਇੱਕ ਹੱਟੇ ਕੱਟੇ ਨੌਜਵਾਨ ਨੂੰ ਉਹਦੀਆਂ ਬਾਹਾਂ ਤੋਂ ਫੜਕੇ ਬਾਹਰ ਕੱਢਿਆ ਅਤੇ ਆਸਰਾ ਦੇਕੇ ਕਲੀਨਿਕ ਦੀਆਂ ਪੌੜੀਆਂ ਚੜ੍ਹਾਕੇ ਲੈ ਆਏ ! 
ਉਹਨਾਂ ਦੱਸਿਆ ਕਿ ਇਹ ਨੌਂਜਵਾਨ ਇੱਕ ਹਸਪਤਾਲ ਦੀ ਲੈਬ ਦਾ ਮੁਖੀਆ ਹੈ ਅਤੇ ਇਹਨੂੰ ਸੱਪ ਨੇ ਡੱਸਿਆ ਹੈ । ਮੈਂ ਪੁੱਛਿਆ ਕਿ ਸੱਪ ਨੇ ਕਦੋਂ ਅਤੇ ਕਿੱਥੇ ਡੱਸਿਆ ਸੀ ਤਾਂ ਜਵਾਬ ਮਿਲਿਆ ,' ਇਹ ਤਾਂ ਪਤਾ ਨਹੀਂ ! ਬੱਸ ਇਹ ਖੜ੍ਹਾ ਖੜ੍ਹਾ ਬੇਹੋਸ਼ ਹੋ ਗਿਆ ਸੀ ਅਤੇ ਹਸਪਤਾਲ 'ਚ ਦਾਖਲ ਕਰਵਾਉਣ ਤੋਂ ਬਾਅਦ ਡਾਕਟਰ ਨੇ ਟੈਸਟ ਕਰਕੇ ਦੱਸਿਆ ਕਿ ਇਹਨੂੰ ਸੱਪ ਨੇ ਡੱਸਿਆ ਹੈ ! ਮੈਂ ਹਸਪਤਾਲ ਦੇ ਕਾਗਜ਼ ਪੱਤਰ ਮੰਗੇ ਤਾਂ ਉਹਨਾਂ ਦੱਸਿਆ ਕਿ ਹਸਪਤਾਲ ਵਾਲਿਆਂ ਦਿੱਤੇ ਨਹੀਂ ! 
ਪਿਛਲੇ ਦਿਨਾਂ ਵਿੱਚ ਉਹ ਮੁੱਲਾਂ ਮੌਲਵੀਆਂ,ਤਾਂਤਰਿਕਾਂ ਓਝਿਆਂ ਕੋਲ ਘੁੰਮਦੇ ਰਹੇ । ਉਹਦਾ ਆਪਣਾ ਮਾਮਾ ਵੀ ਸਿਆਣਪ ਦਾ ਕੰਮ ਕਰਦਾ ਹੈ , ਉਹਨੇ ਵੀ ਆਪਣੇ ਮੰਤਰ ਛੰਤਰ ਚਲਾਕੇ ਵੇਖ ਲਏ ਸਨ , ਪਰ ਸਭ ਵਿਅਰਥ ।
ਖੈਰ ! ਮੈਂ ਮਰੀਜ਼ ਨੂੰ ਦੋ ਚਾਰ ਸਵਾਲ ਕੀਤੇ ਤਾਂ ਉਹਨੇ ਕਾਗਜ਼ ਪੈੱਨ ਮੰਗਣ ਦਾ ਇਸ਼ਾਰਾ ਕੀਤਾ | ਉਹਨੇ ਕਾਗਜ਼ ਉੱਪਰ ਲਿਖਿਆ ਕਿ ਉਹਦੀ ਜ਼ੁਬਾਨ ਕੰਮ ਨਹੀਂ ਕਰਦੀ ! ਦਿੱਸਣਾ ਅਤੇ ਸੁਣਨਾ ਵੀ ਘਟ ਗਿਆ ਹੈ ! ਮੈਂ ਉਹਨੂੰ ਮੂੰਹ ਖੋਲ੍ਹਣ ਲਈ ਕਿਹਾ ਤਾਂ ਉਹਨੇ ਬਿਲਕੁਲ ਥੋੜਾ ਜਿਹਾ ਮੂੰਹ ਖੋਲ੍ਹਿਆ ! ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਾ ਤਾਂ ਮੈਂ #ਸਾਰਿਆਂ_ਨੂੰ_ਬਾਹਰ_ਜਾਣ_ਲਈ_ਕਿਹਾ | ਜਦੋਂ ਉਹ ਇਕੱਲਾ ਰਹਿ ਗਿਆ ਤਾਂ ਮੈਂ ਉਹਨੂੰ ਡਰਾਉਣ ਲਈ ਕਿਹਾ ," ਮੂੰਹ ਘੱਟ ਖੁੱਲ੍ਹਣ ਦਾ ਮਤਲਬ ਹੈ ਜਾਂ ਤੈਨੂੰ ਕੈਂਸਰ ਹੋ ਗਿਆ ਹੈ ਜਾਂ ਟੈਟਨਸ !" ਪਰ ਉਹਦੇ ਚਿਹਰੇ ਦਾ ਕੋਈ ਹਾਵਭਾਵ ਨਾ ਬਦਲਿਆ !
ਮੈਂ ਉਹਨੂੰ , ਪਾਪਾ , ਬਾਬਾ ਜਾਂ ਮਾਮਾ ਬੋਲਣ ਲਈ ਕਿਹਾ ,ਪਰ ਉਹਨੇ ਕੋਈ ਹਰਕਤ ਨਾ ਕੀਤੀ ! ਮੈਂ ਉਹਨੂੰ ਦੱਸਿਆ ਕਿ ਉਪਰੋਕਤ ਸ਼ਬਦ ਬੋਲਣ ਲਈ ਜ਼ੁਬਾਨ ਦੀ ਨਹੀਂ ਬਲਕਿ ਬੁੱਲ੍ਹਾਂ ਦੀ ਲੋੜ ਪੈਂਦੀ ਹੈ , ਅਗਰ ਉਹਦੀ ਜ਼ੁਬਾਨ ਨਹੀਂ ਵੀ ਕੰਮ ਕਰਦੀ ਪਰ ਬੁੱਲ੍ਹਾਂ ਨਾਲ ਬੋਲਣ ਵਾਲੇ ਸ਼ਬਦ ਤਾਂ ਬੋਲ ਹੀ ਸਕਦਾ ਹੈ ,ਉਹ ਫਿਰ ਵੀ ਚੁੱਪ ਹੀ ਰਿਹਾ !
ਮੈਂ ਉਹਨੂੰ ਇੱਕ ਛੋਟਾ ਜਿਹਾ ਭਾਸ਼ਣ ਝਾੜਣ ਤੋਂ ਬਾਅਦ ਕਿਹਾ ਕਿ ਅਗਰ ਉਹਦਾ ਕੋਈ ਮਸਲਾ ਅਟਕਿਆ ਹੈ ਤਾਂ ਉਹ ਮੇਰੇ ਨਾਲ ਸਾਂਝਾ ਕਰ ਸਕਦਾ ਹੈ , ਨਾਲ ਹੀ ਵਾਅਦਾ ਕੀਤਾ ਕਿ ਮਸਲਾ ਜਿਵੇਂ ਦਾ ਮਰਜ਼ੀ ਹੋਵੇ ਕਿਸੇ ਨੂੰ ਵੀ ਪਤਾ ਲੱਗਣ ਤੋਂ ਬਿਨ੍ਹਾਂ ਹੀ ਹੱਲ ਕਰਵਾ ਦਿਆਂਗਾ । ਮੈਂ ਕਿਹਾ ਅਗਰ ਤੂੰ ਇੱਥੇ ਵੀ ਨਾ ਬੋਲਿਆ ਤਾਂ ਮੈਂ ਤੇਰੇ ਘਰਦਿਆਂ ਨੂੰ ਉਹਨਾਂ ਤਾਂਤਰਿਕਾਂ ਦੇ ਪਤੇ ਦੱਸਾਂਗਾ ਜਿਹੜੇ ਗਰਮ ਚਿਮਟਿਆਂ ਅਤੇ ਸੰਗਲਾਂ ਨਾਲ ਬਕਾਉਂਦੇ ਨੇ ਇਹੋ ਜਿਹੇ ਮਰੀਜ਼ਾਂ ਨੂੰ !
ਆਖਿਰ #ਮੇਰਾ_ਜਾਦੂ_ਚੱਲ_ਗਿਆ !' ਉਹਨੇ ਬੋਲਕੇ ਦੱਸਿਆ ਕਿ 16 ਅਕਤੂਬਰ 2018 ਨੂੰ ਉਹਦੀ ਸ਼ਾਦੀ ਸੀ , ਪਰ 6 ਅਕਤੂਬਰ ਨੂੰ ਉਹ ਅਚਾਨਕ ਬੇਹੋਸ਼ ਹੋ ਗਿਆ ਅਤੇ ਉਹਨੂੰ ਹਸਪਤਾਲ ਲੈ ਗਏ , ਜਿੱਥੇ ਡਾਕਟਰਾਂ ਨੇ ਉਹਨੂੰ ਸੱਪ ਲੜਨ ਦੀ ਗੱਲ ਕਹੀ । ਮੈਂ ਉਹਨੂੰ ਸ਼ਾਦੀ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਕਿ ਉਹ ਉੱਥੇ ਸ਼ਾਦੀ ਨਹੀਂ ਕਰਵਾਉਣਾ ਚਾਹੁੰਦਾ । ਮੈਂ ਉਹਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਉਹਦਾ ਮਸਲਾ ਹੱਲ ਹੋ ਜਾਏਗਾ ,ਪਰ ਇੱਕ ਵਾਰ ਆਪਣੇ ਘਰਦਿਆਂ ਦੇ ਸਾਹਮਣੇ ਦੱਸ ਦੇਵੇ ਕਿ ਉਹ ਹੁਣ ਬੋਲ ਸਕਦਾ ਹੈ , ਪਰ ਉਹਨੇ ਇਹ ਕੰਮ ਅਗਲੇ ਦਿਨ 'ਤੇ ਟਾਲਣ ਲਈ ਕਿਹਾ ਅਤੇ ਮੇਰੇ ਨਾਲ ਰਾਤ ਨੂੰ ਫੋਨ ਰਾਹੀਂ ਗੱਲ ਕਰਨ ਦਾ ਵਾਅਦਾ ਕੀਤਾ । 
ਮੈਂ ਉਹਦੇ ਘਰਦਿਆਂ ਨੂੰ ਅੰਦਰ ਬੁਲਾਇਆ ਅਤੇ ਕਿਹਾ ਕਿ ਉਹ ਆਪਣੇ ਘਰ ਵਿੱਚ ਘੱਟੋਘੱਟ 90 ਦਿਨ ਕੋਈ ਸ਼ੁਭ ਕੰਮ ਨਾ ਕਰਨ । ਉਹਨਾਂ ਕਿਹਾ ਕਿ ਉਹ ਤਾਂ ਇਹਦੇ ਠੀਕ ਹੁੰਦੇ ਹੀ ਇਹਦੀ ਸ਼ਾਦੀ ਕਰਨਾ ਚਾਹੁੰਦੇ ਹਨ । ਮੈਂ ਉਹਨਾਂ ਨੂੰ ਸ਼ਾਦੀ ਰੱਦ ਕਰਨ ਲਈ ਮਨਾ ਲਿਆ । 
ਰਾਤ ਨੂੰ ਉਹਨੇ ਵਟਸਐਪ ਰਾਹੀਂ ਲਿਖਕੇ ਮੇਰੇ ਨਾਲ ਗੱਲ ਕਰਨੀ ਚਾਹੀ । ਮੈਂ ਉਹਨੂੰ ਲਿਖਿਆ ਕਿ ਮੇਰੇ ਨਾਲ ਫੋਨ ਉੱਪਰ ਬੋਲਕੇ ਗੱਲ ਕਰੇ ਤਾਂ ਉਹਦਾ ਉੱਤਰ ਸੀ ਕਿ ਕੱਲ੍ਹ ਮਿਲਕੇ ਕਰਾਂਗਾ । ਕੁਝ ਹੋਰ ਲਿਖਤੀ ਗੱਲਾਂ ਕਰਨ ਤੋਂ ਬਾਅਦ ਉਹਨੇ ਸਾਰੇ ਲਿਖਤੀ msg ਮਿਟਾ ਦਿੱਤੇ ।
ਅਗਲੇ ਦਿਨ ਮੇਰੀ ਹਦਾਇਤ ਅਨੁਸਾਰ ਦੁਬਾਰਾ ਉਹਦਾ ਛੋਟਾ ਭਰਾ ਅਤੇ ਉਹ ਦੋਂਵੇਂ ਮੋਟਰ ਸਾਈਕਲ ਰਾਹੀਂ ਆ ਗਏ । ਉਹਦੇ ਭਰਾ ਨੇ ਦੱਸਿਆ ਕਿ ਇਹਦਾ ਰਿਸ਼ਤਾ ਤੋੜ ਦਿੱਤਾ ਹੈ । ਇੰਨੇ ਨੂੰ ਉਹਦੀ ਭੂਆ ਵੀ ਆਪਣੇ ਪਿੰਡ ਤੋਂ ਆਪਣੇ ਪੁੱਤਰ ਨਾਲ ਭਤੀਜੇ ਦਾ ਪਤਾ ਲੈਣ ਮੇਰੇ ਕਲੀਨਿਕ ਪਹੁੰਚ ਗਈ । ਮੈਂ ਸਾਰਿਆਂ ਨੂੰ ਬਾਹਰ ਭੇਜਕੇ ਇਕੱਲੇ ਮਰੀਜ਼ ਨਾਲ ਗੱਲ ਕੀਤੀ ਤਾਂ ਉਹ ਹੁਣ ਵੀ ਘਰਦਿਆਂ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਸੀ , ਕਹਿੰਦਾ ਕੁਝ ਦਿਨ ਹੋਰ ਰਹਿਣ ਦਿਓ । ਮੈਂ ਉਹਨੂੰ ਧਮਕਾਇਆ ਕਿ ਸਾਰਾ ਖਾਨਦਾਨ ਉਹਦੇ ਕਾਰਣ ਪ੍ਰੇਸ਼ਾਨ ਹੋਇਆ ਫਿਰਦਾ ਹੈ ਅਤੇ ਬੇਮਤਲਬ ਖਰਚਾ ਕਰ ਰਹੇ ਹਨ , ਕੀ ਉਹ ਉਹਨਾਂ ਨੂੰ ਖੁਸ਼ੀ ਨਹੀਂ ਦੇਣਾ ਚਾਹੁੰਦਾ ? ਜਦੋਂ ਉਹਨੇ ਕੋਈ ਪੱਲਾ ਨਾ ਫੜਾਇਆ ਤਾਂ ਮੈਂ ਆਪਣਾ ਮੋਬਾਈਲ ਫੜਦੇ ਹੋਏ ਉਹਨੂੰ ਦੱਸਿਆ ਰਾਤ ਨੂੰ ਵੱਟਸੈਪ ਰਾਹੀਂ ਹੋਈ ਸਾਰੀ ਗੱਲਬਾਤ ਨੂੰ ਸਾਫ ਕਰਕੇ ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਨਾ ਸਮਝੇ । ਮੈਂ ਰਾਤ ਹੋਈ ਗੱਲਬਾਤ ਦੇ ਸਕਰੀਨ ਸ਼ੌਟ ਵਿਖਾਏ ਤਾਂ ਉਹ ਘਬਰਾਹ ਗਿਆ । 
ਉਹਨੇ ਰੋਂਦੇ ਹੋਏ ਨੇ ਮੇਰੇ ਕੋਲੋਂ ਇੱਕ ਦੋ ਗੱਲਾਂ ਹੋਰ ਮਨਵਾ ਲਈਆਂ ਜੋ ਕੋਈ ਖਾਸ ਨਹੀਂ ਸਨ । ਅਖੀਰ ਮੈਂ ਬਾਹਰ ਬੈਠੇ ਉਹਦੇ ਰਿਸ਼ਤੇਦਾਰਾਂ ਨੂੰ ਅੰਦਰ ਬੁਲਾਇਆ ਅਤੇ ਪੁੱਛਿਆ ਕਿ ਸਭ ਤੋਂ ਪਹਿਲਾਂ ਕਿਹਦੇ ਨਾਲ ਗੱਲ ਕਰਨੀ ਚਾਹੇਂਗਾ ਤਾਂ ਉਹਦੀ ਭੁਆ ਜੋ ਪਹਿਲਾਂ ਵੀ ਬੜੇ ਤਰਲੇ ਕਰਕੇ ਗਈ ਸੀ ਹੱਥ ਜੋੜਕੇ ਕਹਿੰਦੀ ,' ਬੱਸ ਇੱਕ ਵਾਰ ਭੂਆ ਅਖਵਾ ਦਿਓ !' ਮੈਂ ਉਹਨੂੰ ਕਿਹਾ ਕਿ ਇਹ ਬੋਲਕੇ ਦੱਸ ਦੇਵੇ ,' ਭੂਆ ਮੈਂ ਬੋਲ ਸਕਦਾ ਹਾਂ !'
ਉਹਦੇ ਮੂੰਹ 'ਚੋਂ 'ਭੂਆ' ਸ਼ਬਦ ਨਿਕਲਦਿਆਂ ਹੀ ਭੂਆ ਨੂੰ ਚਾਅ ਚੜ੍ਹ ਗਿਆ ਅਤੇ ਉਹਨੇ ਆਪਣੇ ਮੁੰਡੇ ਨੂੰ ਭੇਜ ਕੇ ਉਸੇ ਵੇਲੇ ਬਰਫੀ ਮੰਗਵਾਕੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ !
ਹੁਣ ਘਰਦਿਆਂ ਨੂੰ ਇੱਥੇ ਵਹਿਮ ਹੋ ਗਿਆ ਕਿ ਵੇਖੋ ਰਿਸ਼ਤਾ ਕਿੰਨਾਂ ਭਾਰਾ ਸੀ ਕੱਲ੍ਹ ਹੀ ਰਿਸ਼ਤਾ ਤੋੜਿਆ ਅਤੇ ਅੱਜ ਮੁੰਡਾ ਬੋਲਣ ਲੱਗ ਪਿਆ ! ਮਰੀਜ਼ ਦਾ ਇਹ ਰਿਸ਼ਤਾ ਠੁਕਰਾਉਣ ਪਿੱਛੇ ਕੋਈ ਵੱਡਾ ਕਾਰਨ ਵੀ ਨਹੀਂ ਸੀ, ਇਸ ਕਰਕੇ ਕੋਸ਼ਿਸ਼ ਕਰ ਰਿਹਾ ਹਾਂ ਕਿ ਉਸ ਲੜਕੇ ਦਾ ਸਾਰਾ ਮਸਲਾ ਹੱਲ ਕਰਕੇ ਦੁਬਾਰਾ ਇਸੇ ਰਿਸ਼ਤੇ ਨੂੰ ਸਿਰੇ ਚੜ੍ਹਾਕੇ ਇਸ ਵਹਿਮ ਨੂੰ ਖਤਮ ਕਰ ਸਕਾਂ !
ਇਸੇ ਕੇਸ ਕਾਰਨ ਹੀ ਦੋਸਤ Tarsem Singh ਨੂੰ ਮੇਰੇ ਨਾਲ ਮੁਲਾਕਾਤ ਲਈ ਇੰਤਜ਼ਾਰ ਕਰਨਾ ਪਿਆ , ਪਰ ਕੇਸ ਹੱਲ ਹੁੰਦਾ ਅੱਖੀਂ ਵੇਖ ਲਿਆ !

 
 
 
 
No comments:
Post a Comment